ਇਕੋ ਦਿਨ ''ਚ 15,000 ਚਲਾਨ ! ਰਾਜਸਥਾਨ ਪੁਲਸ ਨੇ ਮੈਗਾ ਨਾਕਾਬੰਦੀ ਲਾ ਕਰ''ਤੀ ਵੱਡੀ ਕਾਰਵਾਈ
Tuesday, Jun 02, 2026 - 05:32 PM (IST)
ਨੈਸ਼ਨਲ ਡੈਸਕ- ਰਾਜਸਥਾਨ 'ਚ ਅਪਰਾਧ 'ਤੇ ਨਕੇਲ ਪਾਉਣ, ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪੁਲਸ ਨੇ ਸੂਬੇ ਭਰ ਵਿੱਚ ਇੱਕ ਵੱਡੀ 'ਮੈਗਾ ਨਾਕਾਬੰਦੀ' ਮੁਹਿੰਮ ਚਲਾਈ। DGP ਰਾਜੀਵ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਇਸ ਮੁਹਿੰਮ ਤਹਿਤ ਇੱਕੋ ਦਿਨ ਵਿੱਚ 15,000 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਵਧੀਕ DGP (ਕਾਨੂੰਨ ਅਤੇ ਵਿਵਸਥਾ) ਵੀ.ਕੇ. ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ ਦੇ ਸਾਰੇ ਪੁਲਸ ਰੇਂਜਾਂ ਅਤੇ ਕਮਿਸ਼ਨਰੇਟ ਖੇਤਰਾਂ ਵਿੱਚ ਕੁੱਲ 1,103 ਵਿਸ਼ੇਸ਼ ਨਾਕਾਬੰਦੀ ਪੁਆਇੰਟ ਸਥਾਪਤ ਕੀਤੇ ਗਏ ਸਨ। ਇਸ ਵੱਡੀ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਕੁੱਲ 74,872 ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ, ਜਿਨ੍ਹਾਂ ਵਿੱਚ 39,984 ਦੋਪਹੀਆ ਅਤੇ 34,888 ਚੌਪਹੀਆ ਵਾਹਨ ਸ਼ਾਮਲ ਸਨ।
ਇਸ ਨਾਕਾਬੰਦੀ ਦੌਰਾਨ ਪੁਲਸ ਵੱਲੋਂ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 226 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕੁੱਲ 15,083 ਚਲਾਨ ਕੱਟੇ ਗਏ। ਚਲਾਨਾਂ ਵਿੱਚ ਸਭ ਤੋਂ ਵੱਧ ਬਿਨਾਂ ਹੈਲਮੇਟ ਦੇ (3234), ਸੀਟ ਬੈਲਟ ਨਾ ਲਗਾਉਣ (1648) ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਕਰਨ ਵਾਲੇ (184) ਵਾਹਨ ਚਾਲਕ ਸ਼ਾਮਲ ਸਨ।
ਇਸ ਨਾਕਾਬੰਦੀ ਦੌਰਾਨ 11 ਵਾਹਨ ਜ਼ਬਤ ਕੀਤੇ ਗਏ ਅਤੇ ਵੱਖ-ਵੱਖ ਕਾਨੂੰਨਾਂ ਤਹਿਤ 73 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਆਰਮਜ਼ ਐਕਟ ਦੇ 4, ਆਬਕਾਰੀ (ਸ਼ਰਾਬ ਤਸਕਰੀ) ਦੇ 30 ਅਤੇ ਐੱਨ.ਡੀ.ਪੀ.ਐੱਸ. (ਨਸ਼ਾ ਤਸਕਰੀ) ਦੇ 2 ਮਾਮਲੇ ਸ਼ਾਮਲ ਹਨ। ਇਕੱਲੇ ਜੈਪੁਰ ਪੁਲਸ ਰੇਂਜ ਵਿੱਚ ਕਾਰਵਾਈ ਦੌਰਾਨ 5 ਵਾਹਨਾਂ ਸਮੇਤ 25.50 ਲੱਖ ਰੁਪਏ ਦੀ ਸ਼ੱਕੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
