ਮਹਾਰਾਸ਼ਟਰ ''ਚ 134 ਨਵੇਂ ਕੋਰੋਨਾ ਪਾਜ਼ੀਟਿਵ ਕੇਸ, ਪੀੜਤਾਂ ਦੀ ਗਿਣਤੀ 1800 ਤੋਂ ਪਾਰ
Sunday, Apr 12, 2020 - 03:21 PM (IST)

ਮੁੰਬਈ— ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਭਰ 'ਚ ਇਸ ਜਾਨਲੇਵਾ ਵਾਇਰਸ ਦੀ ਸਭ ਤੋਂ ਵਧ ਮਾਰ ਝੱਲ ਰਹੇ ਮਹਾਰਾਸ਼ਟਰ 'ਚ ਅੱਜ 134 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਵਿਚੋਂ 113 ਕੇਸ ਇਕੱਲੇ ਮੁੰਬਈ ਤੋਂ ਹੀ ਹਨ। ਇਸ ਦੇ ਨਾਲ ਹੀ ਇੱਥੇ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 1,895 ਹੋ ਗਈ ਹੈ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 127 ਪਹੁੰਚ ਗਈ ਹੈ।
ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ 134 ਨਵੇਂ ਕੋਰੋਨਾ ਵਾਇਰਸ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਵਿਚੋਂ ਮੁੰਬਈ 'ਚ ਸਭ ਤੋਂ ਵਧੇਰੇ 113 ਕੇਸ, ਪੁਣੇ 'ਚ 4, ਠਾਣੇ ਜ਼ਿਲੇ ਦੇ ਮੀਰਾ ਭਾਯੰਦਰ ਇਲਾਕੇ ਤੋਂ 7 ਕੇਸ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਮੁੰਬਈ, ਵਸਈ-ਵਿਰਾਰ 'ਚ 2-2 ਕੇਸ ਮਿਲੇ ਹਨ। ਉੱਥੇ ਹੀ ਆਮਰਾਵਤੀ, ਭਿਵੰਡੀ, ਪਿੰਪਰੀ-ਚਿੰਚਵਾੜ 'ਚ 1-1 ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : 'ਕੋਰੋਨਾ' ਦੇ ਖਤਰੇ ਦਰਮਿਆਨ ਰਾਹਤ ਦੀ ਖ਼ਬਰ, 715 ਮਰੀਜ਼ ਹੋਏ ਠੀਕ
ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਲਾਕਡਾਊਨ ਨੂੰ 30 ਅਪ੍ਰੈਲ ਤਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਯੋਜਨਾ ਦਾ ਮੋਟੇ ਤੌਰ 'ਤੇ ਖਾਕਾ ਰੱਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਖੇਤਰਾਂ ਵਿਚ ਲਾਕਡਾਊਨ 'ਚ ਢਿੱਲ ਦਿੱਤੀ ਜਾ ਸਕਦੀ ਹੈ, ਜਦਕਿ ਕੁਝ ਖੇਤਰਾਂ 'ਚ ਉਸ ਨੂੰ ਹੋਰ ਵੀ ਸਖਤ ਕੀਤਾ ਜਾਵੇਗਾ। ਮਹਾਰਾਸ਼ਟਰ ਤੋਂ ਪਹਿਲਾਂ ਓਡੀਸ਼ਾ ਅਤੇ ਪੰਜਾਬ ਲਾਕਡਾਊਨ ਦਾ ਐਲਾਨ ਕਰ ਚੁੱਕੇ ਹਨ।