ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਲੈ ਕੇ ਕੇਂਦਰੀ ਮੰਤਰੀ ਜਤਿੰਦਰ ਨੇ ਸੰਸਦ ''ਚ ਦਿੱਤਾ ਇਹ ਬਿਆਨ
Thursday, Nov 28, 2024 - 05:31 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 5 ਸਾਲਾਂ 'ਚ 1.12 ਕਰੋੜ ਤੋਂ ਜ਼ਿਆਦਾ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਸ਼ਿਕਾਇਤਾਂ ਕੇਂਦਰੀ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (CPGRAMS) ਪੋਰਟਲ 'ਤੇ ਕੀਤੀਆਂ ਗਈਆਂ ਸਨ। ਸਿੰਘ ਨੇ ਰਾਜ ਸਭਾ ਨੂੰ ਇਕ ਲਿਖਤੀ ਜਵਾਬ ਵਿਚ ਦੱਸਿਆ ਕਿ 2020-2024 ਤੱਕ ਕੁੱਲ 1,12,30,957 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਜਨਵਰੀ ਤੋਂ ਅਕਤੂਬਰ, 2024 ਤੱਕ CPGRAMS ਪੋਰਟਲ 'ਤੇ ਹੁਣ ਤੱਕ ਦੀ ਸਭ ਤੋਂ ਵੱਧ 23,24,323 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਦਾ ਔਸਤ ਨਿਪਟਾਰਾ ਸਮਾਂ 2019 ਵਿਚ 28 ਦਿਨਾਂ ਤੋਂ ਘਟ ਕੇ 2024 'ਚ 13 ਦਿਨ ਰਹਿ ਗਿਆ ਹੈ। ਸਰਕਾਰ ਨੇ ਸ਼ਿਕਾਇਤ ਨਿਵਾਰਨ ਨੂੰ ਸਮੇਂ ਸਿਰ, ਅਰਥਪੂਰਨ ਅਤੇ ਪਹੁੰਚਯੋਗ ਬਣਾਉਣ ਲਈ CPGRAMS ਦੇ 10-ਪੜਾਵੀ ਸੁਧਾਰਾਂ ਨੂੰ ਅਪਣਾਇਆ ਹੈ ਅਤੇ CPGRAMS ਪੋਰਟਲ 'ਤੇ 103,183 ਸ਼ਿਕਾਇਤ ਅਧਿਕਾਰੀਆਂ ਨੂੰ ਜੋੜਿਆ ਹੈ। ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਸਰਕਾਰ ਕੋਲ ਪੈਂਡਿੰਗ ਜਨਤਕ ਸ਼ਿਕਾਇਤਾਂ ਨੂੰ 31 ਅਕਤੂਬਰ, 2024 ਤੱਕ 54,339 ਦੇ ਹੇਠਲੇ ਪੱਧਰ 'ਤੇ ਲਿਆਉਣ ਵਿਚ ਮਦਦ ਮਿਲੀ ਹੈ।
ਸਰਕਾਰ ਨੇ 23 ਅਗਸਤ, 2024 ਨੂੰ ਜਨਤਕ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਵਿਆਪਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਸਿੰਘ ਨੇ ਕਿਹਾ ਕਿ CPGRAMS ਦੀ ਪੇਂਡੂ ਅਤੇ ਗਰੀਬ ਆਬਾਦੀ ਤੱਕ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ, ਸਰਕਾਰ ਨੇ ਨਾਗਰਿਕਾਂ ਲਈ ਸ਼ਿਕਾਇਤਾਂ ਦਰਜ ਕਰਵਾਉਣਾ ਆਸਾਨ ਬਣਾਉਣ ਲਈ ਸਾਂਝੇ ਸੇਵਾ ਕੇਂਦਰਾਂ ਨਾਲ ਸਹਿਯੋਗ ਕੀਤਾ ਹੈ।