'ਇੱਕ ਐਂਬੁਲੈਂਸ 'ਚ 10-10 ਲਾਸ਼ਾਂ', ਕਾਨਪੁਰ ਦੇ ਕੋਵਿਡ ਹਸਪਤਾਲ ਦਾ ਵੀਡੀਓ ਆਇਆ ਸਾਹਮਣੇ
Friday, Apr 30, 2021 - 10:33 PM (IST)
ਕਾਨਪੁਰ - ਕੋਰੋਨਾ ਦੀ ਮਹਾਮਾਰੀ ਵਿਚਾਲੇ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ-ਇੱਕ ਐਂਬੁਲੈਂਸ ਵਿੱਚ 10-10 ਲਾਸ਼ਾਂ ਲੈ ਜਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਾਨਪੁਰ ਦੇ ਹੈਲਟ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿਸੇ ਸ਼ਖਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਬਣਾਇਆ ਹੈ ਜਿੱਥੋਂ ਕੋਰੋਨਾ ਇਨਫੈਕਟਿਡ ਲਾਸ਼ਾਂ ਇੱਕ ਦੇ ਉੱਪਰ ਇੱਕ ਰੱਖ ਕੇ ਭੈਰਵ ਘਾਟ ਭੇਜੇ ਜਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹੈਲਟ ਹਸਪਤਾਲ ਦੇ ਇਸ ਵੀਡੀਓ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਨਪੁਰ ਵਿੱਚ ਕੋਰੋਨਾ ਕਾਰਨ ਜਿਸ ਤਰ੍ਹਾਂ ਲੋਕਾਂ ਦੀ ਮੌਤ ਹੋ ਰਹੀ ਹੈ, ਮੋਰਚਰੀ ਵਾਹਨ ਦੇ ਪ੍ਰਬੰਧ ਨਾਕਾਫੀ ਸਾਬਤ ਹੋ ਰਹੇ ਹਨ। ਵੀਡੀਓ ਵਿੱਚ ਖੁਦ ਇੱਕ ਕਰਮਚਾਰੀ ਨੂੰ ਇਹ ਕਹਿੰਦੇ ਵੇਖਿਆ ਜਾ ਸਕਦਾ ਹੈ ਕਿ ਇਸ ਗੱਡੀ ਵਿੱਚ 10 ਲਾਸ਼ਾਂ ਭੇਜ ਰਹੇ ਹਾਂ। ਇਸ ਵੀਡੀਓ ਦੀ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਬੁੱਧਵਾਰ ਨੂੰ ਕਿਸੇ ਨੇ ਹੈਲਟ ਹਸਪਤਾਲ ਦੀ ਮੋਰਚਰੀ ਵਿੱਚ ਬਣਾਇਆ ਸੀ ਜਿਸ ਨੂੰ ਬਾਅਦ ਵਿੱਚ ਵਾਇਰਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਉਤਰਾਖੰਡ ਦੇ ਕੋਟਦਵਾਰ 'ਚ ਬਣਾਏ ਜਾ ਰਹੇ ਸਨ ਨਕਲੀ ਰੇਮਡੇਸਿਵਿਰ ਇੰਜੇਕਸ਼ਨ, ਪੁਲਸ ਨੇ ਕੀਤਾ ਪਰਦਾਫਾਸ਼
ਇਸ ਸੰਬੰਧ ਵਿੱਚ ਪ੍ਰਸ਼ਾਸਨ ਵਲੋਂ, ਹੈਲਟ ਹਸਪਤਾਲ ਪ੍ਰਬੰਧਨ ਤੋਂ ਕੋਈ ਵੀ ਕੁੱਝ ਬੋਲਣ ਲਈ ਤਿਆਰ ਨਹੀਂ ਹੈ। ਹੈਲਟ ਹਸਪਤਾਲ ਦੇ ਅਧਿਕਾਰੀਆਂ ਨੂੰ ਫੋਨ 'ਤੇ ਸੰਪਰਕ ਕਰਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਯੂ.ਪੀ. ਵਿੱਚ ਵੀ ਤੇਜ਼ੀ ਨਾਲ ਵਧੇ ਹਨ। ਰਾਜਧਾਨੀ ਲਖਨਊ, ਕਾਨਪੁਰ, ਵਾਰਾਣਸੀ ਕੋਰੋਨਾ ਦੇ ਵੱਡੇ ਹਾਟਸਪਾਟ ਬਣਕੇ ਉਭਰੇ ਹਨ।
ਯੂ.ਪੀ. ਵਿੱਚ ਕੋਰੋਨਾ ਨਾਲ ਇਨਫੈਕਸ਼ਨ ਦੇ 35 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 298 ਕੋਰੋਨਾ ਪੀੜਤਾਂ ਦੀ ਮੌਤ ਵੀ ਹੋਈ ਹੈ। ਸਭ ਤੋਂ ਜ਼ਿਆਦਾ 37 ਮੌਤਾਂ ਰਾਜਧਾਨੀ ਲਖਨਊ ਵਿੱਚ ਹੋਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।