ਹਥਿਆਰਬੰਦ ਨੌਜਵਾਨਾਂ ਨੇ ਸੈਲੂਨ ''ਤੇ ਕੀਤਾ ਹਮਲਾ
Tuesday, Sep 02, 2025 - 05:15 PM (IST)

ਮੋਗਾ (ਆਜ਼ਾਦ) : ਹਥਿਆਰਬੰਦ ਨੌਜਵਾਨਾਂ ਨੇ ਕੋਟ ਈਸੇ ਖਾਂ ਦੇ ਇਕ ਸੈਲੂਨ ਵਿਚ ਦਾਖਲ ਹੋ ਕੇ ਚਾਚੇ-ਭਤੀਜੇ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਇਸ ਤੋਂ ਇਲਾਵਾ ਸੈਲੂਨ ਦੀ ਭੰਨਤੋੜ ਵੀ ਕੀਤੀ। ਇਸ ਸਬੰਧ ਵਿਚ ਕੋਟ ਈਸੇ ਖਾਂ ਪੁਲਸ ਨੇ ਪਿੰਡ ਰੰਡਿਆਲਾ ਦੇ ਰਹਿਣ ਵਾਲੇ ਸੁਖਚੈਨ ਸਿੰਘ ਉਰਫ ਨਿੱਕਾ ਦੀ ਸ਼ਿਕਾਇਤ ’ਤੇ ਗੁਰਪ੍ਰੀਤ ਸਿੰਘ ਉਰਫ ਗੋਰਾ, ਬੁੱਗਾ ਸਿੰਘ, ਅਜੈ ਸਿੰਘ, ਨੰਨੂ, ਗੋਲੂ, ਕਾਲੂ, ਫੰਚਾ, ਸਾਰੇ ਵਾਸੀ ਪਿੰਡ ਰੰਡਿਆਲਾ ਅਤੇ 5-7 ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਂਚ ਸਹਾਇਕ ਪੁਲਸ ਇੰਸਪੈਕਟਰ ਰਘਵਿੰਦਰ ਪ੍ਰਸਾਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਚੈਨ ਸਿੰਘ ਉਰਫ਼ ਨਿੱਕਾ ਨੇ ਕਿਹਾ ਕਿ ਉਹ ਆਪਣੇ ਭਤੀਜੇ ਕਰਨਪ੍ਰੀਤ ਸਿੰਘ ਵਾਸੀ ਨਿਊ ਟਾਊਨ ਮੋਗਾ ਨਾਲ ਅੰਮ੍ਰਿਤਸਰ ਰੋਡ ਕੋਟ ਈਸੇ ਖਾਂ ’ਤੇ ਸਥਿਤ ਆਪਣੇ ਸੈਲੂਨ ਵਿਚ ਮੌਜੂਦ ਸੀ, ਜਦੋਂ ਹਥਿਆਰਾਂ ਨਾਲ ਲੈਸ ਕਥਿਤ ਹਮਲਾਵਰਾਂ ਨੇ ਆ ਕੇ ਮੈਨੂੰ ਅਤੇ ਮੇਰੇ ਭਤੀਜੇ ਨੂੰ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ ਅਤੇ ਦੁਕਾਨ ਦੀ ਭੰਨਤੋੜ ਵੀ ਕੀਤੀ, ਜਿਸ ’ਤੇ ਅਸੀਂ ਰੌਲਾ ਪਾਇਆ, ਫਿਰ ਹਮਲਾਵਰ ਸਾਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ।
ਮੈਨੂੰ ਅਤੇ ਮੇਰੇ ਭਤੀਜੇ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਲੜਾਈ ਇਕ ਔਰਤ ਨਾਲ ਛੇੜਛਾੜ ਦੇ ਸ਼ੱਕ ਵਿਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗੇਗਾ।