ਨਸ਼ਿਆਂ ਵੱਲ ਵਧਦੀ ਪ੍ਰਵਿਰਤੀ ਬਣਿਆ ਚਿੰਤਾਜਨਕ ਵਿਸ਼ਾ

09/15/2022 11:31:04 AM

ਦੋਸਤੋ, ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਆਧਾਰ ਉਸ ਦੇਸ਼ ਦੇ ਪੜ੍ਹੇ ਲਿਖੇ ਅਤੇ ਸਿਹਤਮੰਦ ਨਾਗਰਿਕ ਹੁੰਦੇ ਹਨ। ਮਨੁੱਖ ਆਪਣੇ ਆਪ ਵਿੱਚ ਸੰਸਾਧਨ ਅਤੇ ਸ਼ਰਮਾਇਆ ਹੈ। ਮਨੁੱਖ ਰਾਸ਼ਟਰ ਦੀ ਆਰਥਿਕਤਾ ਲਈ ਮੁੱਢਲੀ ਇਕਾਈ ਹੈ। ਜਿਸ ਦੇਸ਼ ਦੇ ਨਾਗਰਿਕ ਨਸ਼ਿਆਂ ਦੇ ਆਦੀ ਹੋਣਗੇ, ਉਸ ਦੇਸ਼ ਦਾ ਇਕ ਦਿਨ ਜ਼ਰੂਰ ਬੇੜਾ ਗਰਕ ਹੋਵੇਗਾ ਅਤੇ ਉਥੇ ਬਾਹਰਲੇ ਹਮਲਾਵਰ ਰਾਜ ਕਰਣਗੇ, ਗੁਰਬਤ ਦਾ ਪਸਾਰਾ ਵਧੇਗਾ। ਨਸ਼ਿਆਂ ਦੇ ਕਾਰਨ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨ ਹੰਦੇ ਹਨ।
 
ਨਸ਼ਾ ਕਿਸੇ ਵੀ ਰੂਪ ਵਿੱਚ ਹੋਵੇ, ਉਹ ਬਹੁਤ ਨਿੰਦਣਯੋਗ ਹੈ। ਇਸ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਿਲਕੁਲ ਪੱਛੜ ਜਾਂਦੇ ਹਾਂ। ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਸਰੀਰ ’ਤੇ, ਮਨ ਤੇ ਫਿਰ ਪਰਿਵਾਰ 'ਤੇ ਪੈਦੇ ਹੋਏ ਹੌਲੀ-ਹੌਲੀ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ। ਨਸ਼ਿਆਂ ਦੇ ਪ੍ਰਯੋਗ ਨਾਲ ਵਿਅਕਤੀ, ਪਰਿਵਾਰ, ਸਮਾਜ ਅਤੇ ਦੇਸ਼ ਪਤਨ ਵੱਲ ਵਧਦਾ ਹੈ, ਜਿਸ ਨਾਲ ਅਸੀਂ ਦਿਨੋਂ ਦਿਨ ਗ਼ਰੀਬੀ ਵੱਲ ਵਧਦੇ ਜਾਂਦੇ ਹਾਂ। ਨਸ਼ੇ ਕਰਨੇ ਬਹੁਤ ਸੌਖੇ ਲੱਗਦੇ ਹਨ ਪਰ ਦੋਸਤੋ ਨਸ਼ਾ ਛੱਡਣਾ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ ਹੈ। ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ, ਸਮਾਜ ਅਤੇ ਧਰਤੀ 'ਤੇ ਬੋਝ ਹੁੰਦਾ ਹਨ। ਸ਼ੁਰੂ-ਸ਼ੁਰੂ ਵਿੱਚ ਵਿਅਕਤੀ ਬੁਰੀ ਸੰਗਤ ਵਿੱਚ ਪੈ ਕੇ ਗੈਰ ਮਿਆਰੀ ਗੀਤਾਂ ਨੂੰ ਸੁਣਦੇ ਹੋਏ ਨਸ਼ਿਆਂ ਨੂੰ ਸ਼ੌਕ, ਫੈਸ਼ਨ, ਮਨੋਰੰਜਨ, ਗ਼ਮ ਭੁਲਾਉਣ ਵਜੋਂ ਜਾਂ ਪੱਛਮੀ ਜੀਵਨ ਸ਼ੈਲੀ ਦੀ ਨਕਲ ਵਜੋਂ ਸ਼ੁਰੂ ਕਰਦਾ ਹੈ। ਹੌਲੀ-ਹੌਲੀ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਇਸਦੀ ਦਲਦਲ ਵਿੱਚ ਬੁਰੀ ਤਰ੍ਹਾਂ ਨਾਲ ਫਸ ਜਾਂਦਾ ਹੈ। ਜਦੋਂ ਊਸਨੂੰ ਸਮਝ ਆਉਂਦੀ ਹੈ, ਉਸ ਸਮੇਂ ਤੱਕ ਉਹ ਨਸ਼ਿਆਂ ਦੀ ਲੱਤ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋ ਜਾਂਦਾ ਹੈ।

