'ਲੋਕੀ ਕੀ ਆਖਣਗੇ' ਆਖਰ ਕੌਣ ਹਨ ਇਹ ਲੋਕ ?

Wednesday, Jul 18, 2018 - 12:52 PM (IST)

'ਲੋਕੀ ਕੀ ਆਖਣਗੇ' ਆਖਰ ਕੌਣ ਹਨ ਇਹ ਲੋਕ ?

ਜਦੋਂ ਵੀ ਘਰ ਵਿਚ ਕੋਈ ਨਵਾਂ ਕੰਮ ਸ਼ੁਰੂ ਹੋਣ ਲੱਗਦਾ, ਛੋਟੇ ਹੁੰਦਿਆਂ ਤੋਂ ਹੀ ਅਕਸਰ ਘਰ ਵਿਚ ਆਪਣੇ ਬਜ਼ੁਰਗਾਂ ਤੋਂ ਜਾਂ ਸਕੇ ਸੰਬੰਧੀਆਂ ,ਦੋਸਤਾਂ ਤੋਂ ਇਕ ਗੱਲ ਜੋ ਆਮ ਸੁਣਨ ਨੂੰ ਮਿਲਦੀ ਰਹੀ…ਉਹ ਸੀ ਲੋਕੀ ਕੀ ਆਖਣਗੇ? ਬਚਪਨ ਤੋਂ ਲੈ ਕੇ ਹੁਣ ਤਕ ਇਹੀ ਸੋਚਦਾ ਰਿਹਾ ਕਿ ਆਖਰ ਇਹ ਲੋਕੀ ਕੌਣ ਹਨ? ਇਹ ਲੋਕ ਰਹਿੰਦੇ ਕਿੱਥੇ ਹਨ? ਇਹ ਕਹਿਣ,ਆਖਣ ਤੋਂ ਬਿਨ੍ਹਾਂ ਕੁੱਝ ਹੋਰ ਕਿਉਂ ਨਹੀਂ ਕਰਦੇ? ਕੀ ਇਹ ਕਹਿਣ,ਆਖਣ ਲਈ ਸਾਰਾ ਦਿਨ ਵਿਹਲੇ ਹੀ ਰਹਿੰਦੇ ਹਨ? ਹੌਲੀ-ਹੌਲੀ ਸਮਾਜ ਵਿਚ ਵਿਚਰੇ ਤਾਂ ਇਹਨਾਂ ਲੋਕਾਂ ਦੇ ਚਿਹਰੇ ਸਾਹਮਣੇ ਆਉਣ ਲੱਗੇ,ਜਿਹਨਾਂ ਨੂੰ ਬਚਪਨ ਤੋਂ ਲੱਭਦਾ ਰਿਹਾ,ਉਹ ਤਾਂ ਆਸੇ-ਪਾਸੇ ਹੀ ਮਿਲ ਗਏ ਜਿਵੇਂ ਕਹਿੰਦੇ ਨੀ ਹੁੰਦੇ ਕਿ 'ਕੁੱਛੜ ਕੁੜੀ ਸ਼ਹਿਰ ਢਿੰਡੋਰਾ'।ਹੌਲੀ- ਹੌਲੀ ਇਹਨਾਂ ਦੇ ਹਾਵ-ਭਾਵਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਕਈ ਵਾਰ ਜਾਣ ਬੁੱਝ ਕੇ ਵੱਖ-ਵੱਖ ਹਾਲਾਤਾਂ ਵਿਚ ਇਹਨਾਂ ਨੂੰ ਪਰਖਿਆਂ ਫਿਰ ਕਿਤੇ ਜਾ ਕੇ ਇਹਨਾਂ ਲੋਕਾਂ ਦਾ ਕਾਰਜ ਖੇਤਰ ਤੇ ਇਹ ਕਿਸ ਤਰ੍ਹਾਂ ਸੋਚਦੇ ਹਨ,ਕਿਸ ਤਰ੍ਹਾਂ ਕੰਮ ਕਰਦੇ ਹਨ ਜਾਂ ਕਹਿ ਲਓ ਕਿਸ ਤਰ੍ਹਾਂ 'ਕਹਿੰਦੇ ਜਾਂ ਆਖਦੇ ਹਨ' ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਲੋਕੀ ਕੀ ਕਹਿਣਗੇ?,ਦੀ ਸਮਝ ਆਉਣ ਲੱਗੀ। ਜਿਨ੍ਹਾਂ ਕੁ ਇਹਨਾਂ ਬਾਰੇ ਜਾਣਿਆ ਉਸ ਅਨੁਸਾਰ ਇਹ ਲੋਕ ਆਮ ਤੌਰ ਤੇ ਤੁਹਾਡੇ ਆਲੇ ਦੁਆਲੇ ਹੀ ਕਾਰਜ ਕਰਦੇ ਹਨ।ਇਹਨਾਂ ਦੀ ਕਾਰਜ ਸ਼ੈਲੀ ਦੇ ਆਧਾਰ 'ਤੇ ਇਹਨਾਂ ਦੀਆਂ ਕੁੱਝ ਵੱਖ-ਵੱਖ ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਹਨ।ਆਓ ਪਹਿਲੀ ਸ਼੍ਰੇਣੀ ਭਾਵ 'ਲੋਕੀ ਕੀ ਕਹਿਣਗੇ' ਵਾਲੇ ਲੋਕਾਂ ਦੀ ਪਹਿਲੀ ਵੰਨਗੀ ਬਾਰੇ ਗੱਲ ਕਰੀਏ।ਜੇਕਰ ਤੁਸੀਂ ਆਪਣੀ ਜਿੰਦਗੀ ਵਿਚ ਆਪਣੀ ਮਿਹਨਤ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਵਧੀਆ ਰੁਤਬਾ ਹਾਸਲ ਕਰ ਚੁੱਕੇ ਹੋ ਜਾਂ ਵਧੀਆ ਪੈਸਾ ਕਮਾ ਲਿਆ ਹੈ ,ਤਾਂ ਇਹ ਲੋਕ ਤੁਹਾਡੇ ਆਸ-ਪਾਸ ਪ੍ਰਗਟ ਹੁੰਦੇ ਹਨ ਅਤੇ ਇਹਨਾਂ ਨੂੰ ਇਸ ਗੱਲ ਦਾ ਬਹੁਤ ਜਿਆਦਾ ਸ਼ਿਕਵਾ ਰਹਿੰਦਾ ਹੈ ਕਿ ਆਖਰ ਇਹ ਸਭ ਕੁੱਝ ਤੁਹਾਨੂੰ ਹੀ ਕਿਉਂ ਮਿਲਿਆ? ਇਹ ਤੁਹਾਡੀ ਤਰੱਕੀ ਜਾਂ ਪੈਸੇ ਨੂੰ ਦੋ ਨੰਬਰ ਦਾ ਭਾਵ ਬਲੈਕ ਮਨੀ ਜਾਂ ਠੱਗੀਆਂ ਮਾਰ ਕੇ ਕਮਾਇਆ ਦੱਸਦੇ ਹਨ ਭਾਵੇਂ ਤੁਸੀਂ ਇਸ ਤਰੱਕੀ ਲਈ ਦਿਨ ਰਾਤ ਭੱਜ-ਦੌੜ,ਹੱਡ ਭੰਨਵੀਂ ਮਿਹਨਤ ਕਿਉਂ ਨਾ ਕੀਤੀ ਹੋਵੇ,ਉਹ ਸਭ ਇਹਨਾਂ ਦੀਆਂ ਨਜ਼ਰਾਂ ਜਾਂ ਸਮਝ ਤੋਂ ਪਰੇ ਹੁੰਦਾ ਹੈ।