105 ਸਾਲ ਦੀ ਉਮਰ 'ਚ ਚੌਥੀ ਜਮਾਤ ਦੀ ਪ੍ਰੀਖਿਆ ਕੀਤੀ ਪਾਸ, ਮਿਲੇ 74.5 ਫੀਸਦੀ ਅੰਕ
Sunday, Feb 16, 2020 - 10:44 AM (IST)
ਨਵੀਂ ਦਿੱਲੀ— ਸਿੱਖਿਆ ਪ੍ਰਾਪਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ 105 ਸਾਲ ਦੀ ਭਾਗੀਰਥੀ ਅੰਮਾ ਨੇ। ਕੇਰਲ ਦੀ 105 ਸਾਲਾ ਭਾਗੀਰਥੀ ਅੰਮਾ ਨੇ ਇਸ ਉਮਰ 'ਚ ਚੌਥੀ ਜਮਾਤ ਦੀ ਪ੍ਰੀਖਿਆ ਬਹੁਤ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਭਾਗੀਰਥੀ ਨੇ 9 ਸਾਲ ਦੀ ਉਮਰ 'ਚ ਮਾਂ ਦੇ ਦਿਹਾਂਤ ਕਾਰਨ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਭਰਾ-ਭੈਣਾਂ ਦੀ ਦੇਖਭਾਲ 'ਚ ਇੰਨੀ ਰੁਝ ਗਈ ਕਿ ਪੜ੍ਹਨ ਬਾਰੇ ਸੋਚ ਹੀ ਨਹੀਂ ਸਕੀ। ਵਿਆਹ ਤੋਂ ਬਾਅਦ ਪਰਿਵਾਰ ਵਧਿਆ ਅਤੇ ਉਹ 6 ਬੱਚਿਆਂ ਦੀ ਮਾਂ ਬਣ ਗਈ। ਉਨ੍ਹਾਂ ਦੀਆਂ ਮੁਸ਼ਕਲਾਂ ਉਸ ਸਮੇਂ ਹੋਰ ਵਧ ਗਈਆਂ, ਜਦੋਂ ਉਨ੍ਹਾਂ ਦੇ ਪਤੀ ਦਾ ਦਿਹਾਂਤ ਹੋ ਗਿਆ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਆ ਗਈ। ਇਸ ਦੌਰਾਨ ਭਾਗੀਰਥੀ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀ ਬਖੂਬੀ ਨਿਭਾਈਆਂ। ਹੁਣ ਉਨ੍ਹਾਂ ਦੇ 6 ਬੱਚਿਆਂ ਨਾਲ 16 ਨਾਤੀ-ਪੋਤੇ ਅਤੇ 12 ਪੜਨਾਤੀ-ਪੜਪੋਤੇ ਵੀ ਹਨ।
ਭਾਗੀਰਥੀ ਨੇ ਪਿਛਲੇ ਸਾਲ ਰਾਜ ਦੀ 'ਸਾਖਰਤਾ ਮੁਹਿੰਮ' 'ਚ ਰਜਿਸਟਰੇਸ਼ਨ ਕਰਵਾਇਆ ਸੀ ਅਤੇ 6 ਫਰਵਰੀ ਨੂੰ ਐਲਾਨ ਕੀਤੇ ਗਏ ਨਤੀਜਿਆਂ 'ਚ ਚੌਥੀ ਜਮਾਤ ਦੀ ਪ੍ਰੀਖਿਆ 'ਚ 74.5 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਆਪਣੇ ਇਕ ਪੁਰਾਣੇ ਇੰਟਰਵਿਊ 'ਚ ਭਾਗੀਰਥੀ ਨੇ ਗਣਿਤ ਨੂੰ ਸੌਖਾ ਵਿਸ਼ਾ ਦੱਸਿਆ ਸੀ ਅਤੇ ਗਣਿਤ ਦੀ ਪ੍ਰੀਖਿਆ 'ਚ 75 'ਚੋਂ 75 ਅੰਕ ਲੈ ਕੇ ਉਨ੍ਹਾਂ ਨੇ ਇਸ ਨੂੰ ਸਾਬਤ ਵੀ ਕਰ ਦਿੱਤਾ। ਉਨ੍ਹਾਂ ਦੇ ਹੋਰ ਵਿਸ਼ਿਆਂ 'ਚ ਮਲਯਾਲਮ, ਅੰਗਰੇਜ਼ੀ ਸ਼ਾਮਲ ਸਨ। ਉਨ੍ਹਾਂ ਨੂੰ ਮਲਯਾਲਮ 'ਚ 50 'ਚੋਂ 30 ਅੰਕ ਮਿਲੇ, ਜਦੋਂ ਕਿ ਅੰਗਰੇਜ਼ੀ 'ਚ 70 'ਚੋਂ 50 ਅੰਕ ਪ੍ਰਾਪਤ ਕੀਤੇ।