ਦੇਸ਼ ''ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 11 ਬੰਗਲਾਦੇਸ਼ੀ ਨਾਗਰਿਕ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ

05/18/2023 5:09:29 PM

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ 'ਚ ਬੰਗਲਾਦੇਸ਼ ਦੇ 11 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਚਾਰ ਔਰਤਾਂ ਸ਼ਾਮਲ ਹਨ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਬੁੱਧਵਾਰ ਸ਼ਾਮ ਅਤੇ ਵੀਰਵਾਰ ਤੜਕੇ ਕੀਤੀਆਂ ਗਈਆਂ। ਠਾਣੇ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੰਗਲਾਦੇਸ਼ ਦੇ ਇਨ੍ਹਾਂ ਨਾਗਰਿਕਾਂ ਨੂੰ ਰਾਏਗੜ੍ਹ ਜ਼ਿਲ੍ਹੇ 'ਚ ਪਨਵੇਲ ਕੋਲ ਕਾਮੋਠੇ ਅਤੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਤਾਲੁਕਾ ਦੇ ਨਾਰਪੋਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਨਵੀਂ ਮੁੰਬਈ ਦੇ ਮਨੁੱਖੀ ਤਸਕਰੀ ਵਿਰੋਧੀ ਸੈੱਲ (ਏ.ਐੱਚ.ਟੀ.ਸੀ.) ਨੇ ਕਾਮੋਠੇ 'ਚ ਐੱਮ.ਜੀ.ਐੱਮ. ਹਸਪਤਾਲ ਦੇ ਪਿੱਛੇ ਕੁਝ ਰਿਹਾਇਸ਼ੀ ਕੰਪਲੈਕਸਾਂ 'ਚ ਛਾਪੇ ਮਾਰੇ ਅਤੇ ਚਾਰ ਔਰਤਾਂ ਸਮੇਤ 8 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਬੁਲਾਰੇ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਉੱਥੇ ਰਹਿ ਰਹੇ ਸਨ ਅਤੇ ਛੋਟੇ-ਮੋਟੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਕੋਲੋਂ ਦੇਸ਼ 'ਚ ਆਉਣ ਦਾ ਕੋਈ ਨਾਜਾਇਜ਼ ਦਸਤਾਵੇਜ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਥਾਨਕ ਪੁਲਸ ਨੇ ਭਿਵੰਡੀ ਦੇ ਮਨਕੋਲੀ ਖੇਤਰ ਦੇ ਇਕ ਇਲਾਕੇ 'ਚ ਛਾਪਾ ਮਾਰਿਆ ਅਤੇ ਬੰਗਲਾਦੇਸ਼ ਦੇ ਤਿੰਨ ਵਿਅਕਤੀਆਂ ਨੂੰ ਫੜ ਲਿਆ ਜੋ ਕਰੀਬ ਇਕ ਸਾਲ ਤੋਂ ਵੱਖ-ਵੱਖ ਕਾਰਖਾਨਿਆਂ 'ਚ ਕੰਮ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਵੀ ਜਾਇਜ਼ ਦਸਤਾਵੇਜ਼ ਨਹੀਂ ਸਨ ਅਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਵਿਦੇਸ਼ੀ ਐਕਟ, ਪਾਸਪੋਰਟ ਕਾਨੂੰਨ ਅਤੇ ਪਾਸਪੋਰਟ (ਭਾਰਤ 'ਚ ਪ੍ਰਵੇਸ਼) ਨਿਯਮਾਂ ਦੇ ਅਧੀਨ ਕਾਮੋਠੇ ਅਤੇ ਨਾਰਪੋਲੀ ਥਾਣਿਆਂ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News