ਇਹਨਾਂ ਦਾ ਤੁਹਾਡੇ ਤੋਂ ਬਿਨਾ ਇਕ ਗਿਲ੍ਹਾ ਰੱਬ ਨਾਲ ਵੀ ਰਹਿੰਦਾ ਹੈ ਕਿ ਰੱਬਾ ਫਲਾਣੇ ਨੂੰ ਤੂੰ ਛੱਪਰ ਪਾੜ ਕੇ ਦਿੱਤਾ ਹੈ ਪਰ ਸਾਡੀ ਵਾਰੀ? ਇਹ ਦਿਨ ਰਾਤ ਉਠਦੇ ਬੈਠਦੇ ਰੱਬ ਨੂੰ ਤੇ ਦੂਜਿਆਂ ਨੂੰ ਕੋਸਦੇ ਰਹਿੰਦੇ ਹਨ ਪਰ ਆਪ ਆਪਣੀ ਤਰੱਕੀ ਲਈ ਡੱਕਾ ਨਹੀਂ ਤੋੜਦੇ। 
ਇਹਨਾਂ ਦੀ ਇਕ ਵਿਰੋਧੀ ਵੰਨਗੀ ਵੀ ਪਾਈ ਜਾਂਦੀ ਹੈ ।ਇਸ ਵਿਚ ਉਹ ਲੋਕ ਆਉਂਦੇ ਹਨ ਕਿ ਪ੍ਰਮਾਤਮਾ ਨਾ ਕਰੇ,ਤੁਹਾਨੂੰ ਕਾਰੋਬਾਰ ਵਿਚ ਕੋਈ ਘਾਟਾ ਪੈ ਜਾਵੇ, ਕਿਧਰੇ ਰੋਜ਼ਗਾਰ ਨਾ ਮਿਲੇ, ਕੋਈ ਦੁੱਖ ਤਕਲੀਫ ਘੇਰ ਲਵੇ ਤਾਂ ਇਹਨਾਂ ਲੋਕਾਂ ਦੀ ਚੱਕਰੀ ਘੁੰਮਦੀ ਹੈ ਅਤੇ ਤੁਸੀਂ ਇਹਨਾਂ ਦੀ ਨਜ਼ਰ ਵਿਚ ਦੁਨੀਆ ਦੇ ਸਭ ਤੋਂ ਨਿਕੰਮੇ ਅਤੇ ਬਦਕਿਸਮਤ ਵਿਅਕਤੀ ਬਣ ਜਾਂਦੇ ਹੋ।ਇਸ ਤਰ੍ਹਾਂ ਦੇ ਲੋਕ ਹਰ ਰੋਜ਼ ਤੁਹਾਨੂੰ ਦੇਖ-ਦੇਖ ਮਸਕਰੀਆਂ ਹਸਦੇ ਹਨ, ਲੰਘਦੇ-ਵੜਦੇ ਤਾਹਨੇ ਮੇਹਣੇ ਦਿੰਦੇ ਰਹਿੰਦੇ ਹਨ।
ਇਕ ਹੋਰ ਅਗਲੀ ਵੰਨਗੀ ਵਿੱਚ ਉਹ ਲੋਕ ਪਾਏ ਜਾਂਦੇ ਹਨ,ਇਹ ਲੋਕ ਜੋ ਕਹਿੰਦੇ ਹਨ ਜਾਂ ਆਖਦੇ ਹਨ,ਉਹ ਸਾਹਮਣੇ ਆ ਕੇ ਨਹੀਂ ਕਹਿੰਦੇ।ਇਹ ਕਹਿਣ ਲਈ ਜਾਂ ਆਖਣ ਲਈ ਕੋਈ ਹੋਰ ਮੋਢਾ ਲੱਭਦੇ ਹਨ ਭਾਵ ਕਿਸੇ ਦੀ ਬੁਰਾਈ ਲਈ ਦੂਜਿਆਂ ਨੂੰ ਸਾਧਨ ਵਜੋਂ ਵਰਤਦੇ ਹਨ।ਇਹ ਲੋਕ ਹੌਲੀ ਹੌਲੀ ਦੂਜਿਆਂ ਦੇ ਕੰਨਾਂ ਵਿੱਚ ਤੁਹਾਡੇ ਪ੍ਰਤੀ ਜਹਿਰ ਘੋਲਦੇ ਰਹਿੰਦੇ ਹਨ।