ਰਾਜਦ ਦੀ ਕਰਾਰੀ ਹਾਰ ਨਾਲ 14 ਨਵੰਬਰ ਨੂੰ ਮਨਾਈ ਜਾਵੇਗੀ ‘ਅਸਲੀ ਦੀਵਾਲੀ’ : ਸ਼ਾਹ
Friday, Oct 24, 2025 - 10:54 PM (IST)
ਸੀਵਾਨ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਹਾਰ ਵਿਚ ‘ਅਸਲੀ ਦੀਵਾਲੀ’ 14 ਨਵੰਬਰ ਨੂੰ ਮਨਾਈ ਜਾਵੇਗੀ ਜਦੋਂ ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਇਸ ਦੇ ਸਹਿਯੋਗੀਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਸੀਵਾਨ ਜ਼ਿਲੇ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਰਾਜਦ ਨੇ ਮਾਫੀਆ ਤੋਂ ਸਿਆਸਤਦਾਨ ਬਣੇ ਮੁਹੰਮਦ ਸ਼ਹਾਬੁਦੀਨ ਦੇ ਪੁੱਤਰ ਓਸਾਮਾ ਸ਼ਹਾਬ ਨੂੰ ਰਘੂਨਾਥਪੁਰ ਸੀਟ ਤੋਂ ਉਮੀਦਵਾਰ ਬਣਾਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਫਿਰ ਤੋਂ ‘ਜੰਗਲ ਰਾਜ’ ਵਾਪਸ ਲਿਆਉਣ ਚਾਹੁੰਦਾ ਹੈ।
ਸ਼ਾਹ ਨੇ ਕਿਹਾ ਕਿ ਸੀਵਾਨ ਦੀ ਜਨਤਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸ਼ਹਾਬੁਦੀਨ ਦੇ ਪੁੱਤਰ ਨੂੰ ਚੋਣਾਂ ਵਿਚ ਕਰਾਰੀ ਹਾਰ ਮਿਲੇ। ਲਾਲੂ-ਰਾਬੜੀ ਦੇ ਜੰਗਲ ਰਾਜ ਨੂੰ ਸੀਵਾਨ ਦੀ ਜਨਤਾ ਨੇ 20 ਸਾਲ ਤੱਕ ਝੱਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ 14 ਨਵੰਬਰ ਨੂੰ ਚੋਣ ਨਤੀਜੇ ਐਲਾਨੇ ਜਾਣਗੇ ਤਾਂ ਬਿਹਾਰ ਦੇ ਲੋਕ ਇਕ ਅਸਲੀ ਦੀਵਾਲੀ ਮਨਾਉਣਗੇ ਅਤੇ ਰਾਜਦ ਗੱਠਜੋੜ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਗ੍ਰਹਿ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਬਿਹਾਰ ਵਿਚ ਵਿਰੋਧੀ ‘ਇੰਡੀਆ’ ਗੱਠਜੋੜ ਪੂਰੀ ਤਰ੍ਹਾਂ ਟੁੱਟ ਗਿਆ ਹੈ। ਕਾਂਗਰਸ ਦੀ ‘ਵੋਟਰ ਅਧਿਕਾਰ ਯਾਤਰਾ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਘੁਸਪੈਠੀਏ ਇੱਥੇ ਰਹਿਣ, ਪਰ ਬਿਹਾਰ ਵਿਚ ਇਕ ਵੀ ਘੁਸਪੈਠੀਏ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ।
