ਹਨ੍ਹੇਰੇ ਤੋਂ ਪ੍ਰਕਾਸ਼ ਵੱਲ ਲੈ ਜਾਣ ਵਾਲਾ 'ਗੁਰੂ', ਜਾਣੋ 5 ਸਤੰਬਰ ਨੂੰ ਕਿਉਂ ਮਨਾਇਆ ਜਾਂਦੈ ਅਧਿਆਪਕ ਦਿਵਸ

09/05/2023 8:12:58 AM

ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਵਿਸ਼ੇਸ਼ ਤੌਰ ’ਤੇ ਅਧਿਆਪਕ ਦਿਹਾੜੇ ਦਾ ਆਯੋਜਨ 5 ਅਕਤੂਬਰ ਨੂੰ ਕੀਤਾ ਜਾਂਦਾ ਹੈ। ਜਦੋਂ ਕਿ ਭਾਰਤ ਵਿੱਚ ਅਧਿਆਪਕ ਦਿਹਾੜਾ ਸਾਬਕਾ ਰਾਸ਼ਟਰਪਤੀ ਸਵ: ਡਾ. ਰਾਧਾਕ੍ਰਿਸ਼ਣਨ ਦੇ ਜਨਮ ਦਿਨ (5 ਸਤੰਬਰ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨ ਭਾਰਤ ਦੇ ਰਾਸ਼ਟਰਪਤੀ ਸਨ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਸਮੇਤ ਸ਼ੁਭਚਿੰਤਕਾਂ ਨੇ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਜਤਾਈ ਤਾਂ ਰਾਧਾਕ੍ਰਿਸ਼ਨਨ ਹੁਰਾਂ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ। 1967 ਤੋਂ ਇਹ ਦਿਨ (ਪੰਜ ਸਤੰਬਰ) ਨੂੰ ਸਾਡੇ ਦੇਸ਼ ਅੰਦਰ ਹਰ ਸਾਲ ਅਧਿਆਪਕ ਦਿਹਾੜੇ ਦੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਵੱਖ ਵੱਖ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। 

ਡਾ.ਰਾਧਾਕ੍ਰਿਸ਼ਨਨ
ਡਾ.ਰਾਧਾਕ੍ਰਿਸ਼ਨਨ ਇਕ ਵਿਦਵਾਨ ਵਿਅਕਤੀ ਸਨ, ਜੋ ਗਿਆਨ ਦੀ ਦੌਲਤ ਵਿੱਚ ਵਿਸ਼ਵਾਸ ਕਰਦੇ ਸੀ। ਉਨ੍ਹਾਂ ਅਨੁਸਾਰ ਜਿਸ ਵਿਅਕਤੀ ਕੋਲ ਸਿੱਖਿਆ ਦਾ ਖਜ਼ਾਨਾ ਹੈ, ਉਹੀ ਜ਼ਿੰਦਗੀ ਦਾ ਸਹੀ ਅਨੰਦ ਲੈ ਸਕਦਾ ਹੈ। ਉਹ ਆਪਣੇ ਆਪ ਨੂੰ ਸਿਖਾਉਣ ਦਾ ਅਭਿਆਸ ਕਰਦੇ ਸੀ। ਇਸ ਬਾਬਤ ਉਨ੍ਹਾਂ ਦੇ ਕੁਝ ਪ੍ਰਸਿੱਧ ਹਵਾਲੇ ਹਨ। ਜਿਵੇਂ “ਅਧਿਆਪਕ ਦੇਸ਼ ਦੇ ਸਭ ਤੋਂ ਚੰਗੇ ਮਨ ਹੋਣੇ ਚਾਹੀਦੇ ਹਨ” ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਕਿਹਾ ਗਿਆ ਹੈ। ਦੇਸ਼ ਵਿੱਚ ਸਕੂਲਾਂ ਵਿੱਚ ਸਰਬੋਤਮ ਅਧਿਆਪਕ ਹੋਣੇ ਚਾਹੀਦੇ ਹਨ, ਕਿਉਂਕਿ ਨੌਜਵਾਨ ਦਿਮਾਗ ਹਰ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਕ ਅਧਿਆਪਕ ਦੀ ਨਾ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਗਿਆਨ ਅਤੇ ਹੁਨਰ ਪਹੁੰਚਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਬਲਕਿ ਉਨ੍ਹਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਲੰਮੇ ਸਮੇਂ ਦੀ ਜਵਾਬਦੇਹੀ ਵੀ ਹੁੰਦੀ ਹੈ। ਇਸ ਮਹਾਨ ਮਨੁੱਖ ਦੀ ਯਾਦ ਨੂੰ ਸਮਰਪਿਤ, ਇਸ ਅਵਸਰ ਦੀ ਉਡੀਕ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਇੱਕੋ ਜਿੰਨੀ ਤੀਬਰਤਾ ਨਾਲ ਕੀਤੀ ਜਾਂਦੀ ਹੈ। ਇਹ ਇੱਕ ਪਲ ਸਾਡੀ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਲੋਕਾਂ ਦਾ ਧੰਨਵਾਦ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। 