ਇਹ ਸ੍ਰੇਣੀ ਬਹੁਤ ਘਾਤਕ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਪਛਾਣਨਾ ਸਮੁੰਦਰ ਵਿੱਚੋਂ ਬੂੰਦ ਅਲੱਗ ਕਰਨ ਬਰਾਬਰ ਹੁੰਦਾ ਹੈ।ਇਹ ਲੋਕ ਕਈ ਵਾਰੀ ਸਾਰੀ ਸਾਰੀ ਉਮਰ ਸਾਹਮਣੇ ਨਹੀਂ ਆਉਂਦੇ।ਇਹਨਾਂ ਦਾ ਕਿਸੇ ਦੇ ਖੁਸ਼ਹਾਲ ਜੀਵਨ ਵਿੱਚ ਘੋਲਿਆ ਜਹਿਰ ਕਈ ਵਾਰ ਕਿਸੇ ਦਾ ਹਸਦਾ ਵਸਦਾ ਘਰ ਉਜਾੜ ਕੇ ਰੱਖ ਦਿੰਦਾ ਹੈ।ਜੇਕਰ ਕਦੇ ਇਹਨਾਂ ਦੀ ਕਹੀ ਜਾਂ ਬੋਲੀ ਗੱਲ ਫੜੀ ਵੀ ਜਾਵੇ ਜਾਂ ਸਾਹਮਣੇ ਆ ਜਾਵੇ ਤਾਂ ਇਹ ਸਾਫ ਮੁਕਰ ਜਾਂਦੇ ਹਨ ਅਤੇ ਅਜਿਹੇ ਡਰਾਮੇ ਕਰਦੇ ਹਨ ਕਿ ਫਿਲਮੀ ਐਕਟਰਾਂ ਜਾਂ ਟੀ.ਵੀ ਸੀਰੀਅਲਾਂ ਦੀਆਂ ਸੱਸ-ਬਹੁਆਂ ਨੂੰ ਵੀ ਕਲਾਕਾਰੀ ਵਿੱਚ ਪਿੱਛੇ ਛੱਡ ਦਿੰਦੇ ਹਨ।ਸਾਇਦ ਇਸ ਵੰਨਗੀ ਦੇ ਲੋਕਾਂ ਕਰਕੇ ਹੀ ਅੱਜਕਲ ਗਿਰਗਿਟਾਂ ਰੰਗ ਬਦਲਣਾ ਛੱਡ ਦਿੱਤਾ ਹੈ।
ਇੱਕ ਹੋਰ ਵੰਨਗੀ ਵਿੱਚ ਅਜਿਹੇ ਲੋਕ ਆਉਂਦੇ ਹਨ ਜੋ ਸਾਡੇ ਮੂੰਹ 'ਤੇ ਬਹੁਤ ਮਿੱਠੇ ਬਣ ਕੇ ਰਹਿੰਦੇ ਹਨ,ਸਾਡੀ ਜੀ ਹਜੂਰੀ ਕਰਦੇ ਹਨ,ਵਾਹੀ ਵਾਹੀ ਕਰਦੇ ਹਨ,ਪਰ ਅੰਦਰੋਂ-ਅੰਦਰੀਂ ਸਾੜਾ ਵੀ ਰੱਖਦੇ ਹਨ।ਇਸ ਕਿਸਮ ਦੇ ਲੋਕੀਂ ਸਾਡੀ ਛੋਟੀ ਜਿਹੀ ਗਲਤੀ ਦੀ ਤਾਕ ਵਿਚ ਰਹਿੰਦੇ ਹਨ ਕਿ ਕਦੋਂ ਅਸੀਂ ਕੋਈ ਅਣਚਾਹੀ ਗਲਤੀ ਕਰੀਏ ਅਤੇ ਫਿਰ ਇਹ ਸਾਨੂੰ ਰੱਜ ਕੇ ਕੋਸਣ ਜਾਂ ਕਹਿ ਲਓ ਆਪਣੇ ਮਨ ਅੰਦਰ ਸਾਡੇ ਪ੍ਰਤੀ ਭਰੀ ਭੜਾਸ ਕੱਢਣ।ਇਹਨਾਂ ਦੀ ਪਛਾਣ ਕਰਨੀ ਸੌਖੀ ਹੈ,ਆਮ ਤੌਰ ਤੇ ਇਹ ਸਾਡੇ ਬਹੁਤ ਨੇੜਲੇ ਸਾਥੀਆਂ 'ਚੋਂ ਹੁੰਦੇ ਹਨ।