ਆਫ਼ ਦਿ ਰਿਕਾਰਡ: 66 ਦਿਨਾਂ ’ਚ ਰੋਜ਼ਾਨਾ 1.50 ਕਰੋੜ ਲੋਕਾਂ ਦੇ ਟੀਕਾਕਰਨ ਦੀ ਲੋੜ
Wednesday, Oct 27, 2021 - 10:38 AM (IST)

ਨੈਸ਼ਨਲ ਡੈਸਕ- ਆਪਣੀ 100 ਕਰੋੜ ਦੀ ਬਾਲਗ ਆਬਾਦੀ ਦੇ ਕੋਵਿਡ ਟੀਕਾਕਰਨ ਲਈ ਭਾਰਤ ਨੂੰ ਅਗਲੇ 66 ਦਿਨਾਂ ਦੌਰਾਨ ਰੋਜ਼ਾਨਾ ਘੱਟੋ-ਘੱਟ 1.50 ਕਰੋੜ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦੇਣੀ ਹੋਵੇਗੀ। ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਉਪਲੱਬਧਤਾ ਹਰ ਮਹੀਨੇ ਵਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਦਸੰਬਰ ਤੱਕ ਸਭ ਬਾਲਗਾਂ ਦੇ ਟੀਕਾਕਰਨ ਦਾ ਅਹਿਮ ਨਿਸ਼ਾਨਾ ਤੈਅ ਕੀਤਾ ਹੈ ਤਾਂ ਜੋ 1 ਜਨਵਰੀ 2022 ਤੋਂ 2 ਤੋਂ 17 ਸਾਲ ਦੀ ਉਮਰ ਵਰਗ ਦੇ ਬੱਚਿਆਂ ਨੂੰ ਟੀਕੇ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। 21 ਅਕਤੂਬਰ ਤੱਕ ਭਾਰਤ ਨੇ 100 ਕਰੋੜ ਬਾਲਗਾਂ ਦਾ ਟੀਕਾਕਰਨ ਕੀਤਾ ਹੈ। ਇਨ੍ਹਾਂ ਵਿਚੋਂ 70 ਕਰੋੜ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ। ਬਾਕੀ ਦੇ 30 ਕਰੋੜ ਲੋਕਾਂ ਨੂੰ 279 ਦਿਨ ਵਿਚ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ। ਸਭ ਤੋਂ ਔਖੀ ਚੁਣੌਤੀ 66 ਦਿਨਾਂ 'ਚ ਬਾਕੀ ਦੇ 100 ਕਰੋੜ ਡੋਜ਼ ਦੇਣ ਦੀ ਹੈ।
ਕੋਵਿਡ ਵੈਕਸੀਨੇਸ਼ਨ ਟਾਸਕ ਫੋਰਸ ਦੇ ਮੁਖੀ ਡਾ. ਵੀ. ਕੇ. ਪਾਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਸੀਂ 75 ਫੀਸਦੀ ਬਾਲਗਾਂ ਨੂੰ ਟੀਕੇ ਦੀ ਪਹਿਲੀ ਡੋਜ਼ ਦੇ ਦਿੱਤੀ ਹੈ। ਹੁਣ ਚੁਣੌਤੀ ਬਾਕੀ ਬਚੀ 25 ਫੀਸਦੀ ਆਬਾਦੀ ਦੇ ਜਲਦੀ ਤੋਂ ਜਲਦੀ ਟੀਕਾਕਰਨ ਦੀ ਹੈ। ਖੁਸ਼ਕਿਸਮਤੀ ਨਾਲ ਭਾਰਤ ਕੋਲ ਅਜੇ ਵਧੇਰੇ ਵੈਕਸੀਨ ਹੈ। ਬਾਕੀ ਬਚੀ ਆਬਾਦੀ ਦਾ ਜਲਦੀ ਹੀ ਟੀਕਾਕਰਨ ਕੀਤਾ ਜਾਏਗਾ।
ਉਂਝ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਅਗਲੇ 66 ਦਿਨਾਂ ਵਿਚ 97 ਕਰੋੜ ਡੋਜ਼ ਦਾ ਪ੍ਰਬੰਧ ਕਿਵੇਂ ਕੀਤਾ ਜਾਏਗਾ। ਕੋਵਿਸ਼ੀਲਡ ਦੀ ਸਪਲਾਈ 30 ਕਰੋੜ ਅਤੇ ਕੋਵੈਕਸੀਨ ਦੀ 8 ਕਰੋੜ ਪ੍ਰਤੀ ਮਹੀਨਾ ਹੈ। ਇਸ ਲਈ ਵੈਕਸੀਨ ਦੀ ਤਾਂ ਕੋਈ ਕਮੀ ਨਹੀਂ। ਸਮੱਸਿਆ ਇਹ ਹੈ ਕਿ ਵੈਕਸੀਨੇਸ਼ਨ ਮੁਹਿੰਮ ਦੀ ਰਫਤਾਰ ਵਧੇਰੇ ਤੇਜ਼ ਨਹੀਂ ਹੈ। ਟੀਕਾਕਰਨ ਦੀ ਰੋਜ਼ਾਨਾ ਔਸਤ ਨੂੰ ਤੇਜ਼ ਕੀਤੇ ਜਾਣ ਦੀ ਲੋੜ ਹੈ।
ਰੋਜ਼ਾਨਾ ਟੀਕਾਕਰਨ 30 ਸਤੰਬਰ ਤੱਕ : 34.76 ਲੱਖ
1 ਤੋਂ 21 ਅਕਤੂਬਰ : 47.82 ਲੱਖ
22 ਅਕਤੂਬਰ : 71.10 ਲੱਖ
23 ਅਕਤੂਬਰ : 81 ਲੱਖ
24 ਅਕਤੂਬਰ : 17 ਲੱਖ
25 ਅਕਤੂਬਰ : 70 ਲੱਖ