ਨਗਰ ਪੰਚਾਇਤ ਬੱਧਨੀ ਕਲਾਂ ਦਾ ਇਕ ਹੋਰ ਕਮਾਲ ਆਇਆ ਸਾਹਮਣੇ
Wednesday, Jan 07, 2026 - 07:31 PM (IST)
ਬੱਧਨੀ ਕਲਾਂ, (ਗੋਪੀ ਰਾਊਕੇ)- ਨਗਰ ਪੰਚਾਇਤ ਬੱਧਨੀ ਕਲਾਂ ਆਪਣੇ ਕਥਿਤ ਕੰਮਾਂ ਨੂੰ ਲੈਕੇ ਪਿਛਲੇ ਪੰਜ ਵਰ੍ਹਿਆਂ ਤੋਂ ਵਿਵਾਦਾਂ ਵਿਚ ਚੱਲੀ ਆ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਮਗਰੋਂ ਇਕ ਗਲਤ ਫੈਸਲਿਆਂ ਕਰ ਕੇ ਨਗਰ ਪੰਚਾਇਤ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠ ਰਹੇ ਹਨ, ਬੀਤੇ ਕੱਲ ਸੱਤਾਧਾਰੀ ਧਿਰ ਵਿਰੋਧੀ ਕੌਂਸਲਰਾਂ ਨੂੰ ਮੀਟਿੰਗਾਂ ਵਿਚ ਪਾਸ ਕੀਤੇ ਕੰਮਾਂ ਦੀ ਜਾਣਕਾਰੀ ਨਾ ਦੇਣ ਕਰਕੇ ਉਠੇ ਵਿਵਾਦ ਅਜੇ ਸੁਲਗਦੇ ਹੀ ਸਨ ਕਿ ਨਗਰ ਪੰਚਾਇਤ ਬੱਧਨੀ ਕਲਾਂ ਦਾ ਨਵਾਂ ਕੰਮ ਸਾਹਮਣੇ ਆਇਆ ਹੈ।
ਨਗਰ ਪੰਚਾਇਤ ਦੀ ਵਾਹੀਯੋਗ 35 ਏਕੜ ਜ਼ਮੀਨ ਨੂੰ ਚੁੱਪ ਚੁਪੀਤੇ 33 ਸਾਲ ਲਈ ਲੀਜ਼ ’ਤੇ ਦੇਣ ਦੀ ਤਿਆਰੀ ਕਰ ਲਈ ਹੈ। ਭਾਵੇਂ ਨਗਰ ਪੰਚਾਇਤ ਦੇ 13 ਕੌਂਸਲਰਾਂ ਵਿਚੋਂ ਬਹੁਤੇ ਇਸ ਫੈਸਲੇ ਦੇ ਵਿਰੁੱਧ ਹਨ ਪਰੰਤੂ 3 ਕੌਂਸਲਰਾਂ ਨੇ ਤਾਂ ਪਾਸ ਕੀਤੇ ਮਤੇ ਦੇ ਵਿਰੋਧ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ।
‘ਜਗ ਬਾਣੀ’ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਨਗਰ ਪੰਚਾਇਤ ਵਲੋਂ ਅੱਜ 7 ਜਨਵਰੀ ਨੂੰ ਕੀਤੀ ਗਈ ਨਗਰ ਪੰਚਾਇਤ ਦੀ ਮੀਟਿੰਗ ਤੋਂ ਪਹਿਲਾਂ ਜੋ ਸਰਕਾਰੀ ਪੱਤਰ ਏਜੰਡਾ ਮੀਟਿੰਗ ਸਬੰਧੀ ਜਾਣਕਾਰੀ ਦੇਣ ਹਿੱਤ ਜਾਰੀ ਕੀਤਾ ਹੈ। ਉਸ ਵਿਚ ਸਪੱਸ਼ਟ ਹੈ ਕਿ 14 ਅਕਤੂਬਰ ਨੂੰ ਜੋ ਨਗਰ ਪੰਚਾਇਤ ਦੀ ਮੀਟਿੰਗ ਕੀਤੀ ਗਈ ਸੀ ਉਸ ਵਿਚ 20 ਏਕੜ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਰਣਨੀਤੀ ਬਣਾਈ ਹੈ। ਸਲਾਨਾ 75,000 ਰੁਪਏ ਕਿਰਾਇਆ ਲਿਆ ਜਾਵੇਗਾ ਅਤੇ 6 ਫੀਸਦੀ ਦਾ ਸਲਾਨਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਮਤਾ ਨੰਬਰ 35 ਤਹਿਤ 15 ਏਕੜ ਜ਼ਮੀਨ ਹੋਰ ਲੀਜ਼ ’ਤੇ ਦਿੱਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਵਿੰਦਰਜੀਤ ਸਿੰਘ ਰਵੀ ਨੰਬਰਦਾਰ ਉਨ੍ਹਾਂ ਦੀ ਪਤਨੀ ਕੌਂਸਲਰ ਇੰਦਰਜੀਤ ਕੌਰ, ਕਾਂਗਰਸੀ ਕੌਂਸਲਰ ਵਿਸ਼ਾਲ ਮਿੱਤਲ, ਪ੍ਰਧਾਨ ਕੁਲਵੰਤ ਸਿੰਘ, ਯੂਥ ਆਗੂ ਪਾਲੀ ਖਹਿਰਾ, ਸਾਬਕਾ ਕੌਂਸਲਰ ਜਗਤਾਰ ਸਿੰਘ ਭੋਲਾ ਆਦਿ ਨੇ ਮਤੇ ਦਾ ਸਖਤ ਵਿਰੋਧ ਕਰਦਿਆਂ ਨਗਰ ਪੰਚਾਇਤ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਧਾਨ ਰਵੀ ਨੰਬਰਦਾਰ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਦੇ ਕਥਿਤ ਪ੍ਰੈਸਰ ਅੱਗੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਅਹੁਦੇਦਾਰ ਗਲਤ ਫੈਸਲੇ ਕਰ ਰਹੇ ਹਨ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਗਾਤਾਰ ਜੇਕਰ ਕੋਈ ਪੰਜ ਵਰ੍ਹੇ ਜ਼ਮੀਨ ਨੂੰ ਠੇਕੇ ’ਤੇ ਵਾਹੁੰਦਾ ਹੈ ਤਾਂ ਉਸ ਤੋਂ ਹੀ ਜ਼ਮੀਨ ਦਾ ਕਬਜ਼ਾ ਛਡਾਉਣਾ ਔਖਾ ਹੋ ਜਾਂਦਾ ਹੈ। ਪਰੰਤੂ 33 ਸਾਲਾਂ ਬਾਅਦ ਕੌਣ ਨਗਰ ਪੰਚਾਇਤ ਦੀ ਜ਼ਮੀਨ ਵਾਪਸ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮਾਮਲੇ ਨੂੰ ਜਨਤਕ ਤੌਰ ’ਤੇ ਵੱਡਾ ਰੋਸ ਪ੍ਰਦਰਸ਼ਨ ਕਰ ਕੇ ਰੋਕਣ ਦਾ ਯਤਨ ਕੀਤਾ ਜਾਵੇਗਾ।
