ਫਾਇਰਿੰਗ 'ਚ ਸ਼ਹੀਦ ਹੋਏ ਪੁਲਸ ਹੌਲਦਾਰ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ
Wednesday, Jun 10, 2020 - 12:33 PM (IST)
ਨਿਹਾਲ ਸਿੰਘ ਵਾਲਾ (ਬਾਵਾ): ਖੋਸਾ ਪਾਂਡੋ ਵਿਖੇ ਪੁਲਸ ਪਾਰਟੀ 'ਤੇ ਕੀਤੀ ਗਈ ਫਾਈਰਿੰਗ ਦੌਰਾਨ ਮੌਤ ਦਾ ਸ਼ਿਕਾਰ ਹੋਏ ਪੰਜਾਬ ਪੁਲਸ ਦੇ ਹੌਲਦਾਰ ਜਗਮੋਹਨ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਮਾਣੂੰਕੇ ਗਿੱਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਹੌਲਦਾਰ ਨੌਜਵਾਨ ਜਗਮੋਹਨ ਸਿੰਘ ਨੂੰ ਪੰਜਾਬ ਪੁਲਸ ਦੀ ਟੁਕੜੀ ਨੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ। ਇਸ ਸਮੇਂ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਉਸ ਦੇ ਬੇਟੇ ਅਤੇ ਛੋਟੇ ਭਰਾ ਨੇ ਅਗਨੀ ਦਿੱਤੀ। ਅੰਤਿਮ ਸੰਸਕਾਰ ਮੌਕੇ ਪੁੱਜੇ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਆਈ. ਜੀ. ਕੁਸਤਵ ਸ਼ਰਮਾ, ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੌਲਦਾਰ ਜਗਮੋਹਨ ਸਿੰਘ ਸ਼ਹੀਦ ਹੋਇਆ ਸੀ।
ਇਹ ਵੀ ਪੜ੍ਹੋ: ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ: ਹਰਪਾਲ ਚੀਮਾ
ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਕਥਿਤ ਦੋਸ਼ੀ ਨੌਜਵਾਨ ਦਾ ਆਪਣੇ ਪਰਿਵਾਰ ਨਾਲ ਘਰੇਲੂ ਝਗੜਾ ਸੀ, ਜਿਸ ਕਾਰਣ ਇਹ ਘਟਨਾ ਵਾਪਰੀ ਸੀ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਬੇਟੇ ਨੂੰ ਤਰਸ ਦੇ ਅਧਾਰ 'ਤੇ ਪੜ੍ਹਾਈ ਤੋਂ ਬਾਅਦ ਵਿਭਾਗ 'ਚ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਕੀਤੀ। ਇਸ ਸਮੇਂ ਐੱਸ.ਪੀ.(ਐੱਚ) ਮੈਡਮ ਸੁਰਿੰਦਰਜੀਤ ਕੌਰ, ਡੀ.ਐੱਸ.ਪੀ. ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ, ਡੀ.ਐੱਸ.ਪੀ. ਸੁਖਵਿੰਦਰ ਸਿੰਘ, ਡੀ.ਐੱਸ.ਪੀ. ਮਨਜੀਤ ਸਿੰਘ ਢੇਸੀ, ਸੀ. ਆਈ. ਏ . ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ, ਥਾਣਾ ਮੁਖੀ ਬੱਧਨੀ ਕਲਾਂ, ਇੰਸਪੈਕਟਰ ਜਗਤਾਰ ਸਿੰਘ, ਟ੍ਰੈਫਿਕ ਇੰਚਾਰਜ ਮੈਡਮ ਭੁਪਿੰਦਰ ਕੌਰ, ਐੱਸ.ਆਈ. ਨਿਰਮਲਜੀਤ ਸਿੰਘ, ਐੱਸ. ਆਈ . ਬੇਅੰਤ ਸਿੰਘ ਭੱਟੀ, ਚੌਂਕੀ ਇੰਚਾਰਜ ਬਲਵੀਰ ਸਿੰਘ ਕਲਿਆਣ, ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ, ਚੇਅਰਮੈਨ ਖਣਮੁੱਖ ਭਾਰਤੀ ਪੱਤੋ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।