ਮੋਗਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰਾਂ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ

Thursday, Mar 14, 2024 - 06:23 PM (IST)

ਮੋਗਾ (ਗੋਪੀ ਰਾਊਕੇ/ਕਸ਼ਿਸ਼ ਸਿੰਗਲਾ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਮਿਲੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੋਗਾ ਪੁਲਸ ਵੱਲੋਂ ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਕਰੜੇ ਹੱਥੀਂ ਨਜਿੱਠਿਆ ਜਾ ਰਿਹਾ ਹੈ। ਪੁਲਸ ਵੱਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਾਨ ਪੁਲਸ ਮੋਗਾ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਇਸੇ ਲੜੀ ਤਹਿਤ ਮੋਗਾ ਪੁਲਸ ਵੱਲੋਂ 3 ਨਸ਼ਾ ਤਸਕਰਾਂ ਨੂੰ 5 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਇਕ ਹੋਂਡਾ ਇਮੇਜ਼ ਕਾਰ ਬਰਾਮਦ ਕੀਤੀ ਗਈ ਹੈ। ਇਹ ਆਪ੍ਰੇਸ਼ਨ ਐੱਸ.ਪੀ (ਆਈ) ਮੋਗਾ ਬਾਲ ਕ੍ਰਿਸ਼ਨ ਸਿੰਗਲਾ ਅਤੇ ਉਪ ਕਪਤਾਨ ਪੁਲਸ (ਡੀ) ਮੋਗਾ ਹਰਿੰਦਰ ਸਿੰਘ ਦੀ ਸੁਪਰਵਿਜ਼ਨ ਹੇਠ ਚਲਾਇਆ ਗਿਆ ਸੀ।

ਐੱਸ.ਐੱਸ.ਪੀ. ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਮਾਰਚ, 2024 ਨੂੰ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀ. ਆਈ. ਏ ਸਟਾਫ ਮੋਗਾ ਦੀ ਨਿਗਰਾਨੀ ਹੇਠ ਸ:ਥ ਸੁਖਵਿੰਦਰ ਸਿੰਘ ਮੋਗਾ ਸਮੇਤ ਪੁਲਸ ਪਾਰਟੀ, ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਲਈ ਕੋਟਕਪੂਰਾ ਬਾਈਪਾਸ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਉਰਫ਼ ਜੱਸਾ ਪੁੱਤਰ ਦਰਬਾਰਾ ਸਿੰਘ ਵਾਸੀ ਚੜਿੱਕ, ਜ਼ਿਲ੍ਹਾ ਮੋਗਾ, ਸੰਦੀਪ ਸਿੰਘ ਉਰਫ਼ ਭੱਟੀ ਪੁੱਤਰ ਲਾਲ ਸਿੰਘ ਵਾਸੀ ਸ਼ਾਹਵਾਲਾ ਰੋਡ ਜ਼ੀਰਾ, ਸੁਖਚੈਨ ਸਿੰਘ ਉਰਫ਼ ਚੈਨਾ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਥਾਣਾ ਸਦਰ ਮੋਗਾ, ਧਰਮਪ੍ਰੀਤ ਸਿੰਘ ਉਰਫ਼ ਧੰਮੀ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਥਾਣਾ ਸਦਰ ਮੋਗਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਇਹ ਉਕਤ ਸਾਰੇ ਜਾਣੇ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਮੋਗਾ ਸ਼ਹਿਰ ਵਿਚ ਸੰਦੀਪ ਸਿੰਘ ਉਰਫ ਭੱਟੀ ਉਕਤ ਦੇ ਮਕਾਨ ਦੁਸਾਂਝ ਰੋਡ, ਮੋਗਾ ਵਿਖੇ ਹੈਰੋਇਨ ਵੇਚਣ ਲਈ ਆਏ ਹੋਏ ਹਨ।

ਇਸ ਇਤਲਾਹ ’ਤੇ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਪ ਕਪਤਾਨ ਪੁਲਸ (ਸਿਟੀ) ਮੋਗਾ ਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਸੰਦੀਪ ਸਿੰਘ ਉਰਫ ਭੱਟੀ ਦੇ ਮਕਾਨ ਦੁਸਾਂਝ ਰੋਡ, ਮੋਗਾ ਦੇ ਬਾਹਰ ਖੜ੍ਹੀ ਕਾਰ ਹੋਂਡਾ ਇਮੇਜ਼ ਵਿਚੋਂ ਸੰਦੀਪ ਸਿੰਘ ਉਰਫ ਭੱਟੀ, ਸੁਖਚੈਨ ਸਿੰਘ ਉਰਫ ਚੈਨਾ ਅਤੇ ਧਰਮਪ੍ਰੀਤ ਸਿੰਘ ਉਰਫ ਧੰਮੀ ਉਕਤਾਨ ਨੂੰ ਕਾਬੂ ਕਰਕੇ ਇਨਾਂ ਪਾਸੋ 5 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਉਕਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐੱਸ ਐੱਕਟ ਥਾਣਾ ਸਿਟੀ ਮੋਗਾ ਵਿਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ੳਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਇਹ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਪੰਜਾਬ ਵਿਚ ਵੱਖ-ਵੱਖ ਜਗ੍ਹਾ ’ਤੇ ਸਪਲਾਈ ਕਰਦੇ ਸਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆਂ ਪਾਸੋਂ ਹੋਰ ਗਿੱਛ ਕਰਕੇ ਬੈਕਵਰਡ/ਫਾਰਵਰਡ ਬਾਰੇ ਤਫਤੀਸ਼ ਕੀਤੀ ਜਾਵੇਗੀ।


Gurminder Singh

Content Editor

Related News