ਕੇਂਦਰ ਦੇ ''ਏਜੰਸੀ-ਰਾਜ'' ਨੇ ਸਾਡਾ ਕੰਮ ਚੁਣੌਤੀਪੂਰਨ ਬਣਾ ਦਿੱਤਾ ਹੈ: ਮਮਤਾ ਬੈਨਰਜੀ
Saturday, May 20, 2023 - 02:01 PM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸੀ. ਬੀ. ਆਈ. ਵਲੋਂ ਪੁੱਛ-ਗਿੱਛ ਲਈ ਬੁਲਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤੰਜ ਕੱਸਿਆ ਹੈ। ਮਮਤਾ ਨੇ ਕਿਹਾ ਕਿ ਕੇਂਦਰ ਦੇ 'ਏਜੰਸੀ-ਰਾਜ' ਨੇ ਸੂਬੇ ਦਾ ਸ਼ਾਸਨ ਚਲਾਉਣ ਦੇ ਉਨ੍ਹਾਂ ਦੇ ਕੰਮ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ। ਉਨ੍ਹਾਂ ਨੇ 'ਵਾਮ ਸਰਕਾਰ' ਨੂੰ ਹਟਾ ਕੇ 2011 'ਚ ਪਹਿਲੀ ਵਾਰ ਸੂਬੇ ਵਿਚ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ ਦੇ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖੀ।
ਮਮਤਾ ਨੇ ਟਵੀਟ ਕੀਤਾ ਕਿ ਕੇਂਦਰ ਵਿਚ ਨਿਰੰਕੁਸ਼ ਸਰਕਾਰ ਦੇ ਏਜੰਸੀ-ਰਾਜ ਨੇ ਸਾਡੇ ਕੰਮ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਪਰ ਦੇਸ਼ ਭਰ ਵਿਚ ਲੱਖਾਂ ਲੋਕ ਸਾਡੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2011 ਵਿਚ ਅੱਜ ਦੇ ਹੀ ਦਿਨ ਅਸੀਂ 34 ਸਾਲ ਤੱਕ ਸ਼ਾਸਨ ਕਰਨ ਵਾਲੀ ਸਰਕਾਰ ਨੂੰ ਹਟਾ ਕੇ ਸੱਤਾ 'ਚ ਆਏ ਸੀ ਅਤੇ ਪੱਛਮੀ ਬੰਗਾਲ ਵਿਚ 'ਮਾਂ, ਮਾਟੀ, ਮਾਨੁਸ਼' ਸਰਕਾਰ ਬਣਾਈ ਸੀ।
ਮਮਤਾ ਦੇ ਟਵੀਟ ਤੋਂ ਇਕ ਘੰਟਾ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਨਿਜ਼ਾਮ ਪੈਲੇਸ ਸਥਿਤ CBI ਦੇ ਕੋਲਕਾਤਾ ਦਫ਼ਤਰ 'ਚ ਪੇਸ਼ ਹੋਏ। ਸਕੂਲ ਭਰਤੀ ਘਪਲੇ ਦੀ CBI ਦੀ ਜਾਂਚ ਦੇ ਸਬੰਧ ਵਿਚ ਉਹ CBI ਸਾਹਮਣੇ ਪੇਸ਼ ਹੋਏ। ਇਕ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਸਕੂਲ ਭਰਤੀ ਘਪਲੇ ਦੀ ਜਾਂਚ ਦੇ ਸਬੰਧ ਵਿਚ TMC ਦੇ ਚੋਟੀ ਦੇ ਨੇਤਾਵਾਂ ਦੇ ਨਜ਼ਦੀਕੀ ਮੰਨੇ ਜਾਂਦੇ ਸੁਜਯ ਕ੍ਰਿਸ਼ਨ ਭਦਰਾ ਦੇ ਘਰ ਵੀ ਛਾਪਾ ਮਾਰਿਆ ਸੀ।