ਕਹਾਣੀਨਾਮਾ : ਵਰਤਮਾਨ ਸਮੇਂ ’ਤੇ ਵਿਅੰਗ ਕਰਦੀਆਂ ਪੜ੍ਹੋ ਦੋ ਮਿੰਨੀ ਕਹਾਣੀਆਂ ‘ਅੰਨ੍ਹਾ ਪੁੱਤ’ ਤੇ ‘ਤੀਜੀ ਮੱਛੀ’

Saturday, Jun 26, 2021 - 03:30 PM (IST)

ਕਹਾਣੀਨਾਮਾ : ਵਰਤਮਾਨ ਸਮੇਂ ’ਤੇ ਵਿਅੰਗ ਕਰਦੀਆਂ ਪੜ੍ਹੋ ਦੋ ਮਿੰਨੀ ਕਹਾਣੀਆਂ ‘ਅੰਨ੍ਹਾ ਪੁੱਤ’ ਤੇ ‘ਤੀਜੀ ਮੱਛੀ’

ਅੱਜ ਤੜਕੇ ਜਿਹੇ ਮੈਨੂੰ ਇਕ ਸੁਫ਼ਨਾ ਆਇਆ, ਮਾਂ ਧਰਤੀ ਕੋਲ ਬੈਠਾ ਹਾਂ ਤੇ ਉਸ ਨੂੰ ਪੁੱਛਦਾ ਹਾਂ, ‘‘ਮਾਂ ਇੰਨੀ ਭਾਰੀ-ਭਰਕਮ ਦੁਨੀਆ ਚੁੱਕੀ ਫਿਰਦੀ ਏਂ, ਦਰਿਆ, ਸਮੁੰਦਰ, ਰੁੱਖ, ਬੰਦੇ, ਬੱਸਾਂ-ਕਾਰਾਂ...ਤੈਨੂੰ ਭਾਰ ਨਈਂ ਲੱਗਦਾ?’’ ਮੇਰੀ ਗੱਲ ਸੁਣ ਕੇ ਧਰਤੀ ਮਾਂ ਨੇ ਹਉਕਾ ਲਿਆ ਤੇ ਬੋਲੀ, ‘‘ਇਹ ਦੁਨੀਆ ਮੇਰੀ ਔਲਾਦ ਹੈ ਪੁੱਤਰਾ! ਮਾਂ ਲਈ ਔਲਾਦ ਕਿਤੇ ਭਾਰੀ ਥੋੜੋਂ ਹੁੰਦੀ ਏ!’’ ਪਰ ਮਾਂ ਤੂੰ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਗਈ ਏਂ ਤੇ ਬੁੱਢੀ ਵੀ...ਫਿਰ ਵੀ ਭਾਰ ਨੲ੍ਹੀਂ ਲੱਗਦਾ....ਤੇਰਾ ਰੰਗ ਵੀ ਉੱਡਿਆ-ਉੱਡਿਆ ਰਹਿੰਦਾ...ਕਿਤੇ ਸ਼ੂਗਰ ਤਾਂ ਨੲ੍ਹੀਂ ਹੋ ਗਈ...ਬੀ. ਪੀ. ਠੀਕ ਰਹਿੰਦਾ ਤੇਰਾ?...ਦੱਸ ਜੇ ਕੋਈ ਦੁੱਖ ਏ, ਮੈਨੂੰ ਵੀ ਆਪਣੀ ਸੇਵਾ ਦਾ ਮੌਕਾ ਦੇ...ਦੱਸ ਮੈਂ ਤੇਰੇ ਲਈ ਕੀ ਕਰ ਸਕਦਾਂ?’’

ਮੈਂ ਧਰਤੀ ਮਾਂ ਦੀਆਂ ਲੱਤਾਂ ਘੁੱਟਦਿਆਂ ਸੁਆਲ ਕੀਤਾ। ਮੇਰੀ ਗੱਲ ਸੁਣ ਕੇ ਉਹ ਸੋਚੀਂ ਪੈ ਗਈ ਤੇ ਠੰਡਾ ਹਉਕਾ ਭਰ ਕੇ ਤਰਲਾ ਜਿਹਾ ਕਰਦੀ ਬੋਲੀ, ‘‘ਮੈਨੂੰ ਹੋਰ ਕੋਈ ਦੁੱਖ ਨਈਂ ਹੈਗਾ ਪੁੱਤ...ਬਸ ਆਹ ਮੇਰਾ ਜਿਹੜਾ ਅੰਨ੍ਹਾ ਪੁੱਤਰ ਏ, ਇਹ ਸਤਾਉਣੋਂ ਨਈਂ ਹਟਦਾ...ਮੇਰਾ ਲਹੂ ਪੀਣੋਂ ਨੲ੍ਹੀਂ ਹਟਦਾ...ਇਹਨੂੰ ਸਮਝਾ ਕਿਸੇ ਤਰ੍ਹਾਂ....ਇਹਨੇ ਔਹ ਜਿਹੜਾ ਸਾਮਾਨ ਚੁੱਕਿਆ ਹੋਇਆ ਖੋਹ ਕੇ ਕਿਤੇ ਲੁਕੋ ਦੇ...ਮੈਨੂੰ ਇਨ੍ਹਾਂ ਚੀਜ਼ਾਂ ਤੋਂ ਬੜਾ ਡਰ ਲੱਗਦਾ...ਮੈਥੋਂ ਇਨ੍ਹਾਂ ਦਾ ਭਾਰ ਨੲ੍ਹੀਂ ਸਹਾਰ ਹੁੰਦਾ।’’ ਕਹਿੰਦਿਆਂ ਡਰੀ ਹੋਈ ਧਰਤੀ ਮਾਂ ਨੇ ਇਕ ਪਾਸੇ ਵੱਲ ਹੱਥ ਦਾ ਇਸ਼ਾਰਾ ਕੀਤਾ।

ਕੀ ਦੇਖਦਾ ਹਾਂ ਕਿ ਮੂੰਹ ਹਨ੍ਹੇਰੇ ਵਿਚ ਇਕ ਦਿਓ ਕੱਦ ਬੰਦਾ ਤੁਰਿਆ ਆ ਰਿਹਾ ਏ, ਜਿਸ ਨੇ ਆਪਣੇ ਇਕ ਹੱਥ ’ਚ ਕੁਹਾੜੀ ਫੜੀ ਹੋਈ ਏ, ਜਿਸ ਦੀ ਟੋਹ ਨਾਲ ਉਹ ਤੁਰ ਰਿਹਾ ਏ ਤੇ ਉਸ ਨੇ ਆਪਣੇ ਇਕ ਮੋਢੇ ’ਤੇ ਵੀਹ ਫੁੱਟ ਲੰਮਾ ਲੋਹੇ ਦਾ ਪਾਈਪ ਚੁੱਕਿਆ ਹੋਇਆ ਏ। ਉਸ ਨੇ ਦੂਜੇ ਮੋਢੇ ’ਤੇ ਰੱਸੀ ਪਾ ਕੇ ਮਿੱਟੀ ਦੇ ਤੇਲ ਦੀ ਭਰੀ ਇਕ ਬੋਤਲ ਲਟਕਾਈ ਹੋਈ ਏ ਤੇ ਮੂੰਹ ’ਚ ਤੀਲ੍ਹਾਂ ਦੀ ਡੱਬੀ ਫਸਾਈ ਹੋਈ ਏ। ਉਹ ਕਾਹਲੀ-ਕਾਹਲੀ ਧਰਤੀ ਮਾਂ ਵੱਲ ਤੁਰਿਆ ਆ ਰਿਹਾ ਏ ਤੇ ਉਸ ਤੋਂ ਡਰਦੀ ਧਰਤੀ ਮਾਂ ਮੇਰੇ ਓਹਲੇ ਲੁਕਣ ਦਾ ਯਤਨ ਕਰਦੀ ਏ। ਚਾਰ ਵਜੇ ਘੁਟਨ ਜਿਹੀ ਮਹਿਸੂਸ ਹੋਈ, ਜਿਸ ਨਾਲ ਮੇਰੀ ਅੱਖ ਖੁੱਲ੍ਹ ਗਈ। ਹਵਾ ਦੇ ਵਹਾਅ ਨਾਲ ਪਿੰਡ ਨੇੜੇ ਚਲਦੀ ਫੈਕਟਰੀ ਦਾ ਧੂੰਆਂ ਅੱਜ ਫੇਰ ਪਿੰਡ ਵਿਚ ਆ ਵੜਿਆ ਸੀ। 
                                                                                                                                                                                                                                                            -ਡਾ. ਰਾਮ ਮੂਰਤੀ

ਤੀਜੀ ਮੱਛੀ 
ਇਕ ਦਿਨ ਮੈਂ ਇਕ ਸੀਨੀਅਰ ਕਲਾਸ ਦੇ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਰਿਹਾ ਸਾਂ। ਅਚਾਨਕ ਇਕ ਲੜਕੀ ਨੇ ਉੱਠ ਕੇ ਸੁਆਲ ਕੀਤਾ, ‘‘ਸਰ! ਤੁਸੀਂ ਰੱਬ ਨੂੰ ਮੰਨਦੇ ਓ?’’ ‘‘ਹਾਂ ਬੇਟਾ! ਮੰਨਦਾ ਹਾਂ।’’ ਮੇਰਾ ਉੱਤਰ ਸੀ। ‘‘ਸਰ! ਕੀ ਤੁਸੀਂ ਮੈਨੂੰ ਰੱਬ ਦਿਖਾ ਸਕਦੇ ਹੋ?’’ ਹੈਰਾਨ ਹੋਈ ਲੜਕੀ ਦਾ ਸੁਆਲ ਸੀ। ‘‘ਹਾਂ! ਕਿਉਂ ਨਹੀਂ...ਤੈਨੂੰ ਇਕੱਲੀ ਨੂੰ ਹੀ ਕਿਉਂ, ਮੈਂ ਸਾਰੀ ਕਲਾਸ ਦੇ ਬੱਚਿਆਂ ਨੂੰ ਦਿਖਾ ਸਕਦਾਂ...ਹੁਣੇ...ਇਸੇ ਵਕਤ!’’ ਮੇਰਾ ਜਵਾਬ ਸੁਣ ਕੇ ਲੜਕੀ ਬੋਲੀ, ‘‘ਸਰ! ਦਿਖਾਓ ਫਿਰ! ਦੇਰ ਕਾਹਦੀ?’’ ‘‘ਦਿਖਾ ਦਿਆਂਗਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਇਕ ਛੋਟੀ ਜਿਹੀ ਕਹਾਣੀ ਸੁਣਨੀ ਪਵੇਗੀ!’’

ਮੇਰੇ ਇਹ ਕਹਿਣ ’ਤੇ ਉਹ ਬੋਲੀ, ‘‘ਸੁਣਾਓ ਸਰ! ਅਸੀਂ ਤਿਆਰ ਹਾਂ!’’ ‘‘ਲਓ ਫਿਰ...ਕਹਿੰਦੇ ਨੇ ਕਿ ਇਕ ਵਾਰ ਦੋ ਮੱਛੀਆਂ ਸਮੁੰਦਰ ਵਿਚ ਇਕ-ਦੂਜੀ ਨੂੰ ਮਿਲੀਆਂ! ਇਕ ਦੂਜੀ ਨੂੰ ਪੁੱਛਣ ਲੱਗੀ : ਭੈਣੇ ਭੈਣੇ ਤੂੰ ਸਮੁੰਦਰ ਵੇਖਿਆ? ਦੂਜੀ ਕਹਿੰਦੀ : ਨਾ ਭੈਣੇ! ਉਂਝ ਮੈਂ ਸੁਣਿਐ ਪਈ ਸਮੁੰਦਰ ਹੈਗਾ ਏ ਕਿਤੇ ਨਾ ਕਿਤੇ! ਕਹਿੰਦੇ ਨੇ ਕਿ ਬੜਾ ਵੱਡਾ...ਵਿਸ਼ਾਲ ਤੇ ਅਨੰਤ ਹੈ ਸਮੁੰਦਰ...ਤੇ ਬੜਾ ਸੋਹਣਾ ਵੀ! ਪਹਿਲੀ ਵੀ ਉਤਸੁਕ ਹੋ ਕੇ ਕਹਿਣ ਲੱਗੀ : ਹਾਏ! ਮੈਂ ਵੇਖਣਾ ਚਾਹੁੰਦੀ ਹਾਂ! ਕੌਣ ਵਿਖਾਏ? ਦੂਜੀ ਨੇ ਦੱਸਿਆ : ਓਹ ਪਰਲੇ ਕੋਨੇ ਵਿਚ ਰਹਿੰਦੀ ਜਿਹੜੀ ਮੱਛੀ ਹਮੇਸ਼ਾ ਮੱਛ ਸਮਾਜ ਦੇ ਭਲੇ ਵਿਚ ਲੱਗੀ ਰਹਿੰਦੀ ਹੈ...ਦੂਜਿਆਂ ਨੂੰ ਕੁਝ ਨਾ ਕੁਝ ਪੜ੍ਹਾਉਂਦੀ ਸਿਖਾਉਂਦੀ ਰਹਿੰਦੀ ਏ...ਮੈਂ ਸੁਣਿਆ ਉਸ ਨੂੰ ਅੰਦਰਲੀ ਲੋਅ ਵੀ ਏ! ਉਹਨੂੰ ਪੁੱਛਦੇ ਹਾਂ ਜਾ ਕੇ ਸ਼ਾਇਦ ਉਸ ਨੇ ਵੇਖਿਆ ਹੋਵੇ?....ਤੇ ਇਸ ਆਸ ਨਾਲ ਉਹ ਉਸ ਮੱਛੀ ਕੋਲ ਪਹੁੰਚ ਗਈਆਂ ਤੇ ਉਸ ਨੂੰ ਆਉਣ ਦਾ ਮਕਸਦ ਦੱਸਿਆ। ਉਨ੍ਹਾਂ ਦੀ ਗੱਲ ਸੁਣ ਕੇ ਉਹ ਤੀਜੀ ਮੱਛੀ ਮੁਸਕਰਾ ਪਈ ਤੇ ਕਹਿਣ ਲੱਗੀ : ਸਮੁੰਦਰ ਦੇਖਣ ਲਈ ਤੁਹਾਨੂੰ ਪਾਣੀ ਤੋਂ ਬਾਹਰ ਜਾਣਾ ਪਵੇਗਾ। ਉਸ ਦੀ ਗੱਲ ਸੁਣ ਕੇ ਦੋਵੇਂ ਮੱਛੀਆਂ ਕੰਬ ਉੱਠੀਆਂ।

ਪਹਿਲੀ ਕਹਿਣ ਲੱਗੀ : ਨਾ ਨਾ ਭੈਣੇ! ਇਹ ਕੀ ਤੂੰ ਸਾਨੂੰ ਪੁੱਠੀ ਮੱਤ ਸਿਖਾਉਂਨੀ ਏਂ...ਅਸੀਂ ਤਾਂ ਤੈਨੂੰ ਸਿਆਣੀ ਸਮਝ ਕੇ ਤੇਰੇ ਕੋਲ ਆਈਆਂ ਸਾਂ....ਅੱਜ ਤਾਈਂ ਤਾਂ ਸਿਆਣੇ ਇਹੋ ਸਮਝਾਉਂਦੇ ਆਏ ਨੇ ਬਈ ਪਾਣੀ ਤੋਂ ਬਾਹਰ ਜਾ ਕੇ ਮਰ ਜਾਈਦਾ ਹੈ...ਜਿਹੜੀ ਮੱਛੀ ਬਾਹਰ ਗਈ ਕਦੇ ਵਾਪਸ ਨਹੀਂ ਆਈ। ਨਾ ਭਾਈ ਅਸੀਂ ਨੀਂ ਸਮੁੰਦਰ ਵੇਖਣਾ....ਤੂੰ ਤਾਂ ਪੁੱਠੀਆਂ ਮੱਤਾਂ ਦੇਣ ਲੱਗ ਪਈ...ਇਹ ਕਹਿੰਦਿਆਂ ਦੋਵੇਂ ਮੱਛੀਆਂ ਵਾਪਸ ਮੁੜ ਗਈਆਂ! ਹੁਣ ਤੁਸੀਂ ਦੱਸੋ ਬੱਚਿਓ! ਤੁਹਾਨੂੰ ਰੱਬ ਦਿਸਿਆ ਕਿ ਨਹੀਂ?’’ ਅਖੀਰ ’ਤੇ ਮੈਂ ਬੱਚਿਆਂ ਨੂੰ ਸਵਾਲ ਕੀਤਾ ਤਾਂ ਉਹ ਲੜਕੀ ਕਹਿਣ ਲੱਗੀ, ‘‘ਹਾਂ ਸਰ ਜੀ! ਸਮਝ ਆ ਗਈ ਬਈ ਇਹ ਸੰਸਾਰ, ਇਹ ਕਾਇਨਾਤ, ਜਿਸ ਵਿਚ ਅਸੀਂ ਰਹਿ ਰਹੇ ਹਾਂ, ਇਹੋ ਰੱਬ ਹੈ....ਅਸੀਂ ਰੱਬ ਵਿਚ ਹੀ ਰਹਿ ਰਹੇ ਹਾਂ, ਜਿਵੇਂ ਸਮੁੰਦਰ ਭਾਲ਼ਦੀਆਂ ਮੱਛੀਆਂ ਨੂੰ ਗਿਆਨ ਹੀ ਨਹੀਂ ਕਿ ਉਹ ਸਮੁੰਦਰ ਵਿਚ ਹੀ ਰਹਿ ਰਹੀਆਂ ਨੇ...ਇਹੋ ਸਾਡਾ ਹਾਲ ਹੈ....ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ! ਰੱਬ ਦਿਖਾਉਣ ਲਈ...ਸੱਚ ਦੱਸਿਓ ਸਰ! ਕਿਤੇ ਉਹ ਤੀਜੀ ਮੱਛੀ ਤੁਸੀਂ ਤੇ ਨਹੀਂ ਸੀ?’’ ਲੜਕੀ ਦੀ ਇਹ ਗੱਲ ਸੁਣ ਕੇ ਸਮੇਤ ਮੇਰੇ ਸਾਰੀ ਕਲਾਸ ਉੱਚੀ ਉੱਚ ਹੱਸਣ ਲੱਗ ਪਈ। 
                                                                                                                