ਹਰਿਆਣਾ: ਮਦਰੱਸੇ ’ਚ ਮਿਲੀ 11 ਸਾਲਾ ਵਿਦਿਆਰਥੀ ਦੀ ਲਾਸ਼, ਦੋ ਦਿਨ ਪਹਿਲਾਂ ਹੋ ਗਿਆ ਸੀ ਗਾਇਬ
Tuesday, Sep 06, 2022 - 10:24 AM (IST)
ਨੂਹ (ਹਰਿਆਣਾ)– ਹਰਿਆਣਾ ਦੇ ਨੂਹ ਦੇ ਪੁਨਹਾਰਾ ਸਬ-ਡਿਵੀਜ਼ਨਲ ਦੇ ਪਿੰਡ ਸ਼ਾਹ ਚੌਖਾ ’ਚ ਸੋਮਵਾਰ ਨੂੰ ਪੀਰ ਦਾਦਾ ਸ਼ਾਹ ਚੌਖਾ ਦੀ ਮਜ਼ਾਰ ਨੇੜੇ ਸਥਿਤ ਮਦਰੱਸੇ ’ਚ ਪੜ੍ਹਨ ਵਾਲੇ 11 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ। ਪੁਲਸ ਮੁਤਾਬਕ ਫੋਰੈਂਸਿਕ ਸਾਇੰਸ ਲੈਬਾਰਟੀ ਡਿਵੀਜ਼ਨ (FSL) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਲੋਂ ਕਤਲ ਦਾ ਸ਼ੱਕ ਜਤਾਉਂਦੇ ਹੋਏ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਅਸੀਂ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ FSL ਟੀਮ ਨੂੰ ਇੱਥੇ ਬੁਲਾਇਆ ਹੈ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੰਡੀਖੇੜਾ ਦੇ ਹਸਪਤਾਲ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕਾ ਕਰੀਬ ਇਕ ਸਾਲ ਤੋਂ ਮਦਰੱਸੇ ਵਿਚ ਪੜ੍ਹਦਾ ਸੀ।
ਇਸਲਾਮਿਕ ਮਦਰੱਸਾ ਦਰਗਾਹ ਸ਼ਾਹ ਚੌਖਾ ਦੇ ਸੰਚਾਲਕ ਮੌਲਾਨਾ ਜ਼ਾਕਿਰ ਮੁਤਾਬਕ ਲੜਕਾ ਸ਼ਾਮ ਦੀ ਨਮਾਜ਼ 'ਚ ਮੌਜੂਦ ਸੀ ਪਰ ਹਾਜ਼ਰੀ ਦੌਰਾਨ ਲਾਪਤਾ ਹੋ ਗਿਆ। ਮੋਲਾਨਾ ਜ਼ਾਕਿਰ ਨੇ ਦੱਸਿਆ ਕਿ 11 ਸਾਲ ਦਾ ਬੱਚਾ ਇੱਥੇ ਕਰੀਬ ਇਕ ਸਾਲ ਤੋਂ ਪੜ੍ਹ ਰਿਹਾ ਸੀ। ਉਸ ਨੇ ਇੱਥੇ ਉਰਦੂ ਅਤੇ ਅਰਬੀ ਦੀ ਪੜ੍ਹਾਈ ਕੀਤੀ। ਉਹ ਸ਼ਨੀਵਾਰ ਨਮਾਜ਼ ਦੇ ਦੌਰਾਨ ਮੌਜੂਦ ਸੀ ਪਰ ਜਦੋਂ ਸ਼ਾਮ 7 ਵਜੇ ਹਾਜ਼ਰੀ ਲਈ ਗਈ, ਉਹ ਲਾਪਤਾ ਸੀ। ਅਸੀਂ ਸਾਰਿਆਂ ਨੇ ਉਸ ਦੀ ਭਾਲ ਕੀਤੀ। ਜਦੋਂ ਉਹ ਨਾ ਮਿਲਿਆ ਤਾਂ ਅਸੀਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸ਼ਨੀਵਾਰ ਨੂੰ ਪਤਾ ਲੱਗਾ ਕਿ ਉਹ ਮਸਜਿਦ ਦੇ ਇਕ ਕਮਰੇ 'ਚ ਪਏ ਕਰੱਸ਼ਰ ਦੇ ਹੇਠਾਂ ਦੱਬਿਆ ਹੋਇਆ ਸੀ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।