ਯੂ. ਪੀ. ’ਚ ਮੁਸਲਮਾਨ ਬਣੇ 12 ਲੋਕਾਂ ਦੀ ਹਿੰਦੂ ਧਰਮ ’ਚ ਵਾਪਸੀ
Thursday, Jul 03, 2025 - 09:55 PM (IST)

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਬੁੱਧਵਾਰ ਨੂੰ ‘ਘਰ ਵਾਪਸੀ’ ਪ੍ਰੋਗਰਾਮ ਦੇ ਤਹਿਤ 12 ਮੁਸਲਮਾਨਾਂ ਨੇ ਇਕ ਵਾਰ ਫਿਰ ਹਿੰਦੂ ਧਰਮ ਅਪਣਾ ਲਿਆ। ਵਿਸ਼ਵ ਹਿੰਦੂ ਰੱਖਿਆ ਪ੍ਰੀਸ਼ਦ ਵੱਲੋਂ ਗੋਮਤੀ ਨਗਰ ਸਥਿਤ ਸ਼ਿਵ ਭੋਲਾ ਮੰਦਰ ’ਚ ਆਯੋਜਿਤ ਪ੍ਰੋਗਰਾਮ ’ਚ ਵੈਦਿਕ ਰਸਮਾਂ ਨਾਲ ਇਨ੍ਹਾਂ 6 ਪੁਰਸ਼ਾਂ ਅਤੇ 6 ਔਰਤਾਂ ਦਾ ਸ਼ੁੱਧੀਕਰਨ ਕੀਤਾ ਗਿਆ। ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਬਲਰਾਮਪੁਰ ਜ਼ਿਲੇ ਦੇ ਉਤਰੌਲਾ ਮਧੁਪੁਰ ਪਿੰਡ ਨਿਵਾਸੀ ਛਾਂਗੁਰ ਬਾਬਾ ਉਰਫ ਜਲਾਲੁੱਦੀਨ ਅਤੇ ਉਸ ਦੇ ਸਹਿਯੋਗੀ ਗਰੀਬ, ਬੇਸਹਾਰਾ ਅਤੇ ਔਰਤਾਂ ਨੂੰ ਧਰਮ ਤਬਦੀਲੀ ਲਈ ਵਰਗਲਾਉਂਦੇ ਹਨ। ਰਾਏ ਅਨੁਸਾਰ, ਕਈ ਮਾਮਲਿਆਂ ’ਚ ਜਾਇਦਾਦ ਹੱੜਪਣ ਅਤੇ ਨਬਾਲਿਗ ਲਡ਼ਕੀਆਂ ਦਾ ਨਿਕਾਹ ਕਰਵਾਏ ਜਾਣ ਦੀਆਂ ਵੀ ਸ਼ਿਕਾਇਤਾਂ ਸਾਹਮਣੇ ਆਈਆਂ ਹਨ।
ਪ੍ਰੋਗਰਾਮ ’ਚ ਸ਼ਾਮਲ ਲੋਕਾਂ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਡਰ, ਲਾਲਚ ਅਤੇ ਭਾਵਨਾਤਮਕ ਦਬਾਅ ’ਚ ਆ ਕੇ ਧਰਮ ਤਬਦੀਲ ਕਰਨਾ ਪਿਆ ਸੀ। ਵਾਪਸੀ ਤੋਂ ਬਾਅਦ ਸਾਰਿਆਂ ਨੇ ਤਸੱਲੀ ਪ੍ਰਗਟ ਕੀਤੀ। ਪ੍ਰੋਗਰਾਮ ਦੌਰਾਨ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਛਾਂਗੁਰ ਬਾਬਾ ਅਤੇ ਉਸ ਦੇ ਨੈੱਟਵਰਕ ਨੇ ਹੁਣ ਤੱਕ ਦੇਸ਼-ਵਿਦੇਸ਼ਾਂ ’ਚ ਲੱਗਭਗ 3000 ਹਿੰਦੂਆਂ ਦਾ ਧਰਮ ਤਬਦੀਲ ਕਰਵਾਇਆ ਹੈ। ਰਾਏ ਨੇ ਦਾਅਵਾ ਕੀਤਾ ਕਿ ਇਸ ਨੈੱਟਵਰਕ ਨੂੰ ਵਿਦੇਸ਼ੀ ਫੰਡਿੰਗ ਵੀ ਮਿਲ ਰਹੀ ਹੈ, ਜਿਸ ਦੀ ਵਰਤੋਂ ਧਰਮ ਤਬਦੀਲੀ ਅਤੇ ਜ਼ਮੀਨ ਕਬਜ਼ਾਉਣ ਵਰਗੇ ਕੰਮਾਂ ’ਚ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੀਸ਼ਦ ਦੇ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਮਿਸ਼ਰਾ, ਸੂਬਾ ਪ੍ਰਧਾਨ ਸ਼ਿਖਰ ਗੁਪਤਾ ਸਮੇਤ ਕਈ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।