ਜੰਮੂ ਤੋਂ 5,461 ਤੀਰਥ ਯਾਤਰੀਆਂ ਦਾ 16ਵਾਂ ਜੱਥਾ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਰਵਾਨਾ

07/15/2022 2:18:18 PM

ਜੰਮੂ (ਭਾਸ਼ਾ)- ਸਖ਼ਤ ਸੁਰੱਖਿਆ ਦਰਮਿਆਨ 5,461 ਤੀਰਥ ਯਾਤਰੀਆਂ ਦਾ 16ਵਾਂ ਜੱਥਾ ਦੱਖਣੀ ਕਸ਼ਮੀਰ 'ਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਸ਼ੁੱਕਰਵਾਰ ਸਵੇਰੇ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਅਮਰਨਾਥ ਗੁਫ਼ਾ ਕੋਲ 8 ਜੁਲਾਈ ਨੂੰ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਕਾਰਨ ਯਾਤਰਾ ਐਤਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ। ਦੱਖਣੀ ਕਸ਼ਮੀਰ ਦੇ ਪਹਿਲਗਾਮ ਨਚ ਰਵਾਇਤੀ 48 ਕਿਲੋਮੀਟਰ ਲੰਬੇ ਨੁਨਵਾਨ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦਰਬਲ 'ਚ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ 30 ਜੂਨ ਨੂੰ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ : ਉੱਤਰਾਖੰਡ : ਚਾਰ ਧਾਮ ਯਾਤਰਾ ਦੌਰਾਨ ਢਾਈ ਮਹੀਨਿਆਂ 'ਚ 216 ਤੀਰਥ ਯਾਤਰੀਆਂ ਦੀ ਹੋਈ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਸਖ਼ਤ ਸੁਰੱਖਿਆ ਦਰਮਿਆਨ 220 ਵਾਹਨਾਂ 'ਚ ਕੁੱਲ 5,461 ਤੀਰਥ ਯਾਤਰੀ ਇੱਥੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ ਬਾਲਟਾਲ ਆਧਾਰ ਕੰਪਲੈਕਸ ਲਈ ਜਾਣ ਵਾਲੇ 1,975 ਤੀਰਥ ਯਾਤਰੀ 86 ਵਾਹਨਾਂ 'ਚ ਤੜਕੇ 3.30 ਵਜੇ ਸਭ ਤੋਂ ਪਹਿਲਾਂ ਰਵਾਨਾ ਹੋਏ। ਇਸ ਤੋਂ ਬਾਅਦ ਕਸ਼ਮੀਰ 'ਚ ਪਹਿਲਗਾਮ ਕੰਪਲੈਕਸ ਲਈ 3,486 ਤੀਰਥ ਯਾਤਰੀਆਂ ਨੂੰ ਲੈ ਕੇ 134 ਵਾਹਨਾਂ ਦਾ ਦੂਜਾ ਕਾਫ਼ਲਾ ਸਵੇਰੇ 4.25 ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1.52 ਲੱਖ ਤੋਂ ਵੱਧ ਤੀਰਥ ਯਾਤਰੀ ਪਵਿੱਤਰ ਗੁਫ਼ਾ 'ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁਕੇ ਹਨ। ਅਮਰਨਾਥ ਯਾਤਰਾ 11 ਅਗਸਤ ਰੱਖੜੀ ਮੌਕੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਸ਼ਮੀਰ 'ਚ ਨੁਨਵਾਨ-ਚੰਦਨਵਾੜੀ ਮਾਰਗ 'ਤੇ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ 5 ਤੀਰਥ ਯਾਤਰੀਆਂ ਦੀ ਮੌਤ ਹੋ ਗਈ। ਉੱਥੇ ਹੀ ਖੱਡ 'ਚ ਡਿੱਗਣ ਨਾਲ 2 ਕੁਲੀਆਂ ਦੀ ਜਾਨ ਚੱਲੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News