ਭਾਰਤ ''ਚ 125 ਪਿੰਡ ਜਿੱਥੇ ਨਹੀਂ ਮਨਾਈ ਜਾਂਦੀ ਹੋਲੀ, ਵਜ੍ਹਾ ਕਰੇਗੀ ਹੈਰਾਨ
Thursday, Mar 13, 2025 - 12:20 PM (IST)

ਨੈਸ਼ਨਲ ਡੈਸਕ- ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਕੁਝ ਅਜਿਹੇ ਪਿੰਡ ਹਨ, ਜਿੱਥੇ ਲੋਕ ਰੰਗਾਂ ਤੋਂ ਦੂਰ ਰਹਿੰਦੇ ਹਨ ਮਤਲਬ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ। ਦਰਅਸਲ ਉੱਤਰਾਖੰਡ ਦੇ 125 ਪਿੰਡਾਂ ਵਿਚ ਲੋਕ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ। ਇਸ ਦਾ ਕਾਰਨ ਅਜੀਬ ਅਤੇ ਹੈਰਾਨ ਕਰਨ ਵਾਲਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਮੰਨਦੇ ਹਨ ਕਿ ਹੋਲੀ ਖੇਡਣ ਨਾਲ ਉਨ੍ਹਾਂ ਉੱਪਰ ਕੁਦਰਤੀ ਆਫ਼ਤ ਆ ਸਕਦੀ ਹੈ ਅਤੇ ਉਨ੍ਹਾਂ ਦੇ ਕੁੱਲ ਦੇਵਤਾ ਨਾਰਾਜ਼ ਹੋ ਸਕਦੇ ਹਨ।
ਕੁਮਾਉਂ ਦੇ ਉੱਤਰੀ ਖੇਤਰ 'ਚ ਨਹੀਂ ਮਨਾਈ ਜਾਂਦੀ ਹੋਲੀ
ਉੱਤਰਾਖੰਡ ਦੇ ਕੁਮਾਉਂ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੋਲੀ ਦਾ ਤਿਉਹਾਰ ਦੇਸ਼ ਦੇ ਹੋਰ ਹਿੱਸਿਆਂ ਵਾਂਗ ਮਨਾਇਆ ਜਾਂਦਾ ਹੈ, ਇਸ ਦੇ ਅੰਦਰੂਨੀ ਉੱਤਰੀ ਹਿੱਸੇ ਦੇ 125 ਤੋਂ ਵੱਧ ਪਿੰਡਾਂ ਦੇ ਲੋਕ ਪਰਿਵਾਰਕ ਦੇਵੀ-ਦੇਵਤਿਆਂ ਦੀ ਕਰੋਪੀ ਦੇ ਡਰ ਕਾਰਨ ਰੰਗਾਂ ਦੇ ਇਸ ਤਿਉਹਾਰ ਦੇ ਮੌਜ-ਮਸਤੀ ਤੋਂ ਦੂਰ ਰਹਿੰਦੇ ਹਨ। ਮੁਨਸਿਆਰੀ ਕਸਬੇ ਦੇ ਵਾਸੀ ਪੁਰਾਣਿਕ ਪਾਂਡੇ ਨੇ ਦੱਸਿਆ ਕਿ ਪਿਥੌਰਾਗੜ੍ਹ ਜ਼ਿਲ੍ਹੇ ਦੇ ਟੱਲਾ ਦਰਮਾ, ਟੱਲਾ ਜੋਹਾਰ ਖੇਤਰ ਅਤੇ ਬਾਗੇਸ਼ਵਰ ਜ਼ਿਲ੍ਹੇ ਦੇ ਮੱਲਾ ਦਾਨਪੁਰ ਖੇਤਰ ਦੇ ਲੋਕ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ। ਜਦੋਂ ਉਹ ਰੰਗਾਂ ਨਾਲ ਖੇਡਦੇ ਹਨ ਤਾਂ ਉਨ੍ਹਾਂ ਦੇ ਕੁੱਲ ਦੇਵਤੇ ਗੁੱਸੇ ਹੋ ਜਾਂਦੇ ਹਨ।
ਕੁੱਲ ਦੇਵਤਿਆਂ ਦੇ ਕਰੋਧ ਦਾ ਡਰ
ਬਾਗੇਸ਼ਵਰ ਦੇ ਸਾਮਾ ਇਲਾਕੇ ਦੇ ਵਸਨੀਕ ਦਾਨ ਸਿੰਘ ਕੋਰੰਗਾ ਨੇ ਦੱਸਿਆ ਕਿ ਸਾਮਾ ਖੇਤਰ ਦੇ ਇਕ ਦਰਜਨ ਤੋਂ ਵੱਧ ਪਿੰਡਾਂ 'ਚ ਇਹ ਧਾਰਨਾ ਹੈ ਕਿ ਜੇਕਰ ਪਿੰਡ ਵਾਸੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਿਕ ਦੇਵਤੇ ਕੁਦਰਤੀ ਆਫ਼ਤਾਂ ਦੇ ਰੂਪ 'ਚ ਉਨ੍ਹਾਂ ਨੂੰ ਸਜ਼ਾ ਦਿੰਦੇ ਹਨ। ਇਸ ਕਾਰਨ ਲੋਕ ਇਸ ਤਿਉਹਾਰ ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਰੁਦਰਪ੍ਰਯਾਗ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਲੋਕ ਵੀ ਆਪਣੀ ਪਰਿਵਾਰਕ ਦੇਵੀ ਤ੍ਰਿਪੁਰਾ ਸੁੰਦਰੀ ਦੇ ਗੁੱਸੇ ਦੇ ਡਰ ਕਾਰਨ ਹੋਲੀ ਨਹੀਂ ਮਨਾਉਂਦੇ। ਇਨ੍ਹਾਂ ਪਿੰਡਾਂ 'ਚ ਪਿਛਲੇ 150 ਸਾਲਾਂ ਤੋਂ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ ਹੈ।
ਕੁਮਾਉਂ ਖੇਤਰ 'ਚ ਹੋਲੀ ਦਾ ਇਤਿਹਾਸ
ਕੁਮਾਉਂ ਖੇਤਰ ਦੇ ਸੱਭਿਆਚਾਰਕ ਇਤਿਹਾਸਕਾਰ ਪਦਮ ਦੱਤ ਪੰਤ ਨੇ ਕਿਹਾ ਕਿ ਕੁਮਾਉਂ ਖੇਤਰ 'ਚ ਹੋਲੀ ਦੀ ਸ਼ੁਰੂਆਤ 14ਵੀਂ ਸਦੀ ਵਿੱਚ ਚੰਪਾਵਤ ਦੇ ਚੰਦ ਵੰਸ਼ ਦੇ ਇਕ ਰਾਜੇ ਵਲੋਂ ਕੀਤੀ ਗਈ ਸੀ। ਇਹ ਤਿਉਹਾਰ ਬ੍ਰਾਹਮਣ ਪੁਜਾਰੀਆਂ ਰਾਹੀਂ ਸ਼ੁਰੂ ਹੋਇਆ ਅਤੇ ਜਿੱਥੇ ਵੀ ਇਨ੍ਹਾਂ ਪੁਜਾਰੀਆਂ ਦਾ ਪ੍ਰਭਾਵ ਸੀ, ਉੱਥੇ ਹੋਲੀ ਦਾ ਪ੍ਰਸਾਰ ਹੋਇਆ। ਹਾਲਾਂਕਿ ਜਿਨ੍ਹਾਂ ਖੇਤਰਾਂ 'ਚ ਹੋਲੀ ਨਹੀਂ ਮਨਾਈ ਜਾਂਦੀ, ਉੱਥੇ ਸਨਾਤਨ ਪਰੰਪਰਾਵਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚ ਸਕਿਆ ਸੀ।
ਕੁੱਲ ਦੇਵਤਿਆਂ ਦੇ ਕਰੋਧ ਕਾਰਨ ਹੋਲੀ ਮਨਾਉਣ 'ਤੇ ਪਾਬੰਦੀ
ਕੁੱਲ ਦੇਵਤਿਆਂ ਦੇ ਕਰੋਧ ਨੂੰ ਵੇਖਦੇ ਹੋਏ ਇਨ੍ਹਾਂ ਇਲਾਕਿਆਂ ਵਿਚ ਹਾਲੇ ਵੀ ਹੋਲੀ ਮਨਾਉਣ ’ਤੇ ਪਾਬੰਦੀ ਹੈ ਪਰ ਦੀਵਾਲੀ ਅਤੇ ਦੁਸਹਿਰੇ ਵਰਗੇ ਹਿੰਦੂ ਪਰੰਪਰਾਗਤ ਤਿਉਹਾਰਾਂ ਨੂੰ ਇਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿਚ ਸਥਾਨ ਮਿਲਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਪਿੰਡਾਂ ਵਿਚ ਰਾਮਲੀਲਾ ਦਾ ਮੰਚਨ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਦੀਵਾਲੀ ਵੀ ਮਨਾਈ ਜਾਣ ਲੱਗੀ ਹੈ।