ਆਮ ਸ਼ਹਿਰੀਆਂ ਵਲੋਂ ਚੁਣੇ ਕੌਂਸਲਰਾਂ ਨੂੰ ਅਪੀਲ ਸੱਚ ਦਾ ਦਿੱਤਾ ਜਾਵੇ ਸਾਥ
13 ਮੈਂਬਰੀ ਨਗਰ ਪੰਚਾਇਤ ਦੇ ਸਿਰਫ 3 ਕੌਂਸਲਰਾਂ ਨੇ ਹੀ ਲਿਖਤੀ ਤੌਰ ’ਤੇ ਇਸ ਫੈਸਲੇ ਦਾ ਵਿਰੋਧ ਦਰਜ ਕਰਵਾਇਆ ਹੈ। ਜਦੋਂ ਕਿ ਭਾਵੇਂ ਹੋਰ ਕੁਝ ਕੌਂਸਲਰ ਵੀ ਇਸ ਫੈਸਲੇ ਦੇ ਵਿਰੋਧੀ ਤਾਂ ਹਨ ਪਰੰਤੂ ਉਨ੍ਹਾਂ ਮੀਟਿੰਗ ਵਿਚ ਵਿਰੋਧ ਦਰਜ ਕਰਵਾਉਣ ਦੀ ਥਾਂ ਚੁੱਪ ਰਹਿਣ ਨੂੰ ਤਰਜੀਹ ਦਿੱਤੀ ਹੈ। ਬੱਧਨੀ ਕਲਾਂ ਸ਼ਹਿਰ ਨਿਵਾਸੀਆਂ ਨੇ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦਾ ਸਾਥ ਦਿੰਦੇ ਹੋਏ ਸੱਚ ਦੇ ਰਾਹ ’ਤੇ ਚੱਲਣ ਅਤੇ ਇਸ ਫੈਸਲੇ ਦਾ ਵਿਰੋਧ ਕਰਨ।
ਨਗਰ ਪੰਚਾਇਤ ਚੋਣਾਂ ਵਿਚ ਮੁੱਖ ਮੁੱਦਾ ਬਣੇਗਾ ਜ਼ਮੀਨ ਲੀਜ ’ਤੇ ਦੇਣਾ
ਫਰਵਰੀ, ਮਾਰਚ ਮਹੀਨੇ ਹੋਣ ਵਾਲੀਆਂ ਨਗਰ ਪੰਚਾਇਤ ਬੱਧਨੀ ਕਲਾਂ ਦੀਆਂ ਆਮ ਚੋਣਾਂ ਵਿਚ ਜ਼ਮੀਨ ਲੀਜ ’ਤੇ ਦੇਣ ਦਾ ਮਾਮਲਾ ਗਰਮਾ ਸਕਦਾ ਹੈ। ਪਤਾ ਲੱਗਾ ਹੈ ਕਿ ਸੱਤਾਧਾਰੀ ਧਿਰ ਵਲੋਂ ਵੋਟਾਂ ਵਿਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਸ਼ਹਿਰੀਆਂ ਨੇ ਇਸ ਮਾਮਲੇ ’ਤੇ ਸਵਾਲ ਕਰਨ ਦੀ ਹੁਣੇ ਤੋਂ ਹੀ ਤਿਆਰੀ ਕਰ ਲਈ ਹੈ, ਕਿਉਂਕਿ ਸ਼ਹਿਰ ਨਿਵਾਸੀ ਬੇਸ ਕੀਮਤੀ ਜ਼ਮੀਨ ਨੂੰ ਲੀਜ ’ਤੇ ਦੇਣ ਦੇ ਲਈ ਤਿਆਰ ਨਹੀਂ ਹਨ। ਹੁਣ ਦੇਖਣਾ ਇਹ ਹੈ ਕਿ ਸ਼ਹਿਰ ਦੇ ਕਿੰਨੇ ਕੌਂਸਲਰ ਇਸ ਫੈਸਲੇ ਦੇ ਵਿਰੋਧ ਵਿਚ ਨਿੱਤਰਦੇ ਹਨ ਜਾਂ ਫਿਰ ਸੱਤਾਧਾਰੀ ਧਿਰ ਦੇ ਕਥਿਤ ਦਬਾਅ ਕਰ ਕੇ ਚੁੱਪ ਰਹਿਣ ਨੂੰ ਹੀ ਤਰਜੀਹ ਦੇਣਗੇ।
