ਅਗਨੀਵੀਰ ਭਰਤੀ ਲਈ 3 ਦਿਨਾਂ ਅੰਦਰ 10 ਹਜ਼ਾਰ ਕੁੜੀਆਂ ਨੇ ਕਰਵਾਇਆ ਰਜਿਸਟਰੇਸ਼ਨ

07/05/2022 3:05:16 PM

ਨਵੀਂ ਦਿੱਲੀ- ਭਾਰਤ ਸਰਕਾਰ ਦੀ ਮਹੱਤਵਪੂਰਨ ਫ਼ੌਜ ਭਰਤੀ ਸੁਧਾਰ ਯੋਜਨਾ 'ਅਗਨੀਪੱਥ' ਦੇ ਅਧੀਨ ਤਿੰਨਾਂ ਸੈਨਾਵਾਂ 'ਚ ਭਰਤੀ ਹੋਣ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ 'ਚ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਪਿੱਛੇ ਨਹੀਂ ਹਨ। ਹਵਾਈ ਫ਼ੌਜ 'ਚ ਅਗਨੀਵੀਰ ਬਣਨ ਲਈ ਬਹੁਤ ਅਰਜ਼ੀਆਂ ਆਈਆਂ ਹਨ। ਭਾਰਤੀ ਜਲ ਸੈਨਾ ਨੇ ਇਕ ਜੁਲਾਈ ਨੂੰ ਅਗਨੀਪੱਥ ਯੋਜਨਾ ਲਈ ਰਜਿਸਟਰੇਸ਼ਨ ਸ਼ੁਰੂ ਕੀਤਾ ਸੀ। ਰਜਿਸਟਰੇਸ਼ਨ ਪੋਰਟਲ ਖੋਲ੍ਹਣ ਦੇ ਸਿਰਫ਼ 3 ਦਿਨਾਂ ਅੰਦਰ ਲਗਭਗ 10 ਹਜ਼ਾਰ ਕੁੜੀਆਂ ਨੇ ਅਗਨੀਵੀਰ ਬਣਨ ਲਈ ਰਜਿਸਟਰੇਸ਼ਨ ਕਰਵਾਇਆ ਹੈ।

ਇਹ ਵੀ ਪੜ੍ਹੋ : ਮੀਂਹ ਕਾਰਨ ਪਹਿਲਗਾਮ-ਬਾਲਟਾਲ ਮਾਰਗ 'ਤੇ 2 ਦਿਨ ਲਈ ਰੋਕੀ ਗਈ ਅਮਰਨਾਥ ਯਾਤਰਾ

ਭਾਰਤੀ ਜਲ ਸੈਨਾ ਨੇ ਇਕ ਜੁਲਾਈ ਨੂੰ ਅਗਨੀਪੱਥ ਭਰਤੀ ਯੋਜਨਾ ਦੇ ਅਧੀਨ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਰਜਿਸਟਰੇਸ਼ਨ ਤੋਂ ਬਾਅਦ, ਭਾਰਤੀ ਜਲ ਸੈਨਾ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 15 ਜੁਲਾਈ ਤੋਂ 30 ਜੁਲਾਈ ਤੱਕ ਸ਼ੁਰੂ ਕਰੇਗੀ। ਇਹ ਪਹਿਲੀ ਵਾਰ ਹੈ ਜਦੋਂ ਜਲ ਸੈਨਾ ਨੇ ਔਰਤਾਂ ਨੂੰ ਫ਼ੋਰਸ 'ਚ ਮਲਾਹਾਂ ਵਜੋਂ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਨੂੰ ਕਾਲਜਸ਼ੀਲ ਜ਼ਰੂਰਤਾਂ ਅਨੁਸਾਰ ਜੰਗੀ ਬੇੜਿਆਂ 'ਤੇ ਵੀ ਤਾਇਨਾਤ ਕੀਤਾ ਜਾਵੇਗਾ। ਹਾਲਾਂਕਿ ਜਲ ਸੈਨਾ ਵਲੋਂ ਹੁਣ ਤੱਕ 3 ਹਜ਼ਾਰ ਅਗਨੀਵੀਰ ਜਲ ਸੈਨਿਕਾਂ ਦੇ ਅਹੁਦਿਆਂ 'ਚੋਂ ਕਿੰਨੇ ਅਹੁਦਿਆਂ 'ਤੇ ਕੁੜੀਆਂ ਦੀ 2022 'ਚ ਚੋਣ ਕੀਤੀ ਜਾਵੇਗੀ, ਇਸ ਦੀ ਗਿਣਤੀ ਜਨਤਕ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੱਕ ਲਗਭਗ 10 ਹਜ਼ਾਰ ਮਹਿਲਾ ਉਮੀਦਵਾਰਾਂ ਨੇ ਆਪਣਾ ਰਜਿਸਟਰੇਸ਼ਨ ਕਰਵਾਇਆ ਸੀ। ਜਲ ਸੈਨਾ 21 ਨਵੰਬਰ ਨੂੰ ਭਾਰਤੀ ਜਲ ਸੈਨਾ ਦੇ ਮਲਾਹਾਂ ਲਈ ਪ੍ਰਮੁੱਖ ਬੁਨਿਆਦੀ ਸਿਖਲਾਈ ਸ਼ੁਰੂ ਕਰਨ ਨੂੰ ਲੈ ਕੇ ਆਈ.ਐੱਨ.ਐੱਸ. ਚਿਲਕਾ 'ਚ ਵਿਵਸਥਾ ਕਰ ਰਹੀ ਹੈ। ਇਸ 'ਚ ਮਹਿਲਾ ਮਲਾਹਾਂ ਦੀ ਸਿਖਲਾਈ ਦੀ ਵੀ ਸਹੂਲਤ ਹੋਵੇਗੀ। ਜਲ ਸੈਨਾ 'ਚ ਅਗਨੀਪੱਥ ਯੋਜਨਾ ਮੁੰਡੇ-ਕੁੜੀਆਂ ਦੋਹਾਂ ਲਈ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News