ਅੱਖ ਨਾਲ ਗੱਲ ਕਰ ਗਈ...

03/30/2020 1:54:31 PM

ਅੱਖ ਨਾਲ ਗੱਲ ਕਰ ਗਈ
ਪੱਲਾ ਮਾਰ ਕੇ ਬੁਝਾ ਗਈ ਦੀਵਾ
ਪੰਜਾਬ ਲੋਕ ਘਾਰਾ ਦੇ ਇਨ੍ਹਾਂ ਬੋਲਾਂ ਵਿਚ ਜ਼ਿੰਦਗੀ ਦੀ ਇਕ ਮਹੱਤਵਪੂਰਨ ਸਚਾਈ ਛੁਪੀ ਹੋਈ ਹੈ। ਅੱਖਾਂ ਗੱਲਾਂ ਕਰਦੀਆਂ ਹਨ, ਬਲਕਿ ਉਹ ਗੱਲਾਂ ਜੋ ਜ਼ੁਬਾਨ ਤੇ ਨਹੀਂ ਆ ਸਕਦੀਆਂ। ਉਹ ਗੱਲਾਂ ਅੱਖਾਂ ਸੁਭਾਵਿਕ ਹੀ ਕਹਿ ਜਾਂਦੀਆਂ ਹਨ, ਜਿਹਨਾਂ ਨੂੰ ਕਹਿਣ ਲਈ ਕਈ ਵਾਰ ਉਮਰਾਂ ਲੱਗ ਜਾਂਦੀਆਂ ਹਨ। ਅੱਖਾਂ ਹੀ ਕਿਉਂ ਸਰੀਰ ਦਾ ਹਰ ਅੰਗ ਬੋਲਣ ਦੀ ਸਮਰੱਥਾ ਰੱਖਦਾ ਹੈ। ਸੰਚਾਰ ਕਰਦਾ ਹੈ। ਅਸਲ ਵਿਚ ਸਰੀਰ ਦੀ ਇਕ ਆਪਣੀ ਹੀ ਭਾਸ਼ਾ ਹੁੰਦੀ ਹੈ। ਆਮ ਤੌਰ 'ਤੇ ਅੰਦਰਲੀ ਗੱਲ ਜਾਂ ਮਨੁੱਖ ਦੀਆਂ ਭਾਵਨਾਵਾਂ ਸਰੀਰ ਦੀ ਭਾਸ਼ਾ ਰਾਹੀਂ ਬਾਹਰ ਆਉਣੀਆਂ ਸੁਭਾਵਿਕ ਹੁੰਦੀਆਂ ਹਨ। ਜੋ ਮਨੁੱਖ ਦੂਸਰੇ ਵਿਅਕਤੀਆਂ ਦੀ ਸਰੀਰਕ ਭਾਸ਼ਾ ਸਮਝਣਯੋਗ ਹੋ ਜਾਂਦਾ ਹੈ, ਉਹ ਨਿਸਚਿਤ ਰੂਪ ਵਿਚ ਸਫਲ ਮਨੁੱਖ ਬਣਨ ਦੇ ਰਾਹ ਪੈ ਚੁੱਕਾ ਹੁੰਦਾ ਹੈ। ਜਿਸ ਮਨੁੱਖ ਦੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰਹੇਗੀ, ਉਹ ਮਹਿਫਲਾਂ ਦਾ ਸ਼ਿੰਗਾਰ ਬਣੇਗਾ। ਇਕ ਖੋਜ ਦੱਸਦੀ ਹੈ ਕਿ ਜੇ ਤੁਹਾਡੀ 55 ਫੀਸਦੀ-ਦਿੱਸਣ ਵਾਲੀ ਸਰੀਰ ਦੀ ਭਾਸ਼ਾ ਵਧੀਆ ਨਹੀਂ ਹੈ ਤਾਂ ਤੁਹਾਡੇ ਸਰੋਤੇ ਬਾਕੀ ਦੇ 45 ਫੀਸਦੀ ਲਈ ਨਹੀਂ ਰੁਕਣਗੇ। 1971 ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰੋਫੈਸਰ ਐਲਬਰਟ ਮੇਹਰਾ ਬਿਆਨ ਦੁਆਰਾ ਕੀਤੀ ਖੋਜ ਅਨੁਸਾਰ ਸਾਡਾ ਦੂਜਿਆਂ ਤੇ ਪ੍ਰਭਾਵ ਤਿੰਨ ਚੀਜ਼ਾਂ ਨਾਲ ਪੈਂਦਾ ਹੈ:
1. ਤੁਹਾਡੀ ਦਿੱਸ ਕਿਸ ਤਰ੍ਹਾਂ ਦੀ ਹੈ?
