ਹਾਰ ਦੀ ਸ਼ਕਲ ਵਰਗਾ ਗਹਿਣਾ ‘ਹਮੇਲ’
Friday, Oct 23, 2020 - 02:43 PM (IST)

ਹਮੇਲ ਜਨਾਨੀਆਂ ਦੇ ਗਲ਼ ਵਿੱਚ ਪਹਿਲਣ ਲਈ ਹਾਰ ਦੀ ਸ਼ਕਲ ਵਰਗਾ ਗਹਿਣਾ ਹੁੰਦਾ ਸੀ। ਚਾਂਦੀ ਜਾਂ ਸੋਨੇ ਦੀਆਂ ਮੋਹਰਾਂ ਜਾਂ ਰੁਪਈਆਂ ਨੂੰ ਧਾਗੇ ਵਿਚ ਪਰੋ ਕੇ ਜਨਾਨੀਆਂ ਆਪਣੇ ਗਲ਼ ਵਿਚ ਪਾਉਂਦੀਆਂ ਸਨ। ਮੋਹਰਾਂ ਜਾਂ ਰੁਪਈਆਂ ਨੂੰ ਕੰਡੇ ਲਗਾ ਲਏ ਜਾਂਦੇ ਸਨ ਅਤੇ ਉਨ੍ਹਾਂ ਨੂੰ ਧਾਗੇ ਵਿੱਚ ਪਰੋ ਲਿਆ ਜਾਂਦਾ ਸੀ। ਹਮੇਲ ਵਿੱਚ ਮੋਹਰਾਂ ਦੀ ਗਿਣਤੀ ਪਹਿਨਣ ਵਾਲੀ ਜਨਾਨੀ ਦੇ ਪਰਿਵਾਰ ਦੀ ਹਾਲਤ ’ਤੇ ਨਿਰਭਰ ਕਰਦੀ ਸੀ। ਇਹ ਗਹਿਣਾ ਅੱਜ ਵੀ ਪਿੰਡਾਂ ਦੀਆਂ ਬਜ਼ੁਰਗ ਜਨਾਨੀਆਂ ਦੇ ਗਲ਼ ਵਿੱਚ ਪਾਇਆ ਦੇਖਿਆ ਦਾ ਸਕਦਾ ਹੈ।
ਹਮੇਲ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਹਮਾਇਲ ਤੋਂ ਆਇਆ ਹੈ। ਹਮਾਇਲ ਦਾ ਅਰਥ ਹੈ ਬਗ਼ਲ ਵਿਚ ਲਟਕਾਉਣ ਦੀ ਹਰੇਕ ਚੀਜ਼। ਬਲਦਾਂ ਜਾਂ ਘੋੜਿਆਂ ਦੇ ਗਲ ਵਿਚ ਪਾਈ ਜਾਣ ਵਾਲੀ ਘੁੰਗਰਾਲ ਨੂੰ ਵੀ ਹਮੇਲ ਕਿਹਾ ਜਾਂਦਾ ਹੈ।
ਛੇਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿਚ ਸ਼ਾਮਲ ਸ਼੍ਰੀ ਫਿਰੋਜ਼ਦੀਨ ਸ਼ਰਫ ਦੀ ਲਿਖੀ ਕਵਿਤਾ ‘ਦੇਸ ਪੰਜਾਬ’ ਅਤੇ ਦਸਵੀਂ ਜਮਾਤ ਦੀ ਪੰਜਾਬੀ ਪੁਸਤਕ ‘ਸਾਹਿਤ ਮਾਲਾ’ ਵਿੱਚ ਦਰਜ ਪੀਲੂ ਦੁਆਰਾ ਲਿਖੇ ਕਿੱਸੇ ‘ਮਿਰਜ਼ਾ-ਸਾਹਿਬਾ’ ਅਤੇ ਕਾਦਰਯਾਰ ਦੁਆਰਾ ਲਿਖੇ ਕਿੱਸੇ ‘ਪੂਰਨ ਭਗਤ’ ਵਿਚ ਹਮੇਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਸ਼੍ਰੀ ਫ਼ਿਰੋਜ਼ਦੀਨ ਸ਼ਰਫ਼ ਜੀ ਲਿਖਦੇ ਹਨ :
ਰਲ-ਮਿਲ ਬਾਗੀ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ।
ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ-ਹਮੇਲਾਂ।
ਪੀਲੂ ਜੀ ਲਿਖਦੇ ਹਨ...
ਬੂਹੇ ਟੰਮਕ ਵੱਜਿਆ ਸਾਹਿਬਾਂ ਘੱਤੇ ਤੇਲ,
ਅੰਦਰ ਬੈਠੇ ਨਾਨਕੇ ਬੂਰੇ ਬੈਠਾ ਮੇਲ
ਥਾਲੀ ਵਟਨਾ ਰਹਿ ਗਿਆ ਕੁੱਪੇ ਅਤਰ ਫਲੇਲ, ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ।