ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੀਤੀ ’ਚ ਦੇਰੀ ਕਾਰਨ ਸਮੁੱਚਾ ਕੰਮ ਠੱਪ, ਮਜ਼ਦੂਰ ਵਰਗ ਹੋਇਆ ਵਿਹਲਾ

Wednesday, Aug 31, 2022 - 01:34 PM (IST)

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ 'ਚ 2022 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਜੇਕਰ ਸੂਬੇ 'ਚ ਪਾਰਟੀ ਦੀ ਸਰਕਾਰ ਬਣੀ ਤਾਂ ਆਮ ਲੋਕਾਂ ਨੂੰ ਮੁਫ਼ਤ ਦੇ ਭਾਅ ਰੇਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਕੰਮ 'ਚੋਂ ਮਾਫ਼ੀਆ ਖ਼ਤਮ ਕੀਤਾ ਜਾਵੇਗਾ ਪਰ ਦੂਜੇ ਪਾਸੇ ਹੁਣ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਨੂੰ ਲਾਗੂ ਹੋਣ 'ਚ ਹੋ ਰਹੀ ਦੇਰੀ ਕਾਰਨ ਸਮੁੱਚਾ ਕੰਮ ’ਠੱਪ’ ਹੋ ਕੇ ਰਹਿ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਮ ਲੋਕਾਂ ਤੱਕ ਸਸਤੀ ਰੇਤ ਤਾਂ ਕੀ ਪੁੱਜਣੀ ਸੀ ਸਗੋਂ ਹੁਣ ਰੇਤ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਨਾਲ ਵੀ ਲੋਕਾਂ ਨੂੰ ਰੇਤ ਮਿਲਣੀ ਮੁਸ਼ਕਲ ਹੋ ਕੇ ਗਈ ਹੈ।

ਇਹ ਵੀ ਪੜ੍ਹੋ : ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ

ਮੋਗਾ ਦੇ ਰੇਲਵੇ ਸਟੇਸ਼ਨ ਸਮੇਤ ਰੋਜ਼ਾਨਾ ਦੀ ਤਰ੍ਹਾਂ ਪਿੰਡਾਂ ਤੋਂ ਕੰਮ ਦੀ ਭਾਲ ’ਚ ਆਉਣ ਵਾਲਾ ਮਜ਼ਦੂਰ ਵਰਗ ਅਤੇ ਹੋਰ ਕਾਮੇ ਇਕ ਤਰ੍ਹਾਂ ‘ਵਿਹਲੇ’ ਹੋ ਗਏ ਹਨ। ਕੰਮ ਦੀ ਭਾਲ 'ਚ ਆਏ ਕਾਮੇ ਹਰਕ੍ਰਿਸ਼ਨ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਇਸ ਆਸ ਨਾਲ ਘਰੋਂ ਡੱਬੇ 'ਚ ਰੋਟੀ ਪਾ ਕੇ ਲਿਆਉਂਦੇ ਹਨ ਕਿ ਉਨ੍ਹਾਂ ਨੂੰ ਦਿਹਾੜੀ ਦੇ ਪੈਸੇ ਮਿਲ ਜਾਣਗੇ, ਜਿਸ ਨਾਲ ਉਹ ਆਪਣੇ ਪਰਿਵਾਰ ਦੀ ਗੱਡੀ ਦਾ ਪਹੀਆ ਤੋਰਨਗੇ ਪਰ ਰੇਤ ਨਾ ਮਿਲਣ ਕਰ ਕੇ ਉਸਾਰੀ ਸਮੇਤ ਸਾਰਾ ਕੰਮ ਬੰਦ ਪਿਆ ਹੈ, ਜਿਸ ਕਰ ਕੇ ਉਨ੍ਹਾਂ ਨੂੰ ਰੋਜ਼ਾਨਾ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਇਕ ਹੋਰ ਕਾਮੇ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਉਸਾਰੀ ਨਾਲ ਹੀ ਅੱਗੇ ਸਾਰੇ ਹੋਰਨਾਂ ਮਿਸਤਰੀਆਂ ਅਤੇ ਕਾਮਿਆਂ ਦਾ ਕੰਮ ਚੱਲਣਾ ਹੁੰਦਾ ਹੈ ਪਰ ਜਦੋਂ ਤੋਂ ‘ਆਪ’ ਸਰਕਾਰ ਆਈ ਹੈ ਉਦੋਂ ਤੋਂ ਹੁਣ ਤੱਕ ਲਗਭਗ 5 ਮਹੀਨੇ ਹੋ ਗਹੇ ਹਨ ਰੇਤ ਦਾ ਕਾਲ ਹੀ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਮਾਈਨਿੰਗ ਨੀਤੀ ਲਾਗੂ ਕਰ ਕੇ ਲੋਕਾਂ ਤੱਕ ਸਸਤੀ ਰੇਤ ਪੁੱਜਦੀ ਕਰਨੀ ਚਾਹੀਦੀ ਹੈ।

