17.5 ਕਿਲੋ ਸੋਨੇ ਨਾਲ ਜੜ੍ਹਿਤ ਭਗਵਾਨ ਸ਼ਿਵ ਦੀ 111 ਫੁੱਟ ਦੀ ਮੂਰਤੀ, ਮਹਾਸ਼ਿਵਰਾਤਰੀ ਮੌਕੇ ਹੋਵੇਗਾ ਉਦਘਾਟਨ

Friday, Feb 17, 2023 - 12:59 PM (IST)

ਅਹਿਮਦਾਬਾਦ- ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਮਹਾਸ਼ਿਵਰਾਤਰੀ ਮੌਕੇ 111 ਫੁੱਟ ਦੀ ਸੋਨੇ ਨਾਲ ਜੜੀ ਹੋਈ ਮੂਰਤੀ ਦਾ ਉਦਘਾਟਨ ਕਰਨਗੇ। ਵਡੋਦਰਾ ਦੇ ਵਿਚੋ-ਵਿਚ ਸਥਿਤ ਇਤਿਹਾਸਕ ਸੂਰਸਾਗਰ ਤਾਲਾਬ 'ਚ ਸਥਾਪਿਤ ਸਰਵੇਸ਼ਵਰ ਮਹਾਦੇਵ ਦੀ ਮੂਰਤੀ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਸੋਨੇ ਦਾ ਲੇਪ ਚੜ੍ਹਾਉਣ ਦਾ ਕੰਮ ਚੱਲ ਰਿਹਾ ਸੀ। 16 ਫਰਵਰੀ ਨੂੰ ਇਹ ਕੰਮ ਪੂਰਾ ਹੋਣ ਤੋਂ ਬਾਅਦ ਮੂਰਤੀ ਤੋਂ ਪਰਦਾ ਹਟਾਇਆ ਗਿਆ। ਮੁੱਖ ਮੰਤਰੀ ਭੂਪਿੰਦਰ 18 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਮੂਰਤੀ ਦਾ ਰਸਮੀ ਤੌਰ 'ਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਮਹਾਸ਼ਿਵਰਾਤਰੀ ਦੀ ਆਰਤੀ 'ਚ ਹਿੱਸਾ ਲੈਣਗੇ।

PunjabKesari

ਸਰਵੇਸ਼ਵਰ ਮਹਾਦੇਵ ਦੀ ਮੂਰਤੀ ਨੂੰ ਸੋਨੇ ਦਾ ਲੇਪ ਲਗਾਉਣ 'ਚ 12 ਕਰੋੜ ਰੁਪਏ ਦਾ ਖਰਚ ਆਇਆ ਹੈ। ਮੂਰਤੀ 'ਤੇ ਪਿਛਲੇ ਡੇਢ ਸਾਲਾਂ ਦੀ ਮਿਹਨਤ ਤੋਂ ਬਾਅਦ ਵਿਸ਼ੇਸ਼ ਤਕਨੀਕ ਨਾਲ ਸੋਨੇ ਦਾ ਲੇਪ ਚੜ੍ਹਾਇਆ ਗਿਆ ਹੈ। ਮੂਰਤੀ ਨੂੰ ਪੂਰੀ ਤਰ੍ਹਾਂ ਨਾਲ ਸੋਨੇ ਦੀ ਬਣਾਉਣ 'ਚ 17.5 ਕਿਲੋਗ੍ਰਾਮ ਸੋਨਾ ਲੱਗਾ। ਇਹ ਮੂਰਤੀ 111 ਫੁੱਟ ਉੱਚੀ ਹੈ। ਮੂਰਤੀ ਦੇ ਉਦਘਾਟਨ ਪ੍ਰੋਗਰਾਮ ਲਈ ਵਿਸ਼ੇਸ਼ ਲਾਈਟਿੰਗ ਲਗਾਈ ਜਾ ਰਹੀ ਹੈ। ਭੂਪਿੰਦਰ ਪਟੇਲ ਨੇ ਪਿਛਲੇ ਸਾਲ ਵੀ ਮਹਾਸ਼ਿਵਰਾਤਰੀ ਮੌਕੇ ਵਡੋਦਰਾ ਦੇ ਸੂਰਸਾਗਰ ਤਾਲਾਬ 'ਚ ਆਰਤੀ 'ਚ ਹਿੱਸਾ ਲਿਆ ਸੀ। ਇਸ ਵਾਰ ਦੇ ਪ੍ਰੋਗਰਾਮ 'ਚ ਮੁੱਖ ਮੰਤਰੀ ਨਾਲ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਮੌਜੂਦ ਰਹਿਣਗੇ। ਗਾਇਕਵਾੜ ਰਿਆਸਤ ਦਾ ਕੇਂਦਰ ਵਡੋਰਦਰਾ 'ਚ ਸੂਰਸਾਗਰ ਦਾ ਨਿਰਮਾਣ 18ਵੀਂ ਸ਼ਤਾਬਦੀ 'ਚ ਕੀਤਾ ਗਿਆ ਸੀ। ਸੂਰਸਾਗਰ ਨੂੰ ਚਾਂਦ ਤਾਲਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News