ਉਹ ਚਾਹੁੰਦਿਆਂ ਹੋਇਆ ਵੀ ਨਸ਼ੇ ਨੂੰ ਛੱਡਣ ਵਿੱਚ ਬੇਵੱਸ ਹੋ ਜਾਂਦਾ ਹੈ। ਕਈ ਵਾਰ ਨਸ਼ੇ ਦੀ ਗ੍ਰਿਫ਼ਤ ਵਿੱਚ ਫਸਿਆ ਵਿਅਕਤੀ ਇਕ ਨਸ਼ੇ ਨੂੰ ਛੱਡਣ ਲਈ ਦੂਜੇ ਨਸ਼ਿਆਂ ਦਾ ਸਹਾਰਾ ਲੈਂਦਾ ਹੈ। ਅਜਿਹਾ ਕਰਦੇ-ਕਰਦੇ ਉਹ ਦੋਹਰੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਨਸ਼ਾ ਕੋਈ ਵੀ ਹੋਵੇ, ਸਾਡੇ ਸਰੀਰ, ਮਨ ਵਿਚ ਜਗ੍ਹਾ ਬਣਾ ਲੈਂਦਾ ਹੈ। ਨਸ਼ਾ ਕਰਨ ਵਾਲੇ ਨੂੰ ਸਾਰੇ ਨਫ਼ਰਤ ਕਰਨ ਲੱਗ ਜਾਂਦੇ ਹਨ। ਉਸ ਤੋਂ ਹਰ ਕਿਸੇ ਦਾ ਵਿਸ਼ਵਾਸ ਉਠ ਜਾਂਦਾ ਹੈ। ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਰਹਿੰਦੀ। ਉਹ ਪੈਸੇ-ਪੈਸੇ ਲਈ ਮੁਥਾਜ ਹੋ ਜਾਂਦਾ ਹੈ। ਉਸ ਨੂੰ ਆਪਣਾ ਆਪਾ, ਆਪਣਾ ਘਰ, ਪਤਨੀ, ਬੱਚੇ, ਸਮਾਜ ਕੁਝ ਵੀ ਨਜ਼ਰ ਨਹੀਂ ਆਉਂਦਾ। ਨਸ਼ੇ ਵਾਲੇ ਵਿਅਕਤੀ ਦਾ ਇੰਨਾ ਖ਼ਰਚ ਹੁੰਦਾ ਹੈ, ਜਿੰਨੇ ਨਾਲ ਪੂਰੇ ਪਰਿਵਾਰ ਦਾ ਮਹੀਨੇ ਭਰ ਦਾ ਰਾਸ਼ਨ ਚਲ ਸਕਦਾ ਹੈ। ਉਸ ਨੂੰ ਹਰ ਸਮੇਂ ਨਸ਼ੇ ਦੀ ਤੋੜ ਲੱਗੀ ਰਹਿੰਦੀ ਹੈ। ਨਸ਼ੱਈ ਵਿਅਕਤੀ ਨਸ਼ੇ ਦੇ ਉੱਪਰ ਇੰਨਾ ਨਿਰਭਰ ਹੋ ਜਾਂਦਾ ਹੈ ਕਿ ਉਹ ਹੌਲੀ-ਹੌਲੀ ਜਾਂ ਤਾਂ ਆਤਮ ਹੱਤਿਆ ਕਰ ਲੈਂਦਾ ਹੈ ਜਾਂ ਫਿਰ ਚੋਰੀ, ਹਿੰਸਾ, ਅਪਰਾਧ ਦੀ ਦਲਦਲ ਵਿੱਚ ਫਸ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖ਼ਤਮ ਕਰ ਲੈਂਦਾ ਹੈ। ਨਸ਼ੇ ਕਰਨ ਦਾ ਭਾਵ ਆਪਣੇ ਹੱਥੀ ਖੁਦ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।

ਸਮਾਜ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ। ਇਸ ਦਾ ਜ਼ਿਆਦਾ ਅਸਰ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਮੁੰਡੇ-ਕੁੜੀਆਂ ਉੱਪਰ ਪਿਆ ਹੈ। ਇਸ ਨਾਲ ਨੌਜਵਾਨ ਪੀੜ੍ਹੀ, ਜੋ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਤਬਾਹੀ ਦੇ ਕੰਢੇ ’ਤੇ ਆ ਗਈ ਹੈ। ਸਰਹੱਦੀ ਇਲਾਕੇ ਵਿਚ ਵਸਦੇ ਨੌਜਵਾਨ ਅਤੇ ਸਮੁੱਚੇ ਦੇਸ਼ ਦਾ ਗ਼ਰੀਬ ਤਬਕਾ ਨਸ਼ਿਆਂ ਦੇ ਵਧੇਰੇ ਸ਼ਿਕਾਰ ਹਨ। ਇਹ ਬੀਮਾਰੀ ਸਿਰਫ਼ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਨਸ਼ਿਆਂ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੇ ਦੇਸ਼ ਤੇ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਿਹਾ ਹੈ। ਅਜੋਕੇ ਸਮੇਂ ਵਿੱਚ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਜ਼ਰੂਰ ਹੈ।

ਅੱਜ ਹਰ ਥਾਂ ’ਤੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸੁਲਫਾ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਦਵਾਈਆਂ ਆਮ ਮਿਲਦੀਆਂ ਹਨ, ਜਿਨ੍ਹਾਂ ਦਾ ਪ੍ਰਯੋਗ ਨਸ਼ੇ ਵਾਲੇ ਲੋਕ ਕਰਦੇ ਹਨ। ਨੌਕਰੀ-ਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਨਸ਼ਾਖੋਰੀ ਦੀ ਆਦਤ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਬੇਸ਼ੱਕ ਹਰ ਰੋਜ ਕਰੋੜਾਂ ਰੁਪਏ ਦੇ ਸੁੱਕੇ, ਮਹਿੰਗੇ ਨਸ਼ੇ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ ਪਰ ਇਸਦੇ ਬਾਵਜੂਦ ਵੱਡੇ ਪੱਧਰ ’ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਸਪਲਾਈ ਹੁੰਦੇ ਹਨ। ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ। ਨੌਜਵਾਨਾਂ ਨੂੰ ਨਸ਼ਿਆਂ ’ਤੇ ਲਾਉਣ ਲਈ ਕੁਝ ਏਜੰਟ ਆਪਣੇ ਨਵੇਂ ਸ਼ਿਕਾਰਾਂ ਨੂੰ ਨਸ਼ੇ ਮੁਫ਼ਤ ਦਿੰਦੇ ਹਨ। ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਵੱਖ-ਵੱਖ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੇ ਹਨ ਅਤੇ ਦੇਸ਼ ਲਈ ਤਬਾਹੀ ਦਾ ਵੀ ਬਹੁਤ ਵੱਡਾ ਕਾਰਨ ਬਣਦੇ ਹਨ।

ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਸਮਝਣ ਦੀ ਸ਼ਕਤੀ ਖੋਹ ਲੈਂਦਾ ਹੈ ਅਤੇ ਉਹ ਤਣਾਓ, ਚਿੰਤਾ ਮਨੋਰੋਗ ਦਾ ਸ਼ਿਕਾਰ ਹੁੰਦਿਆਂ ਆਪਣੇ ਲੀਵਰ, ਫੇਫੜੇ, ਗੁਰਦੇ ਆਦਿ ਦਾ ਨੁਕਸਾਨ ਕਰਾ ਬੈਠਦਾ ਹੈ। ਅੰਤ ਵਿੱਚ ਘਰਦਿਆਂ ਦੇ ਸਾਰੇ ਪੈਸੇ ਇਲਾਜ ’ਤੇ ਖ਼ਤਮ ਕਰਵਾ ਕੇ ਮੌਤ ਨੂੰ ਪਿਆਰਾ ਹੋ ਜਾਂਦਾ ਹੈ। ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਉਹ ਇਕ ਦੂਜੇ ਦੀ ਦੇਖਾ-ਦੇਖੀ ’ਚ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਹੋਸਟਲਾਂ ’ਚ ਰਹਿਣ ਵਾਲੇ ਵਿਦਿਆਰਥੀਆਂ ਦੇ ਨਸ਼ੇ ਲੈਣ ਦਾ ਇਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਉੱਥੇ ਰੋਕਣ ਵਾਲਾ ਕੋਈ ਨਹੀਂ ਹੁੰਦਾ। ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਉਹ ਮਨ-ਮਰਜ਼ੀ ਕਰਦੇ ਹੋਏ ਇਨ੍ਹਾਂ ਬੁਰਾਈਆਂ ਵਿਚ ਫਸ ਜਾਂਦੇ ਹਨ। ਫਿਰ ਹੋਸਟਲ ਦੀ ਜ਼ਿੰਦਗੀ ਸਮਾਜਿਕ ਤੇ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਹੋਣ ਕਰਕੇ ਉੱਥੇ ਰਹਿੰਦੇ ਯੁਵਕਾਂ ਨੂੰ ਕਿਸੇ ਦੀ ਮਾਨ-ਮਰਯਾਦਾ ਦੀ ਪਾਲਣਾ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ। ਨਸ਼ਿਆਂ ਦੇ ਸੇਵਨ ਦਾ ਇੱਕ ਹੋਰ ਵੱਡਾ ਕਾਰਨ ਸਾਡੀ ਵਿੱਦਿਆ ਪ੍ਰਣਾਲੀ ਵੀ ਹੈ। ਸਾਡੀ ਵਿੱਦਿਆ ਪ੍ਰਣਾਲੀ ਨੂੰ ਰੋਜ਼ਗਾਰ ਦੇ ਨਾਲ ਜੋੜਨ ਦੀ ਲੋੜ ਹੈ।

ਸਿਰਫ਼ ਡਿਗਰੀਆਂ ਕਰਨ ਨਾਲ ਮਨੁੱਖ ਕੁਸ਼ਲ ਨਹੀਂ ਹੋ ਜਾਂਦਾ। ਸਾਡੀ ਪ੍ਰੀਖਿਆ ਪ੍ਰਣਾਲੀ ਵਿਚ ਬਹੁਤੇ ਵਿਦਿਆਰਥੀ ਪੜ੍ਹ ਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਵਿਸ਼ਵਾਸ ਰੱਖਦੇ ਹਨ। ਅਜਿਹੇ ਵਿਦਿਆਰਥੀ ਪੜ੍ਹਾਈ ਵਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਸੇਵਨ ਦੀਆਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਜਨਸੰਖਿਆ ਜ਼ਿਆਦਾ ਹੋਣ ਕਾਰਨ ਹਰ ਕਿਸੇ ਨੂੰ ਰੁਜ਼ਗਾਰ ਮਿਲਣਾ ਬਹੁਤ ਮੁਸ਼ਕਿਲ ਹੈ। ਇਸ ਲਈ ਵਿਦਿਆਰਥੀ ਬਹੁਤ ਪੜ੍ਹ ਲਿਖ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਫ਼ਿਲਮਾਂ ਤੇ ਗਾਣਿਆਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਨੌਜਵਾਨ ਨੂੰ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ। ਨੌਜਵਾਨਾਂ ਦਾ ਇਸ ਤਰ੍ਹਾਂ ਨਸ਼ਿਆਂ ਵਲ ਵੱਧਣਾ ਸਾਡੇ ਦੇਸ਼ ਲਈ ਬਹੁਤ ਖ਼ਤਰਨਾਕ ਹੈ। ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਗਲਤ ਆਦਤਾਂ, ਦੁਰਾਚਾਰ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਉਰਜਾ ਰਚਨਾਤਮਕ ਕੰਮਾਂ ਵਲ ਲੱਗਣ ਦੀ ਥਾਂ ਬੇਕਾਰ ਜਾ ਰਹੀ ਹੈ। ਇਸ ਦੇ ਨਾਲ ਨਸ਼ੇਬਾਜ਼ੀ ਮਨੁੱਖੀ ਸਿਹਤ ਨੂੰ ਬਰਬਾਦ ਕਰ ਰਹੀ ਹੈ।