ਅਧਿਆਪਕਾਂ ਦਾ ਮਾਣ ਸਤਿਕਾਰ
ਵਿਦਿਆ ਜਿਸ ਨੂੰ ਇਨਸਾਨ ਦਾ ਤੀਜਾ ਨੇਤਰ ਵੀ ਕਿਹਾ ਜਾਂਦਾ ਹੈ। ਇਸ ਨੂੰ ਪ੍ਰਦਾਨ ਕਰਨ ਵਾਲੇ ਭਾਵ ਅਧਿਆਪਕਾਂ ਦੀ ਜਿਹੜੀਆਂ ਕੌਮਾਂ ਇਜੱਤ ਕਰਦੀਆਂ ਹਨ, ਉਹ ਯਕੀਨਨ ਤਰੱਕੀਆਂ ਕਰਦੀਆਂ ਹਨ। ਅਫ਼ਸੋਸ ਕਿ ਦੇਸ਼ ਨੂੰ ਸੁਤੰਤਰ ਹੋਇਆ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਾਡੇ ਇਥੇ ਹਕੀਕੀ ਮਾਅਨਿਆਂ ਵਿੱਚ ਅਧਿਆਪਕਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲ ਸਕਿਆ, ਜਿਸ ਦੇ ਉਹ ਹੱਕਦਾਰ ਹਨ।

ਅਧਿਆਪਕ ਵਰਗ ਦੇ ਮਰਤਬੇ ਨੂੰ ਸਮਝਣ ਵਾਲੇ
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਅਧਿਆਪਕ ਵਰਗ ਦੇ ਮਰਤਬੇ ਨੂੰ ਸਮਝਿਆ ਹੈ, ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ। ਸਚਮੁੱਚ ਉਨ੍ਹਾਂ ਨੇ ਬੇ ਮਿਸਾਲ ਤਰੱਕੀਆਂ ਕੀਤੀਆਂ। ਇਸ ਸੰਦਰਭ ਵਿੱਚ ਜਾਪਾਨ ਦੀ ਉਦਾਹਰਣ ਸਾਹਮਣੇ ਹੈ। ਕਹਿੰਦੇ ਹਨ ਜਦੋਂ ਅਮਰੀਕਾ ਨੇ ਐਟਮ ਬੰਬਾਂ ਨਾਲ ਜਾਪਾਨ ਦੇ ਹੀਰੋਸ਼ੀਮਾ ਨਾਗਾਸਾਕੀ ਨੂੰ ਤਬਾਹ ਕੀਤਾ ਤਾਂ ਜਾਪਾਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ। ਉਸ ਸਮੇਂ ਜਾਪਾਨ ਦੀ ਸਿਆਸੀ ਲੀਡਰਸ਼ਿਪ ਨੇ ਆਪਣੇ ਮੁਲਕ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ ਸੱਭ ਤੋਂ ਪਹਿਲਾਂ ਅਧਿਆਪਕ ਵਰਗ ’ਤੇ ਵਿਸ਼ਵਾਸ ਜਤਾਇਆ। ਉਨ੍ਹਾਂ ਉਥੋਂ ਦੇ ਪ੍ਰਾਇਮਰੀ ਟੀਚਰਾਂ ਨਾਲ ਮੀਟਿੰਗ ਕੀਤੀ ਅਤੇ ਆਖਿਆ ਕਿ ਹੁਣ ਮੁਲਕ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ’ਤੇ ਪਾਉਣ ਲਈ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂਕਿ ਕਿਸੇ ਕੌਮ ਦਾ ਭਵਿੱਖ ਖਿਆਲ ਕੀਤੇ ਜਾਂਦੇ ਬੱਚਿਆਂ ਦਾ ਵਾਸਤਾ ਅਧਿਆਪਕਾਂ ਦਾ ਨਾਲ ਪੈਂਦਾ ਹੈ। ਇਸੇ ਲਈ ਅਧਿਆਪਕ ਵਰਗ ਨੂੰ ਰਾਸ਼ਟਰ ਨਿਰਮਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਜਾਪਾਨ ਦੀ ਕਿਆਦਤ ਨੇ, ਜਿਸ ਨੇ ਅਧਿਆਪਕ ਵਰਗ ’ਤੇ ਵਿਸ਼ਵਾਸ ਜਤਾਇਆ, ਜਾਪਾਨ ਦੇ ਦੂਰ-ਅੰਦੇਸ਼ ਆਗੂਆਂ ਦੀ ਪਿੱਠ ਨਹੀਂ ਲੱਗਣ ਦਿੱਤੀ। ਨਤੀਜਾ ਅੱਜ ਜਾਪਾਨ ਟੈਕਨਾਲੋਜੀ ਵਿੱਚ ਉਸ ਅਮਰੀਕਾ ਨਾਲੋਂ ਕਿਤੇ ਅੱਗੇ ਹੈ, ਜਿਸ ਨੇ ਦਹਾਕਿਆਂ ਪਹਿਲਾਂ ਘੁਮੰਡ ’ਚ ਆ ਕੇ ਜਾਪਾਨ ਦੀ ਇੱਟ ਨਾਲ ਇੱਟ ਖੜਕਾਈ ਸੀ। 

ਅਧਿਆਪਕਾਂ ਦੀ ਇੱਜ਼ਤ ਕਰਨੀ
ਵਿਅਕਤੀਗਤ ਰੂਪ ਵਿੱਚ ਜਿਨ੍ਹਾਂ ਨੇ ਵੀ ਆਪਣੇ ਅਧਿਆਪਕਾਂ ਦੀ ਇੱਜ਼ਤ ਕੀਤੀ, ਉਨ੍ਹਾਂ ਨੇ ਦੁਨੀਆਂ ਚੰਗੀ ਨੇਕਨਾਮੀ ਖੱਟੀ ਹੈ। ਗੱਲ ਜੇਕਰ " ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ" ਤਰਾਨਾ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਦੀ ਕਰੀਏ ਤਾਂ ਉਨ੍ਹਾਂ ਨੂੰ ਜਦੋਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸ਼ਾਇਰਾਨਾ ਅਤੇ ਸਾਹਿਤਕ ਸੇਵਾਵਾਂ ਬਦਲੇ "ਸ਼ਮਸੁਲ ਉਲਮਾਅ" ਜਾਂ ‘ਸਰ" ਦਾ ਖਿਤਾਬ ਦੇਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਮੇਰੇ ਉਸਤਾਦ ਮੀਰ ਹਸਨ ਦਾ ਸਨਮਾਨ ਕੀਤਾ ਜਾਵੇ। ਜੂਡੀਸ਼ਰੀ ਮੈਂਬਰਾਂ ਨੇ ਕਿਹਾ ਕਿ ਤੁਸੀਂ ਤਾਂ ਮਹਾਨ ਸ਼ਾਇਰ ਹੋ ਅਤੇ ਕਈ ਅਹਿਮ ਰਚਨਾਵਾਂ (ਕਿਤਾਬਾਂ) ਲਿਖੀਆਂ ਹਨ ਪਰ ਤੁਹਾਡੇ ਉਸਤਾਦ ਦੀ ਅਜਿਹੀ ਕੋਈ ਰਚਨਾ ਨਹੀਂ ਹੈ। ਇਕਬਾਲ ਨੇ ਕਿਹਾ "ਉਨ੍ਹਾਂ (ਉਸਤਾਦ ਮੀਰ ਹਸਨ) ਦੀ ਤਖਲੀਕ (ਰਚਨਾ) ਮੈਂ (ਇਕਬਾਲ) ਖੁਦ ਹਾਂ" ਇਕਬਾਲ ਦਾ ਇਹ ਜਵਾਬ ਸੁਣਕੇ ਸਾਰੇ ਲਾਜਵਾਬ ਹੋ ਗਏ। 

