ਉੱਤਰ ਪ੍ਰਦੇਸ਼ ''ਚ ''ਜੰਗਲ ਰਾਜ'', ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ: ਪ੍ਰਿਯੰਕਾ ਗਾਂਧੀ

03/07/2024 1:00:20 PM

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਦੋ ਕੁੜੀਆਂ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ਨੂੰ ਲੈ ਕੇ ਸੂਬੇ ਦੀ ਭਾਜਪਾ ਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਸੂਬੇ 'ਚ 'ਜੰਗਲ ਰਾਜ' ਹੈ, ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ 'ਚ ਜੇਕਰ ਪੀੜਤ ਕੁੜੀਆਂ ਅਤੇ ਔਰਤਾਂ ਇਨਸਾਫ਼ ਮੰਗਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਬਰਬਾਦ ਕਰ ਦੇਣਾ ਇਕ ਨਿਯਮ ਬਣ ਚੁੱਕਿਆ ਹੈ।

PunjabKesari

ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਕਾਨਪੁਰ 'ਚ ਸਮੂਹਿਕ ਜਬਰ-ਜ਼ਿਨਾਹ ਦੀਆਂ ਪੀੜਤ ਦੋ ਨਾਬਾਲਗ ਬੱਚੀਆਂ ਨੇ ਖ਼ੁਦਕੁਸ਼ੀ ਕਰ ਲਈ। ਹੁਣ ਉਨ੍ਹਾਂ ਬੱਚੀਆਂ ਦੇ ਪਿਤਾ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਦੋਸ਼ ਹੈ ਕਿ ਪੀੜਤ ਪਰਿਵਾਰ 'ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪੀੜਤ ਕੁੜੀਆਂ ਅਤੇ ਔਰਤਾਂ ਜੇਕਰ ਇਨਸਾਫ਼ ਮੰਗਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਬਰਬਾਦ ਕਰਨਾ ਇਕ ਨਿਯਮ ਬਣ ਗਿਆ ਹੈ। ਉਨਾਓ, ਹਾਥਰਸ ਤੋਂ ਲੈ ਕੇ ਕਾਨਪੁਰ ਤੱਕ- ਜਿੱਥੇ ਵੀ ਔਰਤਾਂ 'ਤੇ ਅੱਤਿਆਚਾਰ ਹੋਇਆ, ਉਨ੍ਹਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ ਗਏ। ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਇਸ ‘ਜੰਗਲ ਰਾਜ’ ਵਿਚ ਔਰਤ ਹੋਣਾ ਗੁਨਾਹ ਬਣ ਕੇ ਰਹਿ ਗਿਆ ਹੈ, ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ ਕਿ ਆਖ਼ਰ ਸੂਬੇ ਦੀਆਂ ਕਰੋੜਾਂ ਔਰਤਾਂ ਕੀ ਕਰਨ, ਕਿੱਥੇ ਜਾਣ?


Tanu

Content Editor

Related News