13,000 ਕਾਮਿਆਂ ਨੂੰ ਮਿਲੇਗਾ ਪੁਰਾਣੀ ਪੈਨਸ਼ਲ ਯੋਜਨਾ ਦਾ ਲਾਭ, CM ਨੇ ਕੀਤਾ ਐਲਾਨ
Thursday, Jan 25, 2024 - 11:07 AM (IST)
ਬੈਂਗਲੁਰੂ- ਕਰਨਾਟਕ ਸਰਕਾਰ ਨੇ ਆਪਣੇ ਅਜਿਹੇ 13,000 ਕਾਮਿਆਂ ਨੂੰ ਪੁਰਾਣੀ ਪੈਨਸ਼ਨ ਯੋਜਨਾ (OPS) ਅਧੀਨ ਲਿਆਉਣ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ, ਜਿਨ੍ਹਾਂ ਨੂੰ 1 ਅਪ੍ਰੈਲ 2006 ਤੋਂ ਪਹਿਲਾਂ ਨੋਟੀਫਾਈਡ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਨਿਯੁਕਤੀ ਬਾਅਦ ਵਿਚ ਹੋਈ ਸੀ।
ਮੁੱਖ ਮੰਤਰੀ ਸਿੱਧਰਮਈਆ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਨਵੀਂ ਪੈਨਸ਼ਨ ਯੋਜਨਾ ਖ਼ਿਲਾਫ਼ ਹੜਤਾਲ 'ਤੇ ਬੈਠੇ ਸਰਕਾਰੀ ਕਾਮਿਆਂ ਤੋਂ ਇਹ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੈਂ ਉਸ ਥਾਂ ਦਾ ਦੌਰਾ ਕੀਤਾ ਸੀ, ਜਿੱਥੇ ਕਾਮੇ ਨਵੀਂ ਪੈਨਸ਼ਨ ਯੋਜਨਾ ਖਿਲਾਫ਼ ਹੜਤਾਲ 'ਤੇ ਸਨ। ਉੱਥੇ ਮੈਂ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਮਗਰੋਂ ਮੰਗ ਨੂੰ ਪੂਰਾ ਕੀਤਾ ਜਾਵੇਗਾ। ਮੈਨੂੰ ਉਮੀਦ ਹੈ ਕਿ ਇਸ ਫ਼ੈਸਲੇ ਤੋਂ 13,000 ਕਾਮਿਆਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ।