ਬਾਈਕ ’ਤੇ ਮਾਂ ਦੀ ਗੋਦ ’ਚੋਂ ਡਿੱਗੀ ਇਕ ਮਹੀਨੇ ਦੀ ਬੱਚੀ, 2km ਬਾਅਦ ਪਤਾ ਲੱਗਾ

Monday, Mar 02, 2020 - 12:19 AM (IST)

ਬਾਈਕ ’ਤੇ ਮਾਂ ਦੀ ਗੋਦ ’ਚੋਂ ਡਿੱਗੀ ਇਕ ਮਹੀਨੇ ਦੀ ਬੱਚੀ, 2km ਬਾਅਦ ਪਤਾ ਲੱਗਾ

ਭਿੰਡ — ਬਾਈਕ ’ਤੇ ਪਿੱਛੇ ਬੈਠ ਕੇ ਛੋਟੇ ਬੱਚਿਆਂ ਨੂੰ ਆਪਣੀ ਗੋਦ 'ਚ ਲੈ ਕੇ ਚੱਲਣ ਵਾਲੀਆਂ ਮਾਵਾਂ ਨੂੰ ਸਾਵਧਾਨ ਕਰਨ ਵਾਲੀ ਖ਼ਬਰ ਹੈ। ਮੱਧ ਪ੍ਰਦੇ਼ਸ਼ 'ਚ ਗਵਾਲੀਅਰ ਤੋਂ ਸ਼ਿਲਪੀ ਨਾਮੀ ਔਰਤ ਆਪਣੇ ਭਰਾ ਨਾਲ ਬਾਈਕ ’ਤੇ ਬੈਠ ਕੇ ਭਿੰਡ ਜਾ ਰਹੀ ਸੀ। ਉਸ ਨੇ ਆਪਣੀ ਇਕ ਮਹੀਨੇ ਦੀ ਬੱਚੀ ਨੂੰ ਕੰਬਲ 'ਚ ਲਪੇਟ ਕੇ ਗੋਦੀ 'ਚ ਚੁੱਕਿਆ ਸੀ। ਰਸਤੇ 'ਚ ਮਾਲਣਪੁਰ ਦੇ ਕੋਲ ਉਸ ਨੂੰ ਮਹਿਸੂਸ ਹੋਇਆ ਕਿ ਕੰਬਲ ਖਾਲੀ ਅਤੇ ਬੱਚੀ ਵਿਚੋਂ ਗਾਇਬ ਹੈ। ਉਸ ਦੇ ਹੋਸ਼ ਉੱਡ ਗਏ। ਉਸ ਨੇ ਆਪਣੇ ਭਰਾ ਨੂੰ ਬਾਈਕ ਰੋਕਣ ਲਈ ਕਿਹਾ ਅਤੇ ਉਸ ਨੂੰ ਬੱਚੀ ਦੇ ਨਾ ਹੋਣ ਬਾਰੇ ਦੱਸਿਆ। ਔਰਤ ਅਤੇ ਭਰਾ ਤੁਰੰਤ ਉਸੇ ਰਸਤੇ ਵਾਪਸ ਆਏ ਅਤੇ ਲਗਭਗ ਦੋ ਕਿਲੋਮੀਟਰ ਆਉਣ ਤੋਂ ਬਾਅਦ ਮਾਲਣਪੁਰ ਆਰ.ਟੀ.ਓ. ਬੈਰੀਅਰ ਕੋਲ ਬੱਚੀ ਉਨ੍ਹਾਂ ਨੂੰ ਸੁਰੱਖਿਅਤ ਮਿਲ ਗਈ। ਦਰਅਸਲ ਬੱਚੀ ਮਾਲਣਪੁਰ ਬੈਰੀਅਰ ਦੇ ਕੋਲ ਕੰਬਲ 'ਚੋਂ ਖਿਸਕ ਕੇ ਹੇਠਾਂ ਡਿੱਗ ਗਈ ਸੀ ਅਤੇ ਉਸ ਦੀ ਮਾਂ ਨੂੰ ਤੁਰੰਤ ਇਸ ਦਾ ਪਤਾ ਨਹੀਂ ਲੱਗਿਆ। ਬੱਚੀ ਦੇ ਡਿੱਗਣ ’ਤੇ ਆਸਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਬੱਚੀ ਨੂੰ ਸਿਹਤ ਕੇਂਦਰ ਭਿਜਵਾ ਦਿੱਤਾ। ਮੈਡੀਕਲ ਅਫਸਰ ਨੇ ਬੱਚੀ ਦੇ ਸਿਰ, ਨੱਕ, ਕੰਨ ’ਤੇ ਆਈਆਂ ਮਾਮੂਲੀ ਸੱਟਾਂ ਦਾ ਇਲਾਜ ਕੀਤਾ। ਹਸਪਤਾਲ 'ਚ ਰੋ ਰਹੀ ਬੱਚੀ ਨੂੰ ਚਮਚੇ ਨਾਲ ਦੁੱਧ ਪਿਲਾਇਆ। ਮਾਂ ਦੇ ਪਹੁੰਚਣ ’ਤੇ ਪੁਲਸ ਨੇ ਬੱਚੀ ਨੂੰ ਉਸ ਨੂੰ ਸੌਂਪ ਦਿੱਤਾ। ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ।


author

Inder Prajapati

Content Editor

Related News