ਅਯੁੱਧਿਆ ਵਿਚ ਰਾਮ ਮੰਦਰ ਲਈ ਹੁਣ ਤੱਕ ਮਿਲਿਆ 100 ਕਰੋੜ ਰੁਪਏ ਦਾ ਦਾਨ

Sunday, Jan 17, 2021 - 09:25 PM (IST)

ਅਯੁੱਧਿਆ ਵਿਚ ਰਾਮ ਮੰਦਰ ਲਈ ਹੁਣ ਤੱਕ ਮਿਲਿਆ 100 ਕਰੋੜ ਰੁਪਏ ਦਾ ਦਾਨ

ਨਵੀਂ ਦਿੱਲੀ (ਏ. ਐੱਨ. ਆਈ.)- ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੁਖੀ ਚੰਪਤ ਰਾਏ ਨੇ ਐਤਵਾਰ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਹੁਣ ਤੱਕ 100 ਕਰੋੜ ਰੁਪਏ ਦਾ ਦਾਨ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਅੰਕੜੇ ਅਜੇ ਤੱਕ ਹੈੱਡਕੁਆਰਟਰ ਵਿਖੇ ਨਹੀਂ ਪੁੱਜੇ ਹਨ ਪਰ ਸਾਨੂੰ ਆਪਣੇ ਵਰਕਰਾਂ ਤੋਂ ਰਿਪੋਰਟ ਮਿਲੀ ਹੈ ਕਿ ਇਸ ਨੇਕ ਕੰਮ ਲਈ ਉਕਤ ਅੰਕੜਾ ਹਾਸਲ ਕਰ ਲਿਆ ਗਿਆ ਹੈ। 
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਲੋਂ ਅਯੁੱਧਿਆ ਵਿਚ ਵਿਸ਼ਾਲ ਮੰਦਰ ਦੀ ਉਸਾਰੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਵਲੋਂ ਇਕ ਜਨਸੰਪਰਕ ਅਤੇ ਯੋਗਦਾਨ ਮੁਹਿੰਮ ਚਲਾਈ ਜਾ ਰਹੀ ਹੈ। ਇਹ 15 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 27 ਫਰਵਰੀ ਤੱਕ ਚੱਲੇਗੀ। ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਸਥਾਪਨਾ 9 ਨਵੰਬਰ 2020 ਨੂੰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਕੀਤੀ ਗਈ ਸੀ। 
ਰਾਮ ਮੰਦਰ ਦੀ ਉਸਾਰੀ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਿੱਤੇ ਗਏ ਦਾਨ ਸਬੰਧੀ ਪੁੱਛਣ 'ਤੇ ਰਾਏ ਨੇ ਕਿਹਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਕੋਵਿੰਦ ਇਕ ਭਾਰਤੀ ਹਨ ਅਤੇ ਭਾਰਤ ਦੀ ਆਤਮਾ ਰਾਮ ਹੈ। ਜਿਹੜਾ ਵੀ ਸਮਰੱਥ ਹੈ, ਉਹ ਇਸ ਨੇਕ ਕੰਮ ਵਿਚ ਮਦਦ ਕਰ ਸਕਦਾ ਹੈ। ਕੋਵਿੰਦ ਨੇ ਸ਼ੁੱਕਰਵਾਰ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਯੋਗਦਾਨ ਵਜੋਂ 5 ਲੱਖ 100 ਰੁਪਏ ਦਾ ਦਾਨ ਦਿੱਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News