ਵੰਦੇ ਭਾਰਤ ਮਿਸ਼ਨ-2 : ਅਮਰੀਕਾ ਤੋਂ 168 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ
Sunday, May 17, 2020 - 03:34 PM (IST)
ਹੈਦਰਾਬਾਦ (ਭਾਸ਼ਾ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ 'ਵੰਦੇ ਭਾਰਤ ਮਿਸ਼ਨ-2' ਤਹਿਤ ਏਅਰ ਇੰਡੀਆ ਦੇ ਜਹਾਜ਼ ਤੋਂ ਅਮਰੀਕਾ ਦੇ ਸ਼ਿਕਾਗੋ ਤੋਂ 168 ਭਾਰਤੀ ਨਾਗਰਿਕ ਐਤਵਾਰ ਨੂੰ ਇੱਥੇ ਪੁੱਜੇ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਏ.ਆਈ126 ਜਹਾਜ਼ ਦਿੱਲੀ ਹੁੰਦਾ ਹੋਇਆ ਸਵੇਰੇ 4.45 ਵਜੇ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਪੁੱਜਾ। ਉਨ੍ਹਾਂ ਦੱਸਿਆ ਕਿ ਇੱਥੇ ਪਹੁੰਚਣ ਵਾਲੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤੇ ਗਏ ਮਾਰਗ ਤੋਂ ਹਵਾਈ ਅੱਡੇ ਤਕ ਲਿਆਂਦਾ ਗਿਆ।
ਸੂਤਰਾਂ ਨੇ ਦੱਸਿਆ ਨੇ ਸ਼ਹਿਰ ਵਿਚ ਆਉਣ ਵਾਲੀ ਇਹ ਅਜਿਹੀ 9ਵੀਂ ਉਡਾਣ ਹੈ। ਏਅਰੋ ਬ੍ਰਿਜ ਤੋਂ ਲੈ ਕੇ ਟਰਮੀਨਲ ਤੱਕ ਯਾਤਰੀਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਵਾਇਆ ਜਾ ਰਿਹਾ ਹੈ। ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ 20-25 ਦੇ ਸਮੂਹ ਵਿਚ ਜਹਾਜ਼ 'ਚੋਂ ਕੱਢਿਆ ਜਾਂਦਾ ਹੈ। ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਵਾਈ ਅੱਡੇ ਦੇ ਸਿਹਤ ਅਧਿਕਾਰੀਆਂ ਦੀ ਨਿਗਰਾਨੀ 'ਚ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਇੱਥੋਂ ਉਡਾਣ ਦਿੱਲੀ ਲਈ ਵੀ ਗਈ ਹੈ, ਜਿਸ ਵਿਚ ਵਿਦੇਸ਼ ਲਈ 68 ਯਾਤਰੀ ਸਵਾਰ ਹਨ।