ਦਰਦਨਾਕ ਹਾਦਸਾ: ਵਾਹਨ ਖੱਡ ’ਚ ਡਿੱਗਣ ਨਾਲ 10 ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ
Tuesday, Jun 29, 2021 - 04:29 PM (IST)
ਨਾਹਨ– ਸ਼ਿਲਾਈ ਉਪਮੰਡਲ ’ਚ ਟਿਮਬੀ-ਬਕਰਾਸ ਮਾਰਗ ’ਤੇ ਇਕ ਵਾਹਨ ਦੇ ਖੱਡ ’ਚ ਡਿੱਗਣ ਨਾਲ 10 ਲੋਕਾਂ ਦੀ ਦਰਦਨਾਕ ਮੌਤ ਅਤੇ ਦੋ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਲਾਕਾ ਵਾਸੀਆਂ ਨੇ ਤੁਰੰਤ ਹੀ ਰੈਸਕਿਊ ਸ਼ੁਰੂ ਕਰ ਦਿੱਤਾ ਸੀ ਪਰ ਜ਼ਖਮੀ ਹੋਏ ਲੋਕਾਂ ’ਚੋਂ ਜ਼ਿਆਦਾਤਰ ਨੇ ਘਟਨਾ ਵਾਲੀ ਥਾਂ ’ਤੇ ਹੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ, ਚੜੇਊ ਤੋਂ ਬਰਾਤੀਆਂ ਨੂੰ ਲੈ ਕੇ ਬਲੈਰੋ ਕੈਂਪਰ ਬਕਰਾਸ ਵਲ ਜਾ ਰਹੀ ਸੀ। ਪਸ਼ੋਗ ਨਾਂ ਦੀ ਥਾਂ ’ਤੇ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜਿਸ ਕਾਰਨ ਸਵਾਰੀਆਂ ਸਮੇਤ ਬਲੈਰੋ ਕੈਂਪਰ ਖੱਡ ’ਚ ਜਾ ਡਿੱਗੀ। ਸੂਚਨਾ ਮਿਲਦ ਹੀ ਸ਼ਿਲਾਈ ਤੋਂ ਥਾਣਾ ਇੰਚਾਰਜ ਅਤੇ ਐੱਸ.ਡੀ.ਐੱਮ. ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਫਿਲਹਾਲ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਪਰ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਨੌਜਵਾਨ ਹੀ ਇਸ ਵਾਹਨ ’ਚ ਸਵਾਰ ਸਨ। ਪੂਰੀ ਘਾਟੀ ’ਚ ਹਾਦਸੇ ਤੋਂ ਬਾਅਦ ਸ਼ੋਕ ਦੀ ਲਹਿਰ ਹੈ। ਉਧਰ ਪਾਉਂਟਾ ਸਾਹਿਬ ਦੇ ਡੀ.ਐੱਸ.ਪੀ. ਵੀਰ ਬਹਾਦੁਰ ਨੇ ਕਿਹਾ ਕਿ 10 ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਫਿਲਹਾਲ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਾਹਨ ’ਚ ਕਿੰਨੇ ਲੋਕ ਸਵਾਰ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਲੋਕਾਂ ਲਈ ਦੁਖ ਜ਼ਾਹਰ ਕੀਤਾ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਹਿਮਾਚਲ ਪ੍ਰਦੇਸ਼ ਦੇ ਸਿਰਮੌਰ ’ਚ ਇਕ ਦੁਰਘਟਨਾ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਪੀ.ਐੱਮ.ਐੱਨ.ਆਰ.ਐੱਫ. ’ਚੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ: ਪ੍ਰਧਾਨ ਮੰਤਰੀ ਮੋਦੀ।’
Pained by the loss of lives due to an accident in Sirmaur, HP. Condolences to the bereaved families and prayers with the injured. An ex-gratia of Rs. 2 lakh each from PMNRF would be provided to the next of kin of the deceased. Rs. 50,000 would be given to the injured: PM Modi
— PMO India (@PMOIndia) June 28, 2021