ਸੂਰਜਾ ਕੁਪੱਤੀ ਤੇਰੀ ਹੁੰਦੀ ਘਰ ਵਾਲੀ/ ਪੰਜਾਬੀ ਗੀਤ
Tuesday, Jun 04, 2019 - 12:39 PM (IST)

ਸੂਰਜਾ ਕੁਪੱਤੀ ਤੇਰੀ ਹੁੰਦੀ ਘਰ ਵਾਲੀ,
ਟੈਂਪਰੇਚਰ ਆ ਵੜਦਾ ਨਾ ਵਿਹੜੇ,
ਵਧ ਗਿਆ ਏਨਾ, ਕੀਤੀ ਗਰਮੀ ਨੇ ਅੱਤ,
ਦਿੱਤੇ ਰੱਖ ਮੁਰਝਾ ਕੇ ਸਾਰੇ ਚਿਹਰੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਸੁਰਖ਼ੀ ਤੇ ਪਾਉਡਰਾਂ ਦਾ ਜੱਭ ਕਦੇ ਪਿਆ ਨਹੀਂ,
ਨਿੱਕ ਸੁੱਕ ਲੈ ਕੇ ਆਓ, ਵੀ ਤਾਂ ਕਿਸੇ ਕਿਹਾ ਨਹੀਂ,
ਅਜੇ ਤੂੰ ਨਿਠੱਲਾ ਹੋ ਕੇ ਜਿੰਦਗੀ ਗੁਜ਼ਾਰੇਂ,
ਘਰਵਾਲੀ ਦੇ ਨਾ ਨਖ਼ੜੇ ਸਹੇੜੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਤੇਰੇ ਵੀ ਹੋਣੇ ਸੀ, ਕੁਝ ਬਾਲ ਤੇ ਨਿਆਣੇ ਜੀ,
ਉਲਝ ਜਾਣੇ ਸੀ, ਸਭ ਤਾਣੇ ਅਤੇ ਬਾਣੇ ਜੀ,
ਮਘਣੇ-ਮਘਾਉਣ ਦਾ, ਖ਼ਿਆਲ ਭੁੱਲ ਜਾਂਦਾ,
ਰਹਿਣੀ ਮੂੰਹ ਵਿੱਚ ਜ਼ੁਬਾਨ ਨਾ ਸੀ ਤੇਰੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਡੈਡੀ-ਡੈਡੀ ਆਖ ਜਦੋਂ ਬਿੱਟੂ ਪਹੁੰਚਾ ਫੜਦਾ,
ਸੇਕ ਦੇਣਾ ਭੁੱਲਦਾ, ਤੇ ਆਪ ਵੀ ਤੂੰ ਠਰਦਾ,
ਘਰਵਾਲੀ ਪਾਉਣਾ ਸੀਗਾ, ਵੱਖਰਾ ਈ ਸ਼ੋਰ,
ਚੈਂਅ-ਮੈਂਅ ਹੀ ਹੋਣੀ ਸੀ ਵਿੱਚ ਵਿਹੜੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਕੰਮ ਉੱਤੇ ਘਰਵਾਲੀ ਲਾ ਕੇ ਸੀਗਾ ਰੱਖਣਾ,
ਦੇਖ-ਰੇਖ ਵਿੱਚ, ਮਜ਼ਾ ਠੰਢ ਦਾ ਸੀ ਚੱਖਣਾ,
ਘੋਟਣਾ ਤੇ ਵੇਲਣਾ, ਸੀ ਦੇਵੀ ਨੇ ਦਿਖਾਉਣਾ,
ਕਦੇ ਗਰਮੀਂ ਨਹੀਂ, ਢੁੱਕਣੀ ਸੀ ਨੇੜੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਸ਼ਹਿਰਨ ਹੁੰਦੀ ਤਾਂ ਉਹਨੇ ਕਿੱਟੀ 'ਤੇ ਲੈ ਜਾਣਾ ਸੀ,
ਪੇਂਡੂ ਹੁੰਦੀ ਆਲੂ-ਗੰਢੇ
ਛਿੱਲਣੇ 'ਤੇ ਲਾਉਣਾ ਸੀ,
ਤਪਮਾਨ ਵਿੱਚ ਏਨਾ ਵਾਧਾ ਨਾ ਸੀ ਹੋਣਾ,
ਲੂਅ ਦਾ ਕਾਂ, ਨਹੀਂ ਸੀ ਬੈਠਣਾ ਬਨੇਰੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਜਦੋਂ ਹੱਦੋਂ ਵੱਧ ਤਪੇਂ, ਫ਼ੇਲ ਹਾਰਟ ਏਂ ਕਰਦਾ,
ਦੁਨੀਆਂ 'ਤੇ ਰਤਾ ਵੀ, ਤੂੰ ਤਰਸ ਨਾ ਕਰਦਾ,
ਪਰਸ਼ੋਤਮ ਸਰੋਏ ਆਖੇ, ਕਾਹਦਾ ਤੈਨੂੰ ਮਾਣ,
ਖੋਹਵੇਂ ਲੋਕਾਂ ਕੋਲੋਂ, ਖ਼ੁਸ਼ੀਆਂ ਤੇ ਖੇੜੇ।
ਸੂਰਜਾ ਕੁਪੱਤੀ ਤੇਰੀ ਹੁੰਦੀ ਘਰਵਾਲੀ…
ਪਰਸ਼ੋਤਮ ਲਾਲ ਸਰੋਏ