ਭਿਵਾਨੀ ਨੇੜੇ ਪੰਜਾਬ ਨੈਸ਼ਨਲ ਬੈਂਕ ’ਚੋਂ 15 ਲੱਖ ਰੁਪਏ ਦੀ ਲੁੱਟ

Friday, Feb 07, 2020 - 11:38 AM (IST)

ਭਿਵਾਨੀ ਨੇੜੇ ਪੰਜਾਬ ਨੈਸ਼ਨਲ ਬੈਂਕ ’ਚੋਂ 15 ਲੱਖ ਰੁਪਏ ਦੀ ਲੁੱਟ

ਭਿਵਾਨੀ–ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਚਾਂਗ ਪਿੰਡ ’ਚ 5 ਨਕਾਬਪੋਸ਼ ਬਦਮਾਸ਼ਾਂ ਨੇ ਵੀਰਵਾਰ ਸਵੇਰੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ 'ਚੋਂ ਦਿਨ-ਦਿਹਾੜੇ 15 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਬੈਂਕ ਦੇ ਮੈਨੇਜਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ 5 ਬਦਮਾਸ਼ 11.30 ਵਜੇ ਦੇ ਲਗਭਗ ਬੈਂਕ ਅੰਦਰ ਦਾਖਲ ਹੋਏ ਅਤੇ ਕੈਸ਼ੀਅਰ ਨੂੰ ਬੰਦੂਕ ਦਿਖਾ ਕੇ ਉਕਤ ਰਕਮ ਲੁੱਟ ਕੇ ਲੈ ਗਏ। ਬੈਂਕ ਦਾ ਸੁਰੱਖਿਆ ਮੁਲਾਜ਼ਮ ਜਦੋਂ ਬਦਮਾਸ਼ਾਂ ਵਲ ਵਧਿਆ ਤਾਂ ਇਕ ਬਦਮਾਸ਼ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੈਰ ਕੋਲੋਂ ਨਿਕਲ ਗਈ।

ਘਟਨਾ ਦੇ ਤੁਰੰਤ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਬੈਂਕ 'ਚੋਂ ਪੈਸੇ ਕਢਵਾਉਣ ਆਈ ਇਕ ਔਰਤ ਰਾਮਕਲੀ ਨੇ ਦੱਸਿਆ ਕਿ ਬੈਂਕ ਦੇ ਬਾਹਰ ਖੜ੍ਹੇ ਬਦਮਾਸ਼ਾਂ ਨੇ ਮੇਰੇ ਕੋਲੋਂ ਵੀ ਕੁਝ ਰੁਪਏ ਖੋਹ ਲਏ। ਪੁਲਸ ਨੇ ਸਾਰੇ ਖੇਤਰ ਦੀ ਨਾਕਾਬੰਦੀ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ।


author

Iqbalkaur

Content Editor

Related News