ਸਾਡੀ ਸਰਕਾਰ ਤੇ ਸਮਾਜਿਕ, ਧਾਰਮਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਜਾਗਰੂਕਤਾ ਭਰਪੂਰ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਸ ਮੰਤਵ ਲਈ ਨਸ਼ੇਬਾਜ਼ਾਂ ਦੇ ਨੈੱਟਵਰਕ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਪਰਿਵਾਰ ਮੁੱਖੀ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਦੀ ਸੰਗਤ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਰਾਹੇ ਜਾਣੇ ਤੋਂ ਰੋਕਣਾ ਚਾਹੀਦਾ ਹੈ। ਇਸ ਦੇ ਨਾਲ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਨਾ ਚਾਹੀਦਾ ਹੈ। ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨਾ ਚਾਹੀਦਾ ਹੈ। ਵੱਧ ਤੋਂ ਵੱਧ ਫੈਕਟਰੀਆਂ, ਉਦਯੋਗ ਕਾਰਖਾਨੇ ਲਗਾਏ ਜਾਣ ਅਤੇ ਉਥੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ। 

ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇ। ਵੱਧਦੀ ਜਨਸੰਖਿਆ ਰੋਕਣ ਲਈ ਪਰਿਵਾਰ ਨਿਯੋਜਨ ਦੀ ਯੋਜਨਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਨਸ਼ਿਆਂ ਦੇ ਨੈੱਟਵਰਕ ਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੀਦਾ ਹੈ। ਸਵਦੇਸ਼ੀ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇ। ਨਸ਼ੇਈ ਲੋਕਾਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਵਾਸਤੇ ਮੁਫ਼ਤ ਦਵਾਈਆਂ, ਮੁਫ਼ਤ ਇਲਾਜ, ਮੁਫ਼ਤ ਰੁਜ਼ਗਾਰ ਟ੍ਰੇਨਿੰਗ, ਮੁਫ਼ਤ ਕੌਂਸਲਿੰਗ ਅਤੇ ਮਿਆਰੀ ਨਸ਼ਾ ਛੁਡਾਓ ਕੇਂਦਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸਰਕਾਰਾਂ ਵੱਲੋਂ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਨਸ਼ਿਆਂ ਤੋਂ ਹੋਣ ਵਾਲੀਆਂ ਹਾਨੀਆਂ ਨੂੰ ਰੋਕਣ ਵਾਸਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ, ਵਿਗਿਆਪਨਾਂ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਵੱਧ ਤੋਂ ਵੱਧ ਜਨਤਾ ਨੂੰ ਸਿੱਖਿਅਤ ਕਰਕੇ ਰੁਜ਼ਗਾਰ ਨਾਲ ਜੋੜਿਆ ਜਾਵੇ।

ਨਸ਼ਿਆਂ ਨੂੰ ਛੱਡ ਕੇ ਫਲ, ਸਬਜ਼ੀਆਂ, ਦੁੱਧ, ਦਹੀਂ ਆਦਿ ਦੀ ਨਿਯਮਿਤ ਵਰਤੋਂ ਕਰੋ। ਨਸ਼ਾ ਵੰਡਣ ਵਾਲਿਆਂ ਅਤੇ ਕਰਨ ਵਾਲਿਆਂ ਤੋਂ ਦੂਰ ਰਹੋ। ਆਓ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਪ੍ਰਾਣਾਯਮ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੋ। ਆਓ ਨਸ਼ੇ ਛੱਡ ਕੇ ਸਾਫ਼-ਸੁਥਰੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਈਏ। ਮਨੁੱਖੀ ਜਨਮ ਵਿਰਲਿਆਂ ਨੂੰ ਮਿਲਦਾ ਹੈ, ਆਓ ਖ਼ੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਿਆਂ ਰਹਿਤ ਰਹਿ ਕੇ ਅਨੰਦ ਮਨਾਈਏ। ਨਸ਼ੇ ਛੱਡੋ, ਕੋਹੜ ਵੱਢੋ।

ਮਾਸਟਰ ਤਰਸੇਮ ਨੈਨ ਗੁਲਾੜੀ,
(ਸੰਗਰੂਰ)


rajwinder kaur

Content Editor

Related News