ਇਮਾਰਤ ''ਚ ਲੱਗੀ ਭਿਆਨਕ ਅੱਗ, 90 ਲੋਕਾਂ ਦੀ ਮੁਸ਼ਕਲ ਨਾਲ ਬਚਾਈ ਜਾਨ

Saturday, Sep 14, 2024 - 10:12 AM (IST)

ਇਮਾਰਤ ''ਚ ਲੱਗੀ ਭਿਆਨਕ ਅੱਗ, 90 ਲੋਕਾਂ ਦੀ ਮੁਸ਼ਕਲ ਨਾਲ ਬਚਾਈ ਜਾਨ

ਮੁੰਬਈ- ਮੁੰਬਈ ਦੇ ਘਾਟਕੋਪਰ ਖੇਤਰ 'ਚ ਸ਼ਨੀਵਾਰ ਨੂੰ ਇਕ ਇਮਾਰਤ 'ਚ ਅੱਗ ਲੱਗਣ ਕਾਰਨ 13 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਫਾਇਰ ਬ੍ਰਿਗੇਡ ਮੁਤਾਬਕ ਰਾਮਾਬਾਈ ਅੰਬੇਡਕਰ ਮਗਾਸਵਰਗੀਆ ਹਾਊਸਿੰਗ ਸੋਸਾਇਟੀ, ਰਾਮਾਈ ਨਿਵਾਸ, ਰਮਾਬਾਈ ਅੰਬੇਡਕਰ ਨਗਰ, ਘਾਟਕੋਪਰ ਈਸਟ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪੌੜੀਆਂ ਰਾਹੀਂ 90 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੰਬਈ ਫਾਇਰ ਬ੍ਰਿਗੇਡ ਨੇ ਕਿਹਾ ਕਿ 90 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅੱਗ ਦੀ ਘਟਨਾ ਵਿਚ 13 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦਮ ਘੁੱਟਣ ਕਾਰਨ ਕੁੱਲ 13 ਵਿਅਕਤੀਆਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਹਰਸ਼ਾ ਅਨਿਲ ਭੀਸੇ, ਸਵੀਟੀ ਸੰਦੀਪ ਕਦਮ, ਜਾਨਵੀ ਮਿਲਿੰਦ ਰਾਏਗਾਂਵਕਰ, ਪ੍ਰਿਯੰਕਾ ਕਾਲੇ, ਜਾਸਿਮ ਸਲੀਮ ਸੱਯਦ, ਜੋਤੀ ਮਿਲਿੰਦ ਰਾਏਗਾਂਵਕਰ, ਫਿਰੋਜ਼ਾ ਇਕਬਾਲ ਸ਼ੇਖ, ਲਕਸ਼ਮੀ ਲਕਸ਼ਮਣ ਕਦਮ, ਲਕਸ਼ਮਣ ਰਾਮਭਾਊ ਕਦਮ, ਮਾਨਸੀ ਸ਼੍ਰੀਵਾਸਤਵ, ਅਕਸ਼ਰਾ ਸਚਿਨ ਸ਼ਾਹ ਦਾਤੇ ਅਤੇ ਅਮੀਰ ਇਕਬਾਲ ਖਾਨ ਵਜੋਂ ਹੋਈ ਹੈ।

ਸਾਰੇ ਜ਼ਖਮੀਆਂ ਨੂੰ ਰਾਜਾਵਾੜੀ ਮੁਨ ਹਸਪਤਾਲ ਦੇ ਡਾਕਟਰ ਮੈਤਰੀ ਦੇ ਕੈਜ਼ੂਅਲਟੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।


author

Tanu

Content Editor

Related News