2. ਤੁਸੀਂ ਬੋਲ ਕਿਸ ਤਰ੍ਹਾਂ ਰਹੇ ਹੋ?
3. ਤੁਸੀਂ ਆਪਣੇ ਬੋਲਾਂ ਰਾਹੀਂ ਕਹਿ ਕੀ ਰਹੇ ਹੋ?

ਵਾਰਤਾਲਾਪ ਦੀ ਕਲਾ ਵਿਚ ਮਾਹਿਰ ਹੋਣ ਵਾਲੇ ਵਿਅਕਤੀ ਇਹਨਾਂ ਤਿੰਨੇ ਗੱਲਾਂ ਦਾ ਖਿਆਲ ਵੀ ਰੱਖਦੇ ਹਨ ਅਤੇ ਦੂਸਰੇ ਲੋਕਾਂ ਦੇ ਬੋਲਾਂ ਅਤੇ ਸਰੀਰ ਦੀ ਭਾਸ਼ਾ ਨੂੰ ਸਮਝਣ ਦੀ ਮੁਹਾਰਤ ਵੀ। ਚੰਗੀ ਗੱਲਬਾਤ ਵੀ ਅਮੀਰੀ ਹੰਢਾਉਣ ਵਾਂਗ ਹੁੰਦੀ ਹੈ। ਚੰਗੀ ਗੱਲਬਾਤ ਲਈ ਹਜ਼ਾਰਾਂ ਵਿਸ਼ੇ ਹੁੰਦੇ ਹਨ, ਪਰ ਅਜਿਹਾ ਕੋਈ ਨਹੀਂ ਹੁੰਦਾ, ਜਿਹੜਾ ਲੰਗੜੇ ਨਾਲ ਟੰਗਾਂ ਦੀਆਂ ਗੱਲਾਂ ਕਰੇ।'' ਚੀਨ ਉਕਤ ਅਖਾਣ ਵਾਰਤਾਲਾਪ ਦੇ ਵਿਸ਼ੇ ਬਾਰੇ ਸੰਕੇਤ ਕਰਦਾ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਦੂਜਿਆਂ ਦੀ ਦਿਲਚਸਪੀ ਦੇ ਵਿਸ਼ੇ ਬਾਰੇ ਹੀ ਗੱਲ ਕੀਤੀ ਜਾਵੇ। ਕਿਸੇ ਦੀ ਸਰੀਰਕ, ਸਮਾਜਿਕ, ਆਰਥਿਕ ਅਤੇ  ਮਾਨਸਿਕ ਕਮਜ਼ੋਰੀ ਨੂੰ ਜਾਣੇ ਜਾਂ ਅਣਜਾਣੇ ਨਿਸ਼ਾਨਾ ਬਣਾ ਕੇ ਗੱਲ ਕਰਨੀ ਠੀਕ ਨਹੀਂ।
ਮੇਰਾ ਹਾਸਿਆਂ 'ਚ ਯਾਰ ਗੁਆਚਾ
ਹੰਝੂਆਂ ਵਿਚ ਟੋਲਦੀ ਫਿਰਾਂ।
ਬਹੁਤੀ ਵਾਰ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਬੋਲ ਨਾਲ ਆਪਣੇ ਮਿੱਤਰਾਂ ਪਿਆਰਿਆਂ ਦੇ ਦਿਲ ਦੁਖਾ ਬੈਠਦੇ ਹਾਂ। ਬੋਲਾਂ ਦੇ ਤੀਰ ਦਿਲ ਨੂੰ ਅਜਿਹੇ ਛਲਣੀ ਕਰਦੇ ਹਨ ਕਿ ਜ਼ਖਮ ਕਦੇ ਵੀ ਨਹੀਂ ਭਰਦੇ। ਮੈਂ ਇਕ ਅਜਿਹੇ ਬਜ਼ੁਰਗ ਨੂੰ ਜਾਣਦਾ ਹਾਂ ਜਿਸਨੇ ਗੁੱਸੇ ਵਿਚ ਆਪਣੇ ਜਵਾਈ ਨੂੰ ਇਹ ਕਹਿ ਦਿੱਤਾ ਕਿ 'ਮੇਰੇ ਸਾਹਮਣੇ ਤੁਹਾਡੀ ਔਕਾਤ ਹੀ ਕੀ ਹੈ।' ਬੱਸ ਉਸ ਦਿਨ ਤੋਂ ਬਾਅਦ ਦੋਵੇਂ ਪਰਿਵਾਰਾਂ ਦਾ ਰਿਸ਼ਤਾ ਟੁੱਟ ਗਿਆ। ਬੱਚੇ ਨਾਨਕੇ ਜਾਣ ਤੋਂ ਵਿਰਵੀ ਹੋ ਗਏ ਅਤੇ ਮਾਂ ਪੇਕਿਆਂ ਤੋਂ। ਇਸ ਤਰ੍ਹਾਂ ਕਈ ਵਾਰ ਦੋਸਤਾਂ ਦੀ ਨਾ ਚਾਹੁੰਦੇ ਹੋਏ ਵੀ ਤੁਸੀਂ ਕਿਸੇ ਮਿੱਤਰ ਦਾ ਮਜ਼ਾਕ ਉਡਾ ਦਿੰਦੇ ਹੋ ਜਾਂ ਫਿਰ ਉਸਦੀ ਗੱਲ 'ਤੇ ਵਿਅੰਗਮਈ ਹਾਸਾ ਬਿਖੇਰ ਦਿੰਦੇ ਹੋ ਜੋ ਸੁਭਾਵਿਕ ਹੀ ਉਸਦੀ ਹਉਮੈ ਨੂੰ ਜ਼ਖਮੀ ਕਰ ਦਿੰਦਾ ਹੈ। ਸਿਆਣਾ ਮਨੁੱਖ ਇਸ ਗੱਲ ਦਾ ਸੁਚੇਤ ਰੂਪ ਵਿਚ ਖਿਆਲ ਰੱਖਦਾ ਹੈ ਕਿ ਉਸ ਕੋਲ ਜਾਣੇ ਅਣਜਾਣੇ ਕੋਈ ਗਲਤੀ ਨਾ ਹੋ ਜਾਵੇ।
'ਬਹੁਤੇ ਯੱਕੜ ਮਾਰਨ ਵਾਲਾ ਬਗੈਰ ਪੂਛ ਦੇ ਕੁੱਤਾ ਹੁੰਦਾ ਹੈ।'
(ਫਾਰਸੀ ਅਖਾਣ)

ਚੰਗੀ ਵਾਰਤਾਲਾਪ ਦੇ ਗੁਣਾਂ ਵਿਚ ਇਕ ਵੱਡਾ ਗੁਣ ਹੈ ਕਿ ਬਿਨਾਂ ਸਿਰ ਪੈਰ ਤੋਂ ਯੱਕੜ ਨਾ ਮਾਰੇ ਜਾਣ। ਚੰਗੇ ਵਾਰਤਾਲਾਪਕਾਰ ਨੂੰ ਇਹ ਪਤਾ ਹੁੰਦਾ ਹੇ ਕਿ ਗੱਲਬਾਤ ਦਾ ਵਿਸ਼ਾ ਕੀ ਹੈ ਕਿ ਅਤੇ ਕਿੱਥੇ ਜਾ ਕੇ ਮੁੱਕੇਗੀ। ਉਹ ਆਪਣੇ ਤਰਕ ਨੂੰ ਸਹੀ ਸ਼ਬਦਾਂ ਦਾ ਜਾਮਾ ਪਹਿਨਾ ਕੇ ਛੱਡਦਾ ਹੈ ਤਾਂ ਕਿ ਦੂਸਰੇ ਉਸਦਾ ਪ੍ਰਭਾਵ ਕਬੂਲਣ। ਉਹ ਆਪਣੇ ਸਰੋਤਿਆਂ ਵਿਚ ਉਤਸੁਕਤਾ ਪੈਦਾ ਕਰਨ ਦੀ ਕਲਾ ਨੂੰ ਜਾਣਦਾ ਹੁੰਦਾ ਹੈ ਤਾਂ ਕਿ ਉਹ ਉਸ ਦੀ ਗੱਲ ਸੁਣ ਸਕਣ। ਉਹ ਸਰੋਤਿਆਂ ਉਪਰ ਆਪਣੀ ਗੱਲ ਦਾ ਪ੍ਰਭਾਵ ਪਾਉਣ ਦੇ ਸਾਰੇ ਨੁਕਤੇ ਬਿਆਨ ਵਿਚ ਰੱਖਦਾ ਹੈ।
''ਹਾਲੇਂ ਉਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮੇਹਰਬਾਨ ਹੋਈ।

