ਮਨਰੇਗਾ ਤਹਿਤ 100 ਦਿਨ ਦਾ ਕੰਮ ਦਿੱਤਾ ਜਾਵੇਗਾ: ਸਰਕਾਰ
Tuesday, Jul 30, 2024 - 12:21 PM (IST)
ਨਵੀਂ ਦਿੱਲੀ- ਸਰਕਾਰ ਨੇ ਮਨਰੇਗਾ ਨੂੰ ਲੈ ਕੇ ਆਪਣੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਮਨਰੇਗਾ ਦੇ ਵਿਸਥਾਰ ਲਈ ਹਰ ਕਦਮ ਚੁੱਕਿਆ ਜਾਵੇਗਾ ਅਤੇ ਇਸ ਤਹਿਤ ਹਰ ਪਿੰਡ 'ਚ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਇਕ ਪੂਰਕ ਸਵਾਲ ਦੇ ਜਵਾਬ 'ਚ ਕਿਹਾ ਕਿ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੀ ਵਚਨਬੱਧਤਾ ਹੈ। ਮੋਦੀ ਸਰਕਾਰ ਨੇ ਮਨਰੇਗਾ ਲਈ ਤਿੰਨ ਗੁਣਾ ਵਿਵਸਥਾ ਕੀਤੀ ਹੈ ਅਤੇ ਜੇਕਰ ਲੋੜ ਪਈ ਤਾਂ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਇਕ ਰੁਜ਼ਗਾਰ ਯੋਜਨਾ ਹੈ ਅਤੇ ਇਸ ਨੂੰ ਪੇਂਡੂ ਖੇਤਰਾਂ ਲਈ ਹਰ ਕੀਮਤ 'ਤੇ ਜਾਰੀ ਰੱਖਿਆ ਜਾਵੇਗਾ। ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਫੰਡਾਂ 'ਚ ਕਈ ਗੁਣਾ ਵਾਧਾ ਕੀਤਾ ਹੈ। ਸਰਕਾਰ ਵੱਲੋਂ ਮਨਰੇਗਾ ਤਹਿਤ ਹਰ ਪਿੰਡ ਵਿਚ 100 ਦਿਨ ਦਾ ਰੁਜ਼ਗਾਰ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਨਰੇਗਾ ਦੇ ਕੰਮਕਾਜੀ ਦਿਨ ਵਧਾ ਕੇ 100 ਦਿਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਨਰੇਗਾ ਸਬੰਧੀ ਜੋ ਵੀ ਮੰਗ ਕਰਦੀ ਹੈ, ਉਹ ਪੂਰੀ ਕੀਤੀ ਜਾਂਦੀ ਹੈ।