ਇਹਨਾਂ ਦੀ ਪਛਾਣ ਦਾ ਇਕ ਤਰੀਕਾ ਹੋਰ ਵੀ ਹੈ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਹੋ ਤਾਂ ਇਹ ਤੁਹਾਡੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ,ਤੁਹਾਨੂੰ ਕਦੇ ਟੋਕਦੇ ਨਹੀਂ ਚਾਹੇ ਗਲਤ ਬੋਲ ਰਹੇ ਹੋਵੋ ਜਾਂ ਸਹੀ,ਨਾ ਹੀ ਇਹ ਆਪਣੀ ਕੋਈ ਨਿੱਜੀ ਰਾਏ ਦਿੰਦੇ ਹਨ।ਇਹ ਇਕ ਰਿਕਾਰਡਰ ਵਾਂਗ ਕੰਮ ਕਰਦੇ ਹਨ ਜੋ ਹਰ ਗੱਲ ਨੂੰ ਰਿਕਾਰਡ ਕਰਦਾ ਹੈ ਅਤੇ ਲੋੜ ਪੈਣ ਤੇ ਉਸੇ ਰਿਕਾਰਡ ਗੱਲਬਾਤ ਨੂੰ ਤੁਹਾਡੇ ਵਿਰੁੱਧ ਵਰਤਦੇ ਹਨ।ਇਹ ਲੋਕ ਕਦੇ ਵੀ ਆਪਣੇ ਨਾਲ ਸੰਬੰਧਤ ਕਿਸੇ ਘਟਨਾ ਦਾ ਜ਼ਿਕਰ ਜਾਂ ਆਪਣੀ ਕੋਈ ਵੀ ਨਿੱਜੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ ,ਹਾਂ ਪਰ ਤੁਹਾਡੇ ਤੋਂ ਜ਼ਰੂਰ ਹਰ ਗੱਲ ਸੁਣਨ ਦੀ ਇੱਛਾ ਰੱਖਦੇ ਹਨ।ਇਹਨਾਂ ਨੂੰ ਮਿੱਠੇ ਠੱਗ ਵੀ ਕਿਹਾ ਜਾਂਦਾ ਹੈ ਜੋ ਮਿੱਠੀਆਂ ਗੱਲਾਂ ਨਾਲ ਠੱਗਦੇ ਹਨ।
ਇਕ ਹੋਰ ਵੰਨਗੀ ਹੈ,ਇਹਨਾਂ ਲੋਕਾਂ ਦੀ ,ਆਪੇ ਬਣੇ ਸਿਆਣੇ ਜਾਂ ਕਾਗਜੀ ਆਦਰਸ਼ਾਂ ਵਾਲੇ ।ਇਸ ਵੰਨਗੀ ਦੇ ਲੋਕ ਸਾਰਾ ਟਾਈਮ ਗੱਲਾਂ ਦਾ ਕੜਾਹ ਬਨਾਉਣ ਵਿਚ ਮਾਹਿਰ ਹੁੰਦੇ ਹਨ।ਇਹ ਦੂਜੇ ਬੰਦੇ ਨਾਲ ਗੱਲਾਂ ਕਰਦੇ ਹੋਏ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਕੁਰਸੀ ਤੇ ਬਿਠਾ ਕੇ ਗੱਲ ਕਰਦੇ ਹਨ ਭਾਵ ਇਹ ਸੋਚਦੇ ਹਨ ਕਿ ਦੁਨੀਆਂ 'ਚ ਨਾਂ ਤਾਂ ਇਹਨਾਂ ਵਰਗਾ ਗਿਆਨਵਾਨ ਆਦਰਸ਼ਵਾਦੀ ਕੋਈ ਹੋਇਆ ਹੈ ਨਾ ਹੋਵੇਗਾ।ਜੇ ਕਦੇ ਤੁਸੀਂ ਇਹਨਾਂ ਦੀ ਕਿਸੇ ਗੱਲ 'ਚ ਪ੍ਰਸ਼ੰਸ਼ਾ ਕਰੋਗੇ ਤਾਂ ਇਹਨਾਂ ਦਾ ਜਵਾਬ ਹੁੰਦਾ ਹੈ ਨਾ ਜੀ ਅਸੀਂ ਏਨੇ ਜੋਗੇ ਕਿੱਥੇ ਜਦੋਂ ਕਿ ਅੰਦਰੋਂ ਅੰਦਰੀਂ ਪ੍ਰਸ਼ੰਸ਼ਾ ਸੁਣ ਖੁਸ਼ ਵੀ ਹੋ ਰਹੇ ਹੁੰਦੇ ਹਨ,ਜੇ ਕਿਤੇ ਇਹਨਾਂ ਦੇ ਕਿਸੇ ਕਿੱਤੇ ਕੰਮ ਦੀ ਪ੍ਰਸ਼ੰਸ਼ਾ ਕਰਨੀ ਤੁਸੀਂ ਭੁੱਲ ਜਾਓ ਫਿਰ ਇਹਨਾਂ ਲਈ ਤੁਸੀਂ ਦੁਨੀਆਂ ਦੇ ਸਭ ਤੋਂ ਨਿਕੰਮੇ ਬੰਦੇ ਬਣ ਜਾਂਦੇ ਹੋ।ਹਰ ਰੋਜ਼ ਦੂਜਿਆਂ ਨੂੰ ਵੱਡੇ-ਵੱਡੇ ਭਾਸ਼ਣ ਸੰਦੇਸ਼ ਦੇ ਕੇ ਆਪਣੇ ਅੰਦਰ ਦੇ ਕੀੜੇ ਸ਼ਾਂਤ ਕਰਦੇ ਰਹਿੰਦੇ ਹਨ,ਦੂਜਿਆਂ ਨੂੰ ਕੋਸਦੇ ਰਹਿੰਦੇ ਹਨ ਪਰ ਜੇਕਰ ਇਹਨਾਂ ਨੂੰ ਕਦੇ ਪੁੱਛੀਏ ਕਿ ਕੀ ਤੁਸੀਂ ਜੋ ਕਹਿ ਰਹੇ ਹੋ ਕੀ ਆਪ ਆਪਣੇ ਜੀਵਨ ਨੂੰ ਉਹਨਾਂ ਆਦਰਸ਼ਾਂ ਅਨੁਸਾਰ ਢਾਲਿਆ ਹੈ ਤਾਂ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਜਾਂ ਇਹ ਟੋਪਿਕ ਬਦਲ ਤੁਹਾਨੂੰ ਕਿਸੇ ਹੋਰ ਗੱਲ ਵਿਚ ਕੋਸਣਾ ਸ਼ੁਰੂ ਕਰ ਦਿੰਦੇ ਹਨ ।ਇਹਨਾਂ ਲੋਕਾਂ ਦੀ ਪਛਾਣ ਇਸ ਗੱਲ ਤੋਂ ਕੀਤੀ ਜਾਂ ਸਕਦੀ ਹੈ ਕਿ ਇਹ ਪਤਾ ਹੁੰਦੇ ਹੋਏ ਵੀ ਕਦੇ ਆਪਣੀ ਗਲਤੀ ਨਹੀਂ ਮੰਨਦੇ ਨਾ ਹੀ ਦੂਜੇ ਦੀ ਕੋਈ ਕਹੀ ਗੱਲ ਸਮਝਦੇ ਹਨ ਨਾ ਸੁਣਦੇ ਹਨ ਪਰ ਆਪਣੀ ਗੱਲ ਸਾਰਿਆਂ ਨੂੰ ਸੁਨਾਉਣਾ ਚਾਹੁੰਦੇ ਹਨ ਤੇ ਸੋਚਦੇ ਹਨ ਕਿ ਮੈਂ ਤੇ ਸਿਰਫ ਮੈਂ ਹੀ ਸਹੀ ਹਾਂ ਜੋ ਇਹਨਾਂ ਵਿਚਲੀ ਹਊਮੈਂ ਨੂੰ ਦਰਸਾਉਂਦਾ ਹੈ।ਇਹ ਲੋਕ ਦੁਨੀਆ ਦੇ ਸਭ ਤੋਂ ਵਧ ਦੁਖੀ ਲੋਕ ਹੁੰਦੇ ਹਨ।
ਅੱਜਕਲ ਇਕ ਨਵੇਕਲੀ ਵੰਨਗੀ ਆ ਗਈ ਹੈ ਜਿਸਨੂੰ ਦੋਗਲੀ ਸ਼੍ਰੇਣੀ ਕਹਿ ਸਕਦੇ ਹਾਂ।ਇਹ ਲੋਕ ਕਦੇ ਵੀ ਕਿਸੇ ਨਾਲ ਵਿਗਾੜਦੇ ਨਹੀਂ ।ਇਹ      ਤੁਹਾਡੀ ਬੁਰਾਈ ਵੀ ਇਸ ਤਰੀਕੇ ਨਾਲ ਕਰਦੇ ਹਨ ਕਿ ਤੁਹਾਨੂੰ ਕਦੇ ਅਹਿਸਾਸ ਵੀ ਨਹੀਂ ਹੁੰਦਾ।ਲੋੜ ਸਮੇਂ ਸਭ ਤੋਂ ਵਧ ਧੋਖਾ ਇਹੋ ਦਿੰਦੇ ਹਨ।
ਵੈਸੇ ਕਹਿੰਦੇ ਹਨ ਕਿ ਦੁਨੀਆ ਵਿਚ ਕੋਈ ਵੀ ਚੀਜ਼ ਸੌ ਪ੍ਰਤੀਸ਼ਤ ਪੂਰੀ ਜਾਂ ਨਿਪੁੰਨ ਨਹੀਂ ਹੁੰਦੀ ਪਰ ਫਿਰ ਵੀ ਜੇਕਰ ਅਸੀਂ ਥੋੜ੍ਹੀ-ਥੋੜ੍ਹੀ ਕੋਸ਼ਿਸ਼ ਕਰੀਏ ਤਾਂ ਅਸੀਂ ਆਪਣੀਆਂ ਇਹਨਾਂ ਬੁਰਾਈਆਂ ਉੱਤੇ ਕਾਬੂ ਪਾ ਸਕਦੇ ਹਾਂ ।ਸੱਚ ਮੰਨਿਓ ਫਿਰ ਸਾਨੂੰ ਸਾਰੀ ਜ਼ਿੰਦਗੀ ਨਾ ਤਾਂ ਇਹ ਸੋਚਣਾ ਪਏਗਾ ਕਿ ਲੋਕੀ ਕੀ ਕਹਿਣਗੇ ਕਿਉਂਕਿ ਇਹ ਸਾਰੇ ਲੋਕੀ ਸਾਡੇ ਸਭ ਵਿਚੋਂ ਹੀ ਹਨ,ਜਦੋਂ ਅਸੀਂ ਸਭ ਨੇ ਆਪਣੇ ਅੰਦਰ ਝਾਤੀ ਮਾਰ ਇਹਨਾਂ ਬੁਰਾਈਆਂ ਨੂੰ ਲੱਭ ਦੂਰ ਕਰਲਿਆ ਇਸ ਸਮੱਸਿਆ ਦਾ ਹੱਲ ਆਪੇ ਹੀ ਹੋ ਜਾਣਾ ਹੈ।ਜਰਾ ਸੋਚਿਓ ਜ਼ਰੂਰ…ਧੰਨਵਾਦ। 
ਅਵਤਾਰ ਸਿੰਘ ਸੌਜਾ 
ਪਿੰਡ –ਸੌਜਾ, ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ                     
ਮੋਬਾਇਲ ਨੰ 98784 29005


Related News