ਸ਼ਾਇਰ ਵਾਰਸ ਸ਼ਾਹ ਨੇ ਪਹਿਲੀ ਤੱਕਣੀ ਵਿਚ ਪਿਆਰ ਹੋਣ ਦੀ ਗੱਲ ਕਹਿ ਕੇ ਇਹ ਵੀ ਸੰਕੇਤ ਕੀਤਾ ਹੈ ਕਿ ਕਿਸੇ ਮਿਲਣੀ ਦੀ ਸ਼ੁਰੂਆਤ ਭਵਿੱਖ ਦੇ ਰਿਸ਼ਤਿਆਂ ਦੀ ਬੁਨਿਆਦ ਹੁੰਦੀ ਹੈ। ਮੁਢਲਾ ਪ੍ਰਭਾਵ ਸਦਾ ਹੀ ਰਹਿੰਦਾ ਹੈ। ਪਤਾ ਨਹੀਂ ਇਹ ਚੰਗਾ ਹੈ ਜਾਂ ਮਾੜਾ, ਪਰ ਇਹ ਹੈ ਐਸਾ ਹੀ। ਜੇਮਜ਼ ਬੌਗਾ ਆਪਣੀ ਕਿਤਾਬ ਵਿਚ ਲਿਖਦਾ ਹੈ 'ਬਹੁਤ ਸਾਰੇ 'ਰਿਸ਼ਤੇ' ਕਿਸੇ ਮਿਲਣੀ ਦੇ ਪਹਿਲੇ ਤਿੰਨ ਮਿੰਟ ਵਿਚ ਹੀ 'ਬਣ' ਜਾਂਦੇ ਹਨ ਜਾਂ 'ਟੁੱਟ' ਜਾਂਦੇ ਹਨ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ 'ਦਿਲ ਦੀ ਆਵਾਜ਼' ਜਾਂ ਸਾਡੇ ਮਨ ਤੋਂ ਪੈਦਾ ਹੋਏ ਫੁਰਨੇ ਇਹ ਫੈਸਲਾ ਕਰ ਲੈਂਦੇ ਹਨ। ਅਸਲ ਵਿਚ ਸਾਡਾ ਅਚੇਤ ਜਾਂ ਅਰਧ ਚੇਤਨ ਮਨ ਸ਼ਬਦਾਂ ਤੋਂ ਇਲਾਵਾ ਬਾਕੀ ਚੀਜ਼ਾਂ ਵੱਲ ਧਿਆਨ ਦੇ ਰਿਹਾ ਹੁੰਦਾ ਹੈ ਅਤੇ ਉਹੀ ਫੈਸਲਾ ਕਰਦਾ ਹੈ ਕਿ ਸਭ ਕੁਝ ਠੀਕ ਹੈ ਕਿ ਗਲਤ। ਇਕ ਗੱਲ ਹਮੇਸ਼ਾ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਤੁਹਾਨੂੰ ਪਹਿਲਾ ਪ੍ਰਭਾਵ ਪਾਉਣ ਲਈ ਕਦੀ ਵੀ ਦੂਜਾ ਮੌਕਾ ਨਹੀਂ ਮਿਲਦਾ। ਇਸ ਲਈ ਜੇ ਜ਼ਿੰਦਗੀ ਦੀ ਹਰ ਮਹਿਫਲ ਦਾ ਹੀਰੋ ਬਣਨ ਦੀ ਇੱਛਾ ਹੈ ਤਾਂ ਸਰੀਰ ਅਤੇ ਮਨ ਦੀ ਭਾਸ਼ਾ ਨੂੰ ਇੰਨਾ ਮਾਂਜ ਸਵਾਰ ਕੇ ਬੋਲੇ ਤਾਂ ਕਿ ਚਿਰ ਸਦੀਵੀ ਮਿੱਤਰਤਾ ਭਰਿਆ ਪ੍ਰਭਾਵ ਛੱਡ ਸਕੋ।

ਬਹਿਸ ਵਿਚ ਜਿੱਤ ਕੇ ਤੁਸੀਂ ਹਾਰ ਜਾਂਦੇ ਹੋ।
