ਹੜ੍ਹ ਨਾਲ ਹੋਈ ਤਬਾਹੀ ਨੂੰ ਵੇਖਦਿਆਂ ਕੇਂਦਰ ਸਰਕਾਰ ਤੁਰੰਤ ‘ਰਾਸ਼ਟਰੀ ਵਿਸ਼ੇਸ਼ ਆਫਤ ਰਾਹਤ ਫੰਡ’ ਦਾ ਗਠਨ ਕਰੇ: ਸ਼ਾਂਤਾ ਕੁਮਾਰ

Friday, Sep 01, 2023 - 01:28 PM (IST)

ਜਲੰਧਰ, (ਬਿਊਰੋ)– ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਹੜ੍ਹ ਨਾਲ ਦੇਸ਼ ਭਰ ਵਿਚ ਹੋਈ ਵਿਆਪਕ ਤਬਾਹੀ ਨੂੰ ਵੇਖਦਿਆਂ ਕੇਂਦਰ ਸਰਕਾਰ ਤੁਰੰਤ ਰਾਸ਼ਟਰੀ ਵਿਸ਼ੇਸ਼ ਆਫਤ ਰਾਹਤ ਫੰਡ ਦਾ ਗਠਨ ਕਰੇ। ਉਨ੍ਹਾਂ ਹਿਮਾਚਲ ਪ੍ਰਦੇਸ਼ ਵਿਚ ਮੀਂਹ ਨਾਲ ਆਈ ਭਿਆਨਕ ਆਫਤ ਵਿਚ ਥਲ ਸੈਨਾ, ਹਵਾਈ ਸੈਨਾ ਵਲੋਂ ਰਾਹਤ ਕਾਰਜ ਕਰਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਪ੍ਰਧਾਨ ਮੰਤਰੀ ਦਾ ਹਿਮਾਚਲ ਪ੍ਰਦੇਸ਼ ਦੀ ਜਨਤਾ ਵਲੋਂ ਧੰਨਵਾਦ ਕੀਤਾ ਹੈ।

ਉਨ੍ਹਾਂ ਚਿੱਠੀ ਵਿਚ ਲਿਖਿਆ ਹੈ ਕਿ ਇਕ ਰਿਪੋਰਟ ਅਨੁਸਾਰ ਭਾਰਤ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵਿਚ ਅਜਿਹਾ ਬਹੁਤ ਸਾਰਾ ਪੈਸਾ ਪਿਆ ਹੈ, ਜਿਸ ’ਤੇ ਸਾਲਾਂ ਤੋਂ ਕਿਸੇ ਨੇ ਵੀ ਕੋਈ ਦਾਅਵਾ ਨਹੀਂ ਕੀਤਾ। ਇਹ ਪੈਸਾ ਉਨ੍ਹਾਂ ਲੋਕਾਂ ਦਾ ਹੈ, ਜਿਨ੍ਹਾਂ ਨੇ ਬੈਂਕ ਵਿਚ ਪੈਸਾ ਜਮ੍ਹਾ ਕਰਵਾਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਲੋਕਾਂ ਨੇ ਕੋਈ ਨਾਮੀਨੇਸ਼ਨ ਵੀ ਨਹੀਂ ਕਰਵਾਇਆ ਸੀ, ਜਿਸ ਕਾਰਨ ਪਰਿਵਾਰ ਵਲੋਂ ਕਿਸੇ ਨੇ ਵੀ ਕਦੇ ਇਸ ਪੈਸੇ ’ਤੇ ਦਾਅਵਾ ਨਹੀਂ ਕੀਤਾ। ਸਾਰੇ ਬੈਂਕਾਂ ਵਿਚ ਇਸ ਤਰ੍ਹਾਂ ਦੇ ਕੁਲ 48,000 ਕਰੋੜ ਰੁਪਏ ਜਮ੍ਹਾ ਹਨ। ਇਹ ਪੈਸਾ ਵਿਅਰਥ ਹੀ ਪਿਆ ਹੈ ਜਿਸ ਦੀ ਕੋਈ ਵਰਤੋਂ ਨਹੀਂ ਹੋ ਰਹੀ।

ਸ਼ਾਂਤਾ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਪੈਸੇ ਨੂੰ ਇਕ ਨਵਾਂ ਰਾਸ਼ਟਰੀ ਵਿਸ਼ੇਸ਼ ਆਫਤ ਰਾਹਤ ਫੰਡ ਬਣਾ ਕੇ ਰੱਖੇ। ਇਸ ਸਾਰੇ ਪੈਸੇ ਨੂੰ ਐੱਫ. ਡੀ. ਦੇ ਰੂਪ ਵਿਚ ਰੱਖਿਆ ਜਾਵੇ ਤਾਂ ਜੋ ਹਰ ਸਾਲ 4000 ਕਰੋੜ ਰੁਪਏ ਵਿਆਜ ਦੇ ਰੂਪ ਵਿਚ ਪ੍ਰਾਪਤ ਹੋਣ ਅਤੇ ਇਹ ਪੈਸਾ ਲਗਾਤਾਰ ਵਧਦਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਨਵੇਂ ਰਾਸ਼ਟਰੀ ਵਿਸ਼ੇਸ਼ ਆਫਤ ਰਾਹਤ ਫੰਡ ਵਿਚੋਂ 10,000 ਕਰੋੜ ਰੁਪਏ ਬਹੁਤ ਜਲਦੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਰਾਹਤ ਕਾਰਜਾਂ ਲਈ ਦਿੱਤੇ ਜਾਣੇ ਚਾਹੀਦੇ ਹਨ। ਇਸ ਵਾਰ ਹਿਮਾਚਲ ਦੀ ਆਫਤ ਇਕ ਮਹਾ ਆਫਤ ਹੈ। ਹਜ਼ਾਰਾਂ ਘਰਾਂ ਵਿਚ ਮਾਤਮ ਛਾਇਆ ਹੋਇਆ ਹੈ। ਲੋਕ ਵੀ ਮਲਬੇ ਵਿਚੋਂ ਆਪਣੇ ਜਾਣੂਆਂ ਦੀ ਭਾਲ ਕਰ ਰਹੇ ਹਨ। ਪ੍ਰਧਾਨ ਮੰਤਰੀ ਵਲੋਂ ਇਹ ਸਹਾਇਤਾ ਹਿਮਾਚਲ ਪ੍ਰਦੇਸ਼ ਦੇ ਸਾਰੇ ਪੀੜਤ ਲੋਕਾਂ ਨੂੰ ਮੁੜ ਵਸਾਉਣ ’ਚ ਸਹਾਇਕ ਸਾਬਤ ਹੋਵੇਗੀ।


Rakesh

Content Editor

Related News