ਹੈਰਾਨੀਜਨਕ! ਖੇਤ ''ਚੋਂ ਹਰੇ ਛੋਲੇ ਤੋੜ ਕੇ ਖਾਣੇ ''ਤੇ 12 ਸਾਲਾ ਮੁੰਡੇ ਨੇ ਮਾਸੂਮ ਬੱਚੇ ਦਾ ਕੀਤਾ ਕਤਲ
Sunday, Jan 30, 2022 - 11:01 AM (IST)
ਬੁਰਹਾਨਪੁਰ (ਭਾਸ਼ਾ)- ਮੱਧ ਪ੍ਰਦੇਸ਼ 'ਚ ਬੁਰਹਾਨਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ 12 ਸਾਲਾ ਇਕ ਮੁੰਡੇ ਨੇ ਉਸ ਦੇ ਖੇਤ ਤੋਂ ਹਰੇ ਛੋਲੇ ਤੋੜ ਕੇ ਖਾਣ 'ਤੇ 7 ਸਾਲਾ ਇਕ ਬੱਚੇ ਦਾ ਕਤਲ ਕਰ ਦਿੱਤਾ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 26 ਜਨਵਰੀ ਨੂੰ ਖਕਨਾਰ ਥਾਣਾ ਖੇਤਰ ਦੇ ਸ਼ੇਖਪੁਰਾ ਪਿੰਡ 'ਚ ਵਾਪਰੀ ਪਰ ਪੁਲਸ ਨੂੰ ਬੱਚੇ ਦੀ ਮੌਤ ਦੀ ਸੂਚਨਾ ਇਸ ਦੇ ਅਗਲੇ ਦਿਨ ਮਿਲੀ ਸੀ।
ਖਕਨਾਰ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਕੀਰਤਨ ਪ੍ਰਸਾਦ ਧਰੁਵੇ ਨੇ ਕਿਹਾ,''ਆਪਣੇ ਖੇਤ ਦੀ ਰੱਖਵਾਲੀ ਕਰ ਰਹੇ ਦੋਸ਼ੀ ਨੇ ਬੁੱਧਵਾਰ ਸ਼ਾਮ 7 ਸਾਲਾ ਬੱਚੇ ਨੂੰ ਖੇਤ 'ਚੋਂ ਛੋਲਿਆਂ ਦੇ ਪੌਦੇ ਉਖਾੜ ਕੇ ਛੋਲੇ ਖਾਂਦੇ ਦੇਖ ਆਪਣਾ ਆਪਾ ਗੁਆ ਦਿੱਤਾ। ਦੋਸ਼ੀ ਨੇ ਬੱਚੇ ਨੂੰ ਕੁੱਟਿਆ ਅਤੇ ਜਦੋਂ ਉਸ ਨੇ ਦੇਖਿਆ ਕਿ ਬੱਚਾ ਬੇਹੋਸ਼ ਹੋ ਗਿਆ ਹੈ, ਉਦੋਂ ਉਸ ਨੂੰ ਖੇਤ 'ਚ ਹੀ ਛੱਡ ਕੇ ਆਪਣੇ ਘਰ ਚੱਲਾ ਗਿਆ।'' ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੀ ਮੌਤ ਗਲ਼ਾ ਘੁੱਟਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕਰ ਰਹੀ ਹੈ।