ਮੈਂ ਪੰਜਾਬੀ ਯੂਨੀਵਰਸਿਟੀ ਦੇ ਆਈ.ਜੇ.ਐਸ. ਟਰੇਨਿੰਗ ਸੈਂਟਰ ਵਿਖੇ ਇਕ ਯੂ. ਜੀ. ਸੀ ਸੈਮ ਅਦੀਨ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲੇ ਲਈ ਇੰਟਰਵਿਊ ਕਰ ਰਿਹਾ ਸੀ। ਯੂਨੀਵਰਸਿਟੀ ਨਿਯਮਾਂ ਅਨੁਸਾਰ ਅਨੁਸੂਚਿਤ ਜਾਤੀ ਦੇ ਜਿਸ ਵਿਦਿਆਰਥੀ ਦੇ ਮਾਪਿਆਂ ਦੀ ਸਲਾਲਾਂ ਆਮਦਨ 2 ਲੱਖ 50 ਹਜ਼ਾਰ ਤੋਂ ਵੱਧ ਸੀ, ਉਹ ਇਸ ਵਿਚ ਦਾਖਲਾ ਨਹੀਂ ਲੈ ਸਕਦੇ ਸਨ। ਹੋਰ ਪੱਛੜੀਆਂ ਸ਼੍ਰੇਣੀਆਂ ਲਈ ਇਹ ਆਮਦਨ 4 ਲੱਖ ਸੀ। ਇਕ ਦੋ ਸੱਜਣ ਮੇਰੇ ਸਟਾਫ ਨਾਲ ਬਹਿਸ ਕਰਦੇ ਕਰਦੇ ਮੇਰੇ ਕੋਲ ਆਏ। ਮੈਂ ਬਹਿਸ ਨਹੀਂ ਕੀਤੀ ਸਿਰਫ ਇੰਨਾ ਕਿਹਾ ਕਿ ਸ਼ਾਇਦ ਤੁਸੀਂ ਠੀਕ ਹੋਵੇ, ਮੈਂ ਮੁੜ ਚੈਕ ਕਰ ਲੈਂਦਾ ਹਾਂ। ਇੰਨੀ ਗੱਲ ਤੋਂ ਉਹ ਸੰਤੁਸ਼ਟ ਹੋ ਕੇ ਚਲੇ ਗਏ। ਇੱਥੇ ਜੋ ਨੁਕਤਾ ਮੈਂ ਰੱਖਣਾ ਚਾਹੁੰਦਾ ਹਾ ਉਹ ਸਿਰਫ ਇਹੀ ਹੈ ਕਿ ਕਦੇ ਬਹਿਸ ਵਿਚ ਨਾ ਪਵੋ। 

ਬਹਿਸ ਵਿਚ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ। ਡੇਲ ਕਾਰਨੇਗੀ ਠੀਕ ਹੀ ਕਹਿੰਦਾ ਹੈ ਕਿ ਬਹਿਸ ਤੋਂ ਲਾਭ ਉਠਾਉਣ ਦੀ ਇਕ ਮਾਤਰ ਵਿਧੀ ਹੈ ਕਿ ਬਹਿਸ ਨਾ ਕੀਤੀ ਜਾਵੇ। ਚੰਗੀ ਵਾਰਤਾਲਾਪ ਦਾ ਸੂਤਰ ਹੈ ਕਿ ਹਮੇਸ਼ਾ ਜੇ ਰਚਾਉਣਾ ਤਾਂ ਸੰਵਾਦ ਰਚਾਓ ਵਿਵਾਦ ਨਹੀਂ। ਕਈ ਵਾਰ ਅਸੀਂ ਕਿਸੇ ਨੁਕਤੇ ਤੇ ਅੜ ਖਲੋਂਦੇ ਹਾਂ ਅਤੇ ਫਿਰ ਵਾਦ ਵਿਵਾਦ ਨੂੰ ਜਨਮ ਦੇ ਲੈਂਦੇ ਹਾਂ। ਇਸ ਤੋਂ ਬਚਣ ਦੀ ਲੋੜ ਹੈ। ਵਾਦ ਵਿਵਾਦ ਨਹੀਂ ਸਿਰਫ ਸੰਵਾਦ। ਬਾਬਾ ਨਾਨਕ ਨੇ ਵੀ ਕਿਛੁ ਸੁਣਿਐ ਕਿਛੁ ਕਹੀਐ' ਦਾ ਸਬਕ ਦਿੱਤਾ ਹੈ। ਇੱਥੇ ਤਾਂ ਇਕ ਹੋਰ ਨੁਕਤਾ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜੇ ਤੁਹਾਡਾ ਸਾਹਮਣੇ ਵਾਲਾ ਗਲਤ ਵੀ ਹੋਵੇ ਤਾਂ ਵੀ ਉਸ ਨੂੰ ਬੋਲ ਕੇ ਉਸ ਦੀ ਗਲਤੀ ਦਾ ਅਹਿਸਾਸ ਨਹੀਂ ਕਰਾਉਣਾ ਚਾਹੀਦਾ। ਜੇ ਜ਼ਰੂਰੀ ਹੋਵੇ ਤਾਂ ਵੀ ਇਉਂ ਦੱਸਿਆ ਜਾਵੇ ਕਿ ਉਸਨੂੰ ਮਹਿਸੂਸ ਨਾ ਹੋਵੇ।
ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ।

ਪੰਜ ਚਾਰ ਦੋਸਤ ਕਿਸੇ ਗੰਭੀਰ ਨੁਕਤੇ ਤੇ ਬਹਿਸ ਕਰ ਰਹੇ ਹਨ। ਇਕ ਹੋਰ ਆਉਣ ਸਾਰ ਬਿਨਾਂ ਕਿਸੇ ਦੇ ਕਹੇ ਆਪਣੀ ਰਾਏ ਪ੍ਰਗਟ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਚੰਗੀ ਆਦਤ ਨਹੀਂ। ਬਿਨਾਂ ਕਹੇ ਕਦੇ ਵੀ ਸਲਾਹ ਨਾ ਦਿਓ। ਜੇ ਕੋਈ ਬੋਲ ਰਿਹਾ ਹੋਵੇ, ਉਸਨੂੰ ਗੱਲ ਪੂਰੀ ਕਰ ਲੈਣ ਦਿਓ। ਕਿਸੇ ਦੀ ਗੱਲ ਨੂੰ ਕੱਟ ਕੇ ਆਪਣੀ ਗੱਲ ਸ਼ੁਰੂ ਕਰਨ ਵਾਲੇ ਦੂਜਿਆਂ ਦੀ ਨਿਗਾਹ ਵਿਚ ਡਿੱਗ ਪੈਂਦੇ ਹਨ। ਜੇਕਰ ਦੋ ਗਰੁੱਪਾਂ ਵਿਚ ਬਹਿਸ ਹੋ ਰਹੀ ਹੋਵੇ ਤਾਂ ਵੀ ਕਿਸੇ ਇਕ ਦਾ ਸਾਥ ਦੇਣ ਤੋਂ ਗੁਰੇਜ਼ ਕਰਨਾ ਚੰਗਾ ਹੁੰਦਾ ਹੈ। ਭਾਵੇਂ ਬੋਲਣ 'ਤੇ ਕੋਈ ਟੈਕਸ ਨਹੀਂ ਲਗਦਾ ਪਰ ਜ਼ਿਆਦਾ ਬੋਲਣਾ ਚੰਗਾ ਨਹੀਂ ਹੁੰਦਾ। ਬਹੁਤਾ ਬੋਲੋਗੇ ਤਾਂ ਆਪਣੇ ਆਪ ਬਾਰੇ ਹੀ ਗੱਲਾਂ ਕਰਨ ਲੱਗੋਗੇ।
'ਕੰਨਾਂ ਦੀ ਇਕ ਜੋੜੀ ਸੈਂਕੜੇ ਜੀਭਾਂ ਨੂੰ ਥਕਾ ਸਕਦੀ ਹੈ'