ਸਦੀਆਂ ਤੋਂ ਸਿੱਖਿਆ ਤੋਂ ਬਾਂਝੇ ਵਰਗਾਂ ਲਈ ਵਿੱਦਿਆ ਦਾ ਚਾਨਣ ਫੈਲਾਉਣ ਲਈ ਕਈ ਸਮਾਜ ਸੁਧਾਰਕਾਂ ਨੇ ਆਪਣਾ ਮੁਹਿੰਮਾਂ ਵਿੱਢੀਆਂ। ਇਸੇ ਸੰਦਰਭ ਵਿੱਚ ਸਵਿਤਰੀ ਬਾਈ ਫੂਲੇ, ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਦਿਅਕ ਅਦਾਰੇ ਖੋਲ੍ਹੇ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਪਛੜੇ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਅਤ ਕਰਨ ਦੇ ਵੱਡੇ ਉਪਰਾਲੇ ਕੀਤੇ। ਵਿਦਿਆ ਪ੍ਰਾਪਤੀ ਦੇ ਇਸ ਮੁਖਤਸਰਨ ਵਿਵਰਣ ਤੋਂ ਬਾਅਦ ਆਓ ਅਸੀਂ ਵੇਖਦੇ ਹਾਂ ਕਿ ਇਕ ਆਦਰਸ਼ ਅਧਿਆਪਕ ਵਿਚ ਮੁੱਖ ਰੂਪ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। 

ਇਹੋ ਜਿਹਾ ਹੁੰਦਾ ਹੈ ਆਦਰਸ਼ ਅਧਿਆਪਕ
ਦਰਅਸਲ ਇਕ ਚੰਗਾ ਅਧਿਆਪਕ ਉਹ ਹੈ, ਜੋ ਆਪਣੇ ਅਧਿਆਪਨ ਕਾਰਜ ਵਿੱਚ ਕਾਬਲ ਹੋਵੇ। ਵਿਵਹਾਰਿਕ ਰੂਪ ਸੁਹਿਰਦ, ਸੁਲੱਗ ਅਤੇ ਹਕੀਕੀ ਮਾਅਨਿਆਂ ਵਿੱਚ ਪ੍ਰਸ਼ੰਸਾ ਦਾ ਪਾਤਰ ਹੋਵੇ। ਆਦਰਸ਼ ਅਧਿਆਪਕ ਹਮੇਸ਼ਾਂ ਉੱਚੀ ਸੋਚ ਅਤੇ ਮਿਆਰੀ ਨੈਤਿਕ ਕਦਰਾਂ-ਕੀਮਤਾਂ ਜਿਹੀਆਂ ਖੂਬੀਆਂ ਦਾ ਧਾਰਨੀ ਹੁੰਦਾ ਹੈ। ਵਧੀਆ ਅਧਿਆਪਕ ਜਿੱਥੇ ਸਮਾਜ ਵਿੱਚ ਇਜ਼ੱਤ ਰੱਖਣ ਵਾਲੀ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ, ਉਥੇ ਹੀ ਉਹ ਵਿਦਿਆਰਥੀਆਂ ਵਿੱਚ ਵਧੇਰੇ ਹਰਮਨ ਪਿਆਰਾ ਹੁੰਦਾ ਹੈ। ਚੰਗਾ ਅਧਿਆਪਕ ਜਿਥੇ ਸਮੇਂ ਸਿਰ ਕਲਾਸ ਲੈਣਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਬੱਚਿਆਂ ਦੇ ਘਰ ਦਾ ਕੰਮ ਚੈੱਕ ਕਰਨ ਵਿੱਚ ਕਦੀ ਵੀ ਕਾਹਲ ਨਹੀਂ ਵਿਖਾਉਂਦਾ। ਉਹ ਹੋਮ ਵਰਕ ਨਾ ਕਰਨ ਵਾਲੇ ਬੱਚਿਆਂ ਨੂੰ ਝਿੜਕਣ ਤੋਂ ਪਹਿਲਾਂ ਕੰਮ ਨਹੀਂ ਕਰਨ ਦੀ ਠੋਸ ਵਜ੍ਹਾ ਤੋਂ ਜਾਣੂ ਹੋਣਾ ਲੋਚਦਾ ਹੈ। ਇਸ ਸੰਦਰਭ ਵਿੱਚ ਬਹਾਨੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕਰਦਿਆਂ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। 

ਬਲੈਕ ਬੋਰਡ ਦੀ ਅਹਿਮੀਅਤ
ਇਕ ਚੰਗਾ ਅਧਿਆਪਕ ਬਲੈਕ ਬੋਰਡ ਦੀ ਅਹਿਮੀਅਤ ਨੂੰ ਵਧੇਰੇ ਚੰਗੇ ਸਮਝਦਾ ਹੈ। ਉਹ ਕਦੇ ਵੀ ਲੋੜ ਪੈਣ ਤੇ ਬਲੈਕ ਬੋਰਡ ਦੀ ਵਰਤੋਂ ਤੋਂ ਕਰਨ ਤੋਂ ਜੀਅ ਨਹੀਂ ਚੁਰਾਉਂਦਾ। ਉਦਾਹਰਣ ਵਜੋਂ ਗਣਿਤ ਮਾਸਟਰ, ਹਿਸਾਬ ਦੇ ਸੁਆਲ ਬੋਰਡ ’ਤੇ ਕੱਢਦਾ ਹੈ ਅਤੇ ਇਸੇ ਤਰ੍ਹਾਂ ਇਕ ਅੰਗਰੇਜ਼ੀ ਵਿਸ਼ੇ ਦਾ ਮਾਸਟਰ ਬੱਚਿਆਂ ਨੂੰ ਗਰਾਮਰ 'ਚੋਂ ਆਰਟੀਕਲ ਨਾਊਨ ਅਤੇ ਟੈਨਸ ਆਦਿ ਸਮਝਾਉਣ ਲਈ ਬੋਰਡ ਦੀ ਪੂਰੀ ਤਰ੍ਹਾਂ ਖੁੱਲ੍ਹ ਕੇ ਵਰਤੋਂ ਕਰਦਿਆਂ ਬੱਚਿਆਂ ਦੇ ਗੱਲ ਖਾਨੇ ਪਾਉਣ ਦੀ ਹਰ ਸੰਭਵ ਯਤਨ ਕਰਦਾ ਹੈ। ਇਹ ਕਿ ਇੱਕ ਚੰਗਾ ਅਧਿਆਪਕ ਕਲਾਸ ਵਿੱਚ ਚੱਕਰ ਲਾਉਂਦਾ ਹੈ ਤਾਂ ਕਿ ਬੱਚਿਆਂ ਨੂੰ ਆਪਸ ਵਿੱਚ ਨਕਲ ਮਾਰਨ ਤੋਂ ਰੋਕਿਆ ਜਾ ਸਕੇ। ਇਕ ਅੰਗਰੇਜ਼ੀ ਦੀ ਕਿਤਾਬ ਦਾ ਜੋ ਪਾਠ ਪੜ੍ਹਾਉਂਦਾ ਹੈ, ਉਸ ਵਿੱਚੋਂ ਔਖੇ ਸ਼ਬਦਾਂ ਦੇ ਅਰਥ ਬੋਰਡ ’ਤੇ ਲਿਖਣੇ ਜ਼ਰੂਰੀ ਸਮਝਦਾ ਹੈ। ਜੋ ਪੜ੍ਹਾਇਆ ਹੁੰਦਾ ਹੈ, ਅਗਲੇ ਦਿਨ ਬੱਚਿਆਂ ਤੋਂ ਸੁਣਨਾ ਨਹੀਂ ਭੁੱਲਦਾ। 

ਟੈਸਟ ਦੀ ਅਹਿਮੀਅਤ
ਚੰਗੇ ਅਧਿਆਪਕ ਦੀ ਇਹ ਸਿਫਤ ਹੁੰਦੀ ਹੈ ਕਿ ਉਹ ਹਫ਼ਤੇ ਦੋ ਹਫ਼ਤੇ ਪੜ੍ਹਾਉਣ ਤੋਂ ਬਾਅਦ ਕਲਾਸ ਦਾ ਟੈਸਟ ਲੈਣਾ ਜ਼ਰੂਰੀ ਸਮਝਦਾ ਹੈ। ਟੈਸਟ ਦੀ ਅਹਿਮੀਅਤ ਦਾ ਅਹਿਸਾਸ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਦਾ ਹੈ।ਇਕ ਯੋਗ ਅਧਿਆਪਕ ਹਮੇਸ਼ਾਂ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਹੁਸ਼ਿਆਰ ਬੱਚਿਆਂ ਦੀਆਂ ਮਿਸਾਲਾਂ ਦੇ ਨਕਲ ਦੇ ਕੋਹੜ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਿਆਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਇਕ ਸਾਕਾਰਾਤਮਕ ਭੂਮਿਕਾ ਨਿਭਾਉਂਦਾ ਹੈ।

ਅਧਿਆਪਕ ਦੇ ਅਹਿਮ ਗੁਣ
ਇਕ ਚੰਗਾ ਅਧਿਆਪਕ ਹਮੇਸ਼ਾ ਬੱਚਿਆਂ ਨੂੰ ਕੁੱਟਣ ਤੋਂ ਪਰਹੇਜ਼ ਕਰਦਾ ਹੈ। ਉਸ ਦੀ ਪਹਿਲੀ ਕੋਸ਼ਿਸ਼ ਬੱਚੇ ਨੂੰ ਸਮਝਾਉਣ ਦੀ ਹੁੰਦੀ ਹੈ, ਜਦ ਕੋਈ ਬੱਚਾ ਸ਼ਰਾਰਤ ਤੋਂ ਬਾਜ਼ ਨਹੀਂ ਆਉਂਦਾ ਜਾਂ ਕਲਾਸ ਵਿੱਚ ਪੜ੍ਹਾਈ ’ਚ ਦਿਲਚਸਪੀ ਨਹੀਂ ਵਿਖਾਉਂਦਾ ਅਤੇ ਘਰ ਦਾ ਕੰਮ ਆਦਿ ਨਹੀਂ ਕਰਦਾ ਤਾਂ ਇਕ ਆਦਰਸ਼ ਅਧਿਆਪਕ ਬੱਚੇ ਦੇ ਉਕਤ ਨਕਾਰਤਮਕ ਵਿਵਹਾਰ ਦੀ ਪੜਚੋਲ ਕਰਦਾ ਹੈ। ਉਹ ਬੱਚੇ ਦੀ ਕਾਊਂਸਲਿੰਗ ਕਰਨ ਦੇ ਨਾਲ-ਨਾਲ ਬੱਚੇ ਦੇ ਵਿਵਹਾਰ ਵਿੱਚ ਸਾਕਾਰਾਤਮਕ ਤਬਦੀਲੀ ਲਿਆਉਣ ਦੇ ਮਕਸਦ ਨਾਲ ਉਸਦੇ ਮਾਤਾ-ਪਿਤਾ ਨਾਲ ਹਰ ਤਰ੍ਹਾਂ ਸਹਿਯੋਗ ਕਰਦਾ ਹੈ। ਚੰਗੇ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਹਮੇਸ਼ਾਂ ਨਿਰਪੱਖ ਤੇ ਨਿਰਛੱਲ ਵਰਤਾਓ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਬੱਚਿਆਂ ਨੂੰ ਹਮੇਸ਼ਾਂ ਖਿੜੇ-ਮੱਥੇ ਮਿਲਦਾ ਅਤੇ ਬੱਚਿਆਂ ਦੀਆਂ ਨਾ ਸਿਰਫ਼ ਸਮੱਸਿਆਵਾਂ ਸੁਣਦਾ ਹੈ, ਜਿਥੋਂ ਤਕ ਮੁਮਕਨ ਹੋਏ ਉਹ ਉਨ੍ਹਾਂ ਸਮਸਿਆਵਾਂ ਦਾ ਨਿਵਾਰਨ ਵੀ ਕਰਦਾ ਹੈ। ਉਹ ਪੜ੍ਹਾਈ ਕਰਾਉਣ ਦੇ ਨਾਲ-ਨਾਲ  ਬੱਚਿਆਂ ਨੂੰ ਇਨਸਾਨੀ ਕਦਰਾਂ-ਕੀਮਤਾਂ ਤੋਂ ਵੀ ਵਾਕਿਫ ਕਰਾਉਂਦਾ ਰਹਿੰਦਾ ਹੈ। 


rajwinder kaur

Content Editor

Related News