ਰੇਤ ਦਾ ਭਾਅ ਦੁੱਗਣੇ ਤੋਂ ਜ਼ਿਆਦਾ ਹੋਇਆ
ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਤੌਰ ’ਤੇ ਰੇਤ ਦੀਆਂ ਖੱਡਾਂ ਦਾ ਕੰਮ ਕਰਨ ਵਾਲੇ ਠੇਕੇਦਾਰ ਬਿੰਦਾ ਵਹਿਣੀਵਾਲ ਦਾ ਕਹਿਣਾ ਸੀ ਕਿ ਭਾਵੇਂ ਰੇਤ ਦੇ ਭਾਅ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ ਪਰ ਅਸਲੀਅਤ ਇਹ ਹੈ ਕਿ ਕਿਸੇ ਵੀ ਭਾਅ ’ਤੇ ਰੇਤ ਮਿਲਣੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਇਸ ਕਾਰੋਬਾਰ ਨਾਲ ਜੁੜੇ ਲੋਕ ਇਸ ਵੇਲੇ ਆਪਣਾ ਰੋਜ਼ਗਾਰ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਵੀਂ ਨੀਤੀ ਤਹਿਤ ਤੁਰੰਤ ਲੋਕਾਂ ਤੱਕ ਸਸਤੀ ਰੇਤ ਪੁੱਜਦੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੱਡਾਂ ਬੰਦ ਹੋਣ ਕਰ ਕੇ ਹਰ ਤਰ੍ਹਾਂ ਦੇ ਉਸਾਰੀ ਨਾਲ ਸਬੰਧਿਤ ਕੰਮ ਬੰਦ ਪਏ ਹਨ।

ਉਸਾਰੀ ਦੇ ਕੰਮ ਬੰਦ ਹੋਣ ਕਰ ਕੇ ਕਾਰਪੇਂਟਰ, ਪਲੰਬਰ ਤੇ ਹੋਰ ਮਿਸਤਰੀ ਮਜ਼ਦੂਰ ਵੀ ਹੋਏ ਵਿਹਲੇ : ਐਡਵੋਕੇਟ ਧੀਰ
ਕਿਰਤੀਆਂ ਦੇ ਹੱਕਾਂ ਲਈ ਹਰ ਵੇਲੇ ਆਵਾਜ਼ ਬੁਲੰਦ ਕਰਨ ਵਾਲੇ ਜ਼ਿਲ੍ਹਾ ਇੰਟਕ ਮੋਗਾ ਦੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਦਾ ਕਹਿਣਾ ਸੀ ਕਿ ਉਸਾਰੀ ਦੇ ਕੰਮ ਬੰਦ ਹੋਣ ਕਰ ਕੇ ਕਾਰਪੇਂਟਰ, ਪਲੰਬਰ ਸਮੇਤ ਹੋਰ ਕੰਮ ਕਰਨ ਵਾਲੇ ਮਿਸਤਰੀ ਅਤੇ ਮਜ਼ਦੂਰ ਵੀ ਵਿਹਲੇ ਹੋ ਗਏ ਹਨ ਕਿਉਂਕਿ ਕਿਸੇ ਵੀ ਉਸਾਰੀ ਮਗਰੋਂ ਹੀ ਦੂਜੇ ਮਿਸਤਰੀ ਕਾਮਿਆਂ ਦੇ ਕੰਮ ਚੱਲਣੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੱਲ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ


Anuradha

Content Editor

Related News