ਚੰਗੀ ਵਾਰਤਾਲਾਪ ਵਿਚ ਨਿਪੁੰਨ ਵਿਅਕਤੀ ਚੰਗਾ ਸਰੋਤਾ ਵੀ ਹੁੰਦਾ ਹੈ। ਸੁਣਨਾ ਵੀ ਇਕ ਕਲਾ ਹੈ। ਸਬਰ ਨਾਲ ਸੁਣਨ ਵਾਲੇ ਹਮੇਸ਼ਾ ਆਦਰ ਪਾਉਂਦੇ ਹਨ। ਦੂਜੇ ਮਨੁੱਖ ਦੀ ਗੱਲਬਾਤ ਵਿਚ ਦਿਲਚਸਪੀ ਲਵੋ। ਸਰੀਰਕ ਭਾਸ਼ਾ ਨਾਲ ਉਸਨੂੰ ਬੋਲਣ ਲਈ ਉਤਸ਼ਾਹਿਤ ਕਰੋ। ਉਸਦੀ ਦਿਲਚਸਪੀ ਵਾਲੀਆਂ ਗੱਲਾਂ ਸੁਣੋ ਤਾਂ ਉਸ ਵਿਅਕਤੀ ਦੀ ਨਿਗਾਹ ਵਿਚ ਸਿਆਣੇ ਮਨੁੱਖ ਬਣ ਜਾਓਗੇ। ਜੇ ਕੋਈ ਵਿਅਕਤੀ ਬੋਲ ਰਿਹਾ ਹੋਵੇ ਤਾਂ ਕਦੇ ਵੀ ਦੂਜੇ ਕੰਨ ਵਿਚ ਘੁਸਰ ਮੁਸਰ ਨਹੀਂ ਕਰਨੀ ਚਾਹੀਦੀ। ਨਾ ਹੀ ਕਦੇ ਤੁਹਾਡੇ ਮੂੰਹ ਤੇ ਅਜਿਹੀ ਵਿਅੰਗਮਈ ਮੁਸਕਰਾਹਟ ਆਉਣੀ ਚਾਹੀਦੀ ਹੈ, ਜਿਸ ਨਾਲ ਬੁਲਾਰਾ ਬੇਇੱਜ਼ਤ ਹੋਇਆ ਮਹਿਸੂਸ ਕਰੇ।
ਸ਼ਬਦ ਮੋਤੀਆਂ ਵਾਂਗ ਹੁੰਦੇ ਹਨ
ਸ਼ਬਦਾਂ ਨੂੰ ਮੋਤੀਆਂ ਵਾਂਗ ਭਰੋਵੋ।
ਸ਼ਬਦਾਂ ਦੇ ਵਣਜਾਰੇ ਬਣੋ। ਸ਼ਬਦਾਂ ਦੀ ਚੋਣ 'ਤੇ ਧਿਆਨ ਦੇਵੋ। ਚੁਭਵੇਂ ਸ਼ਬਦਾਂ ਨੂੰ ਆਪਣੀ ਡਿਕਸ਼ਨਰੀ ਵਿਚੋਂ ਕੱਢ ਦਿਓ। ਕਈ ਲੋਕਾਂ ਨੂੰ ਗੱਲ ਗੱਲ ਤੇ ਗਾਲ਼ ਕੱਢਣ ਦੀ ਆਦਤ ਹੁੰਦੀ ਹੈ। ਸਖਤ ਸ਼ਬਦ ਆਪ ਨੂੰ ਅਸਭਿਅਕ ਲੋਕਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੰਦੇ ਹਨ। ਸੋ, ਜਿੱਥੋਂ ਤੱਥ ਹੋ ਸਕੇ, ਸਨੇਹ ਵਾਲੇ ਸ਼ਬਦਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ ਕਰੋ। ਮਾੜਾ ਸ਼ਬਦ ਗੂੰਜ ਬਣ ਕੇ ਵਾਪਸ ਮੁੜਦਾ ਹੈ। ਆਪਣੀ ਜੀਭ ਨੂੰ ਦੰਦੀ ਵੱਢਣਾ ਸ਼ਬਦਾਂ ਨੂੰ ਦੰਦੀਆਂ ਵੱਢਣ ਨਾਲੋਂ ਬਿਹਤਰ ਹੁੰਦਾ ਹੈ। ਹਿੰਦੁਸਤਾਨ ਵਿਚਲੀ ਇਹ ਅਖਾਉਤ ਯਾਦ ਰੱਖੋ। ਜ਼ੁਬਾਨ ਤੁਹਾਡੀ ਤਰੱਕੀ ਕਰਵਾ ਸਕਦੀ ਹੈ ਅਤੇ ਇਹ ਤੁਹਾਡਾ ਸਿਰ ਵੀ ਲੁਹਾ ਸਕਦੀ ਹੈ।
