ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਪਿੰਡ ਮਾਣੂੰਕੇ ਵਿਖੇ ਵੱਡਾ ਸਰਚ ਆਪ੍ਰੇਸ਼ਨ, 60 ਘਰਾਂ ’ਚ ਦਬਿਸ਼
Sunday, May 28, 2023 - 01:43 PM (IST)

ਨਿਹਾਲ ਸਿੰਘ ਵਾਲਾ (ਬਾਵਾ) : ਸੀਨੀਅਰ ਪੁਲਸ ਕਪਤਾਨ ਮੋਗਾ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ ਸਖ਼ਤ ਐਕਸ਼ਨ ਲੈਂਦਿਆਂ ਥਾਣੇ ਦੇ ਪਿੰਡ ਮਾਣੂੰਕੇ ਵਿਖੇ ਸਰਚ ਆਪ੍ਰੇਸ਼ਨ ਕੀਤਾ ਗਿਆ, ਜਿਸ ਦੌਰਾਨ 60 ਘਰਾਂ ਦੀ ਜਾਂਚ ਕਰਕੇ ਜਿੱਥੇ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ, ਉੱਥੇ 14 ਸ਼ੱਕੀ ਵਿਅਕਤੀਆਂ ਨੂੰ ਰਾਊਡ ਅੱਪ ਕੀਤਾ ਗਿਆ।
ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਰਸਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਸ ਵੱਲੋਂ ਸ਼ੱਕੀ ਨਸ਼ਾ ਸਮੱਗਲਰਾਂ, ਕ੍ਰੀਮਿਨਲ ਰਿਕਾਰਡ ਵਾਲੇ ਅਤੇ ਪੀ. ਓ. ਵਿਅਕਤੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਹੈ, ਜਿੱਥੋਂ 14 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਣੂੰਕੇ ਤੋਂ ਇਲਾਵਾ ਨਿਰਮਲ ਸਿੰਘ ਪੁੱਤਰ ਮੁਨਸ਼ੀ ਸਿੰਘ ਵਾਸੀ ਸੈਦੋਕੇ ’ਤੇ ਵੀ ਹੈਰੋਇਨ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ 9 ਵਿਅਕਤੀਆਂ ਦੇ 110 ਅਤੇ 107 ਦੇ ਕਲੰਦਰੇ ਭਰੇ ਜਾ ਰਹੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਸਰਚ ਆਪ੍ਰੇਸ਼ਨ ਹਰ ਪਿੰਡ ਵਿਚ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿਸੇ ਨਸ਼ਾ ਸਮੱਗਲਰਾਂ ਅਤੇ ਸ਼ੱਕੀ ਵਿਅਕਤੀਆਂ ਖਿਲਾਫ ਪੁਲਸ ਨੂੰ ਬਗੈਰ ਕਿਸੇ ਭੈਅ ਦੇ ਸੂਚਿਤ ਕਰਨ। ਪੁਲਸ ਪਾਰਟੀ ਨਾਲ ਚੌਂਕੀ ਇੰਚਾਰਜ ਦੀਨਾਂ ਹਰਵਿੰਦਰ ਸਿੰਘ ਮੰਡ, ਮੁੱਖ ਮੁਨਸੀ ਜਗਮੋਹਨ ਸਿੰਘ, ਰੀਡਰ ਸੰਦੀਪ ਸਿੰਘ ਆਦਿ ਹਾਜ਼ਰ ਸਨ।