ਪ੍ਰੇਸ਼ਾਨੀਆਂ ਤੁਹਾਡੀਆਂ ਮੌਜਾਂ ਕਿਸੇ ਹੋਰ ਦੀਆਂ

Thursday, Jun 14, 2018 - 05:03 PM (IST)

ਪ੍ਰੇਸ਼ਾਨੀਆਂ ਤੁਹਾਡੀਆਂ ਮੌਜਾਂ ਕਿਸੇ ਹੋਰ ਦੀਆਂ

ਅੰਧ-ਵਿਸ਼ਵਾਸ਼ ਨੇ ਦੁਨੀਆ ਵਿਚ ਬਹੁਤ ਦੇਰ ਤੋਂ ਚੱਕਰ ਚਲਾਇਆ ਹੋਇਆ ਹੈ। ਲੋਕ ਚੰਦ ਤੱਕ ਪਹੁੰਚ ਗਏ ਹਨ, ਟੈਕਨੌਲਜ਼ੀ ਇੰਨੀ ਵਧ ਚੁਕੀ ਹੈ, ਅੱਖ ਦੇ ਝਮਕਦਿਆਂ ਕਿੰਨਾਂ ਕੁਝ ਬਦਲ ਜਾਂਦਾ ਹੈ ਪਰ ਦੁਨੀਆ ਤੇ ਅੰਧ ਵਿਸ਼ਵਾਸ ਘਟਣ ਦਾ ਨਾਂ ਹੀ ਨਹੀਂ ਲੈ ਰਿਹਾ ।ਇਸ ਅੰਧ ਵਿਸ਼ਵਾਸ਼ ਨੂੰ ਫੈਲਾਉਣ ਵਿਚ ਸਭ ਤੋਂ ਵਧ ਹੱਥ ਹੈ ਕੁਝ ਅਖ਼ਬਾਰਾਂ ਅਤੇ ਟੈਲੀਵੀਜ਼ਨ ਵਾਲਿਆਂ ਦਾ। ਇਹਨਾਂ ਵਿਚੋਂ ਕੁਝ ਟੈਲੀਵੀਜਨ ਅਤੇ ਅਖ਼ਬਾਰਾਂ ਵਾਲੇ ਤਾਂ ਸਿੱਖੀ ਸਰੂਪ ਵਿਚ ਹਨ ਪਰ ਉਹਨਾਂ ਨੂੰ ਇਸ ਸਰੂਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦਾ ਮਾਰਗ ਦਰਸ਼ਨ ਇਕ ਹੀ ਹੈ ਪੈਸਾ, ਜੀ ਹਾਂ ਪੈਸਾ! ਉਹਨਾਂ ਨੂੰ ਕਿਸੇ ਦੇ ਠੱਗੇ ਜਾਣ , ਲੁਟੇ ਜਾਣ ਦਾ ਜਾਂ ਸਿੱਖ ਧਰਮ ਵਿਚ ਗੁਰੂ ਸਾਹਿਬ ਵਲੋਂ ਬਾਣੀ ਰਾਹੀ ਦਿੱਤੇ ਉਪਦੇਸ਼ ਕੋਈ ਮਹਿਨੇ ਨਹੀਂ ਰੱਖਦੇ। ਭਾਵੇਂ ਉਹ ਗੁਰੂ ਸਾਹਿਬ ਅੱਗੇ ਜਾ ਕੇ ਆਪਣਾ ਮੱਸਤਕ ਜ਼ਰੂਰ ਰੱਖਦੇ ਹਨ ਪਰ ਵਿਸ਼ਵਾਸ਼ ਵਾਲੀ ਕੋਈ ਗੱਲ ਨਹੀਂ ਹੈ।ਇਹ ਲੋਕ ਪੈਸੇ ਲਈ ਸਭ ਰਿਸ਼ਤੇਦਾਰੀਆਂ ਭੈਣ, ਭਰਾ, ਭਤੀਜੇ ਮਾਂ-ਬਾਪ ਗੱਲ ਕੀ ਹਰ ਰਿਸ਼ਤੇ ਦੀ ਹੱਦ ਨੂੰ ਟੱਪ ਕੇ ਪੈਸੇ ਨੂੰ ਪਹਿਲ ਦਿੰਦੇ ਹਨ। ਸਾਡੇ ਗੁਰੂ ਘਰਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਪੇਪਰਾਂ ਦਾ ਮੁਕੰਮਲ ਤੌਰ ਤੇ ਗੁਰੂ ਘਰਾਂ ਵਿਚ ਰਖਾਉਣਾ ਬੰਦ ਕਰਨ ਤੇ ਸੰਗਤਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਦਿੰਦੇ ਹੋਏ ਇਹਨਾਂ ਅੰਧਵਿਸ਼ਵਾਸ਼ ਪੀਰਾਂ ਫਕੀਰਾਂ ਦੀਆਂ ਦੇ ਚੱਕਰਾਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦੇਣ। ਫਿਰ ਕੁਝ ਗੁਰੂਘਰ ਵਿਚ ਇਹ ਅਖਬਾਰਾਂ ਵਾਲੇ ਤਾਂ ਘਿਉ ਖਿਚੜੀ ਹੋਏ ਪਏ ਹਨ।ਸ਼ਾਇਦ ਉਹਨਾਂ ਲਈ ਇਹ ਲੋਕ ਵੱਡੇ ਹੋ ਗਏ ਤੇ ਗੁਰੂ ਸਾਹਿਬ ਛੋਟੇ। ਜੇਕਰ ਉਹਨਾਂ ਕੋਲ ਸੰਗਤ ਤੇ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਹੈ, ਇਸ ਦੇ ਨਾਲ ਹੀ ਸਿੱਖ ਧਰਮ ਨੂੰ ਕਲਗੀਧਰ ਵਲੋਂ ਦਿੱਤੇ ਉਪਦੇਸ਼ ਦੀ ਕੋਈ ਕਦਰ ਕੀਮਤ ਹੈ ਤਾਂ ਫਿਰ ਇਹਨਾਂ ਨੂੰ ਆਪਣੇ ਆਪਣੇ ਗੁਰੂ ਘਰਾਂ 'ਚ ਇਹ ਪੇਪਰ ਰਖਵਾਉਣੇ ਬੰਦ ਕਰ ਦੇਣੇ ਚਾਹਿੰਦੇ ਹਨ। ਦੂਜੇ ਪਾਸੇ ਜੋ ਸਟੋਰਾਂ ਵਾਲੇ ਪੂਰਨ ਸਿੱਖੀ ਸਰੂਪ ਵਿਚ ਹਨ। ਜਾਂ ਨਹੀਂ ਵੀ ਪਰ ਉਹਨਾਂ ਦਾ ਵਿਸ਼ਵਾਸ਼ ਗੁਰੂ ਸਾਹਿਬ ਤੇ ਹੈ ਉਹਨਾਂ ਨੂੰੰ ਵੀ ਚਾਹਿੰਦਾ ਹੈ ਕਿ ਉਹ ਇਹਨਾਂ ਬਾਬਿਆਂ ਦੀਆਂ ਐਡਾ ਵਾਲੇ ਪੇਪਰਾਂ ਦੇ ਡੱਬਿਆਂ ਨੂੰ ਆਪੋ ਆਪਣੇ ਸਟੋਰਾਂ ਤੋਂ ਚੁਕਵਾ ਦੇਣ ਤਾਂ ਜੋ ਆਏ ਦਿਨ ਇਹਨਾਂ ਬਾਬਿਆਂ ਤੋਂ ਠੱਗੇ ਜਾ ਰਹੇ ਲੋਕ ਬਚ ਸਕਣ। ਅੱਜ ਕੱਲ੍ਹ ਕਈ ਟੀ ਵੀ ਚੈਂਨਲ ਤੇ ਕਈ ਅਖ਼ਬਾਰ ਪੀਰ ਸਯੱਦ ਸਾਹਿਬ ਤੇ ਹੋਰ ਬਹੁਤ ਸਾਰੇ ਪਾਖੰਡੀ ਬਾਬਿਆਂ ਦੀਆਂ ਐਡਾਂ ਨਾਲ ਭਰੇ ਪਏ ਹਨ। ਬਾਬੇ ਦਾਅਵਾ ਕਰਦੇ ਹਨ ਕਿ ਉਹ ਤੁਹਾਡੀਆਂ ਸਾਰੀਆਂ ਚਿੰਤਾਵਾਂ ਖ਼ਤਮ ਕਰ ਦੇਣਗੇ-ਕੁਝ ਤਾਂ ਇਹ ਸਭ ਕੁਝ 24 ਘੰਟਿਆਂ ਵਿਚ ਕਰਨ ਦਾ ਦਾਅਵਾ ਵੀ ਕਰਦੇ ਹਨ-ਗਾਰੰਟੀ ਨਾਲ! ਇੰਨਾਂ ਵਿਚ ਕਈਆਂ ਨੇ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਇਕ ਨਵੀਂ ਨੀਤੀ ਬਣਾਈ ਹੈ। ਇਹ ਸਾਰੇ ਦਾਅਵਾ ਕਰਦੇ ਹਨ ਇਹ ਚਿੰਤਾਵਾਂ ਕਿਸੇ ਵੀ ਕਿਸਮ ਦੀਆਂ ਹੋ ਸਕਦੀਆਂ ਹਨ-ਸ਼ਾਦੀਸ਼ੁਦਾ ਸਮੱਸਿਆਵਾਂ, ਵਪਾਰ ਦੀਆਂ ਸਮੱਸਿਆਵਾਂ, ਬੱਚਿਆਂ ਦਾਂ ਮਾਂ-ਪਿਓ ਨਾਲ ਨਹੀਂ ਬਣਦੀ (ਮਜ਼ਾਕ ਨਹੀਂ ਹੈ!), ਜਿਸ ਨਾਲ ਤੁਸੀਂ ਪਿਆਰ ਕਰਦੇ ਹੋ, ਉਸ ਨਾਲ ਵਿਆਹ ਨਹੀਂ ਕਰ ਸਕਦੇ ਗੱਲ ਕੀ ਉਨ੍ਹਾਂ ਕੋਲ ਹਰ ਇਕ ਮੁਸ਼ਕਲ ਦਾ ਜਵਾਬ ਹੈ। ਤੁਸੀਂ ਸਿਰਫ ਆਪਣਾ ਨਾਮ ਦੱਸੋ, ਅਤੇ ਉਨ੍ਹਾਂ ਕੋਲ ਹੱਲ ਹੁੰਦਾ ਹੈ।ਫੋਨ ਤੇ ਹੀ ਤੁਹਾਡੀਆਂ ਪ੍ਰੇਸ਼ਾਨੀਆਂ ਹੱਲ ਕਰ ਦਿੰਦੇ ਹਨ ਅਤੇ ਭੁਗਤਾਨ ਲਈ ਉਹ ਝੱਟ-ਪੱਟ ਤੁਹਾਡਾ ਕ੍ਰੇਡਿਟ ਕਾਰਡ ਨੰਬਰ ਲੈ ਲੈਂਦੇ ਹਨ। ਅਗਰ ਲੋਕੀਂ ਸਚਮੁੱਚ ਇੰਨ੍ਹਾਂ ਤੇ ਭਰੋਸਾ ਕਰ ਰਹੇ ਹਨ ਜਿਸ ਦਾ ਮੈਨੂੰ ਵਿਸ਼ਵਾਸ ਹੈ ਕਿ ਬਹੁਤ ਸਾਰੇ ਲੋਕ ਹਨ ਜੋ ਇਸ ਅੰਧ ਵਿਸ਼ਵਾਸ਼ ਵਿਚ ਉਲਝ ਚੁਕੇ ਹਨ,ਇਸ ਦਾ ਕਾਰਨ ਇਹੀ ਹੈ ਕਿ ਸਾਡੇ ਭਾਈਚਾਰੇ ਦੇ ਸਿਸਟਮ ਵਿਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਘਾਟ, ਕਮੀ ਜ਼ਰੂਰ ਹੈ ਜਿਸ ਕਰਕੇ ਇਹ ਲੋਕ ਬਹੁਤ ਜਲਦੀ ਅਖ਼ਬਾਰਾ ਵਿਚ ਟੀ. ਵੀ.  ਚੈਂਨਲਾਂ ਤੇ ਬਾਬਿਆਂ ਦੀਆਂ ਐਡਾਂ ਨੂੰ ਦੇਖ ਕੇ ਉਹਨਾਂ ਦੇ ਮਗਰ ਲੱਗ ਜਾਂਦੇ ਹਨ। ਕੀ ਸਾਡਾ ਧਰਮ ਇਸ ਤਰ੍ਹਾਂ ਕਰਨ ਲਈ ਕਹਿੰਦਾ ਹੈ । ਸਾਡੇ ਵੱਡੇ ਬਾਬੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਾਂ ਸਾਨੂੰ ਨਾਮ ਜਪਣ, ਕ੍ਰਿਤ ਕਰਨ ਅਤੇ ਵੰਡ ਸਕਣ ਦੀ ਸਿੱਖਿਆ ਦਿੱਤੀ ਸੀ। ਅਸੀ ਇੰਨੀ ਵਡਮੁਲੀ ਦਾਤ ਨੂੰ ਵਿਸਾਰ ਕੇ ਠੱਗ ਤਾਂਤਰਿਕਾਂ ਵੱਲ ਨੂੰ ਭੱਜ ਰਹੇ ਹਾਂ।ਸਾਨੂੰ ਉਹਨਾਂ ਮਹਾਂਪੁਰਖਾਂ ਕੋਲ ਜਾਣਾ ਚਾਹੀਦਾ ਹੈ, ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ, ਨਾਂ ਕਿ ਉਹਨਾਂ ਕੋਲ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਹਨ । ਮੈਂ ਇਕ ਗੁਰਸਿੱਖ ਹੋਣ ਦੇ ਨਾਤੇ ਇਹਨਾਂ ਅੰਧਵਿਸ਼ਵਾਸ ਵਿਚ ਧੱਸ ਚੁਕੇ ਲੋਕਾਂ ਨੂੰ ਇਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਜੇਕਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਵਿਸ਼ਵਾਸ਼ ਹੈ ਤਾਂ ਤੁਸੀਂ ਇਹਨਾਂ ਬਾਬਿਆਂ ਅੱਗੇ ਆਪਣੇ ਕਰੈਡਿਟ ਕਾਰਡ ਖਾਲੀ ਕਰਨ ਦੀ ਬਜਾਏ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣੀ ਹਰ ਤਰ੍ਹਾਂ ਦੀ ਮੁਸ਼ਕਲ ਵਾਰੇ ਬੇਨਤੀ ,ਅਰਦਾਸ ਕਰਕੇ ਤਾਂ ਇਕ ਵਾਰ ਦੇਖੋ , ਨਾ ਪੂਰੀ ਹੋਵੇਂ ਤਾਂ ਮੈਨੂੰ ਕਹਿ ਦੇਣਾ, ਬਾਬੇ ਨਾਨਕ ਦੇ ਦਰਬਾਰ ਕਿਸੇ ਤਰ੍ਹਾਂ ਦੇ ਕਰੈਡਿਟ ਕਾਰਡ ਦੀ ਲੋੜ ਨਹੀਂ ਸਗੋਂ ਵਿਸ਼ਵਾਸ ਤੇ ਸ਼ਰਧਾ, ਭਾਵਨਾ,ਪ੍ਰੇਮ ਦੀ ਲੋੜ ਹੈ, ਦਿਖਾਵੇ ਦੀ ਨਹੀਂ । 
ਸੁਰਜੀਤ ਸਿੰਘ ਫਲੋਰਾ ( ਕੈਨੇਡਾ) 


 


Related News