ਆਹ ਗੱਲਾਂ ਕਰੋ
1. ਘੱਟ ਬੋਲੋ ਜ਼ਿਆਦਾ ਸੁਣੋ।
2. ਗਿਆਨਵਾਨ ਬਣੋ ਤਾਂ ਕਿ ਹਰ ਵਿਸ਼ੇ ਤੇ ਬੋਲਣ ਲਈ ਤੁਹਾਡੇ ਕੋਲ ਕੁਝ ਨਾ ਕੁਝ ਹੋਵੇ। ਅਖ਼ਬਾਰ ਪੜ੍ਹੋ, ਖ਼ਬਰਾਂ ਸੁਣੋ, ਆਮ ਗਿਆਨ ਵਧਾਓ ਅਤੇ ਚਲੰਤ ਮਾਮਲਿਆਂ ਵਿਚ ਦਿਲਚਸਪੀ ਲਵੋ।
3. ਆਪਣੀ ਵਾਰੀ ਦੀ ਉਡੀਕ ਕਰੋ। ਕਿਸੇ ਦੀ ਗੱਲ ਵਿਚੋਂ ਨਾ ਕੱਟੋ। ਪੂਰੀ ਹੋਣ ਤੋਂ ਬਾਅਦ ਹੀ ਆਪਣਾ ਤਰਕ ਪੇਸ਼ ਕਰੋ।
4. ਆਪਣੀ ਗੱਲ ਕਰਕੇ ਕਦੇ ਨਾ ਹੱਸੀਏ, ਬੱਚਾ ਚੁੰਘੇ ਮਾਂ ਨੂੰ ਕਦੇ ਨਾ ਦੱਸੀਏ।
ਨਾ ਦੂਜਿਆਂ ਦਾ ਮਜ਼ਾਕ ਉਡਾਓ ਅਤੇ ਨਾ ਹੀ ਆਪਣਾ।
5. ਮੁਸਕਰਾਓ ਅਤੇ ਮੁਸਕਰਾਉਣ ਦੀ ਭਾਸ਼ਾ ਦੇ ਮਾਹਿਰ ਬਣੋ।
6. ਬੋਲਣ ਤੋਂ ਪਹਿਲਾਂ ਸੋਚੋ ਅਤੇ ਸੋਚ ਕੇ ਬੋਲੋ।
7. ਮੈਂ ਸ਼ਬਦ ਦਾ ਘੱਟ ਤੋਂ ਘੱਟ ਪ੍ਰਯੋਗ ਕਰੋ।
8. ਬਿਨਾਂ ਸ਼ਬਦਾਂ ਦੀ ਭਾਸ਼ਾ ਬੋਲਣੀ ਅਤੇ ਸਮਝਣੀ ਸਿੱਖੋ। ਇਸ ਵਿਚ ਸਾਡਾ ਪਹਿਰਾਵਾ ਬੈਠਣ ਅਤੇ ਖੜ੍ਹੇ ਹੋਣ ਦਾ ਢੰਗ, ਚਿਹਰੇ ਦੇ ਹਾਵ ਭਾਵ, ਅੱਖਾਂ ਦੀ ਭਾਸ਼ਾ, ਹੱਥ, ਬਾਂਹ ਤੇ ਲੱਤਾਂ ਦੀਆਂ ਹਰਕਤਾਂ, ਆਵਾਜ਼, ਲਹਿਜਾ, ਤੇਜ਼ੀ ਅਤੇ ਉਤਾਰ ਚੜ੍ਹਾਅ ਆਦਿ ਸ਼ਾਮਲ ਹੈ।

ਉਕਤ ਨੁਕਤਿਆਂ ਤੇ ਵਿਚਾਰ ਕਰੋ ਅਤੇ ਅਮਲ ਕਰੋ। ਤੁਸੀਂ ਵਧੀਆ ਵਾਰਤਾਲਾਪ ਕਰਨ ਵਾਲੇ ਬਣੋਗੇ। ਇਹ ਤੁਹਾਡਾ ਸਫਲਤਾ ਦਾ ਰਾਹ ਪੱਧਰਾ ਕਰੇਗੀ।
ਡਾ: ਹਰਜਿੰਦਰ ਵਾਲੀਆ


Vandana

Content Editor

Related News