ਅਹਿਮਦਾਬਾਦ : ਭਗਵਾਨ ਜਗਨਨਾਥ ਦੀ ਰਥ ਯਾਤਰਾ ਸ਼ੁਰੂ, CM ਪਟੇਲ ਨੇ ਝਾੜੂ ਨਾਲ ਸੜਕ ਕੀਤੀ ਸਾਫ਼
Friday, Jul 01, 2022 - 10:23 AM (IST)
ਅਹਿਮਦਾਬਾਦ (ਭਾਸ਼ਾ)- ਭਗਵਾਨ ਜਗਨਨਾਥ ਦੀ 145ਵੀਂ ਰਥ ਯਾਤਰਾ ਅਹਿਮਦਾਬਾਦ 'ਚ ਸ਼ੁੱਕਰਵਾਰ ਸਵੇਰੇ ਸਖ਼ਤ ਸੁਰੱਖਿਆ ਦਰਮਿਆਨ ਸ਼ੁਰੂ ਹੋ ਗਈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸਵੇਰੇ 'ਪਹਿੰਦ ਵਿਧੀ' ਰਸਮ ਅਦਾ ਕੀਤੀ, ਜਿਸ 'ਚ ਰਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਸੁਨਹਿਰੀ ਝਾੜੂ ਦਾ ਉਪਯੋਗ ਕਰ ਕੇ ਰਥਾਂ ਦਾ ਰਸਤਾ ਸਾਫ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਭਗਵਾਨ ਜਗਨਨਾਥ, ਉਨ੍ਹਾਂ ਦੇ ਭਰਾ ਬਲਭਦਰ ਅਤੇ ਭੈਣ ਸੁਭਦਰਾ ਦੇ ਰਥ ਜਮਾਲਪੁਰ ਖੇਤਰ ਦੇ 400 ਸਾਲ ਪੁਰਾਣੇ ਜਗਨਨਾਥ ਮੰਦਰ ਤੋਂ ਸਾਲਾਨਾ ਯਾਤਰਾ ਲਈ ਨਿਕਲੇ। ਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੜਕੇ ਮੰਦਰ 'ਚ 'ਮੰਗਲ ਆਰਤੀ' ਕੀਤੀ ਸੀ।
ਇਸ ਸਾਲ ਦੀ ਰਥ ਯਾਤਰਾ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਹੈ, ਕਿਉਂਕਿ ਸ਼ਹਿਰ 'ਚ 2 ਸਾਲ ਦੇ ਅੰਤਰਾਲ ਤੋਂ ਬਾਅਦ ਸ਼ਾਨਦਾਰ ਪੱਧਰ 'ਤੇ ਰਥ ਯਾਤਰਾ ਕੱਢੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ 2020 ਅਤੇ 2021 'ਚ ਇਕ ਧਾਰਮਿਕ ਆਯੋਜਨ ਸੀਮਿਤ ਤੌਰ 'ਤੇ ਹੋਇਆ ਸੀ। ਜਮਾਲਪੁਰ, ਕਾਲੂਪੁਰ, ਸ਼ਾਹਪੁਰ ਅਤੇ ਦਰਿਆਪੁਰ ਵਰਗੇ ਕੁਝ ਫਿਰਕੂ ਰੂਪ ਨਾਲ ਸੰਵੇਦਨਸ਼ੀਲ ਖੇਤਰਾਂ ਸਮੇਤ ਪੁਰਾਣੇ ਸ਼ਹਿਰ 'ਚ 18 ਕਿਲੋਮੀਟਰ ਲੰਬੇ ਮਾਰਗ ਤੋਂ ਲੰਘਣ ਤੋਂ ਬਾਅਦ ਰਥ ਰਾਤ ਕਰੀਬ 8.30 ਵਜੇ ਮੰਦਰ ਪਰਤਣਗੇ। ਅਧਿਕਾਰੀਆਂ ਨੇ ਦੱਸਿਆ ਕਿ ਰਥ ਯਾਤਰਾ ਦੀ ਸੁਰੱਖਿਆ ਲਈ ਨਿਯਮਿਤ ਪੁਲਸ, ਰਿਜ਼ਰਵ ਪੁਲਸ ਅਤੇ ਕੇਂਦਰੀ ਹਥਿਆਰਬੰਦ ਪੁਲਸ ਦੇ ਘੱਟੋ-ਘੱਟ 25 ਹਜ਼ਾਰ ਪੁਰਸ਼ ਅਤੇ ਮਹਿਲਾ ਕਰਮੀਆਂ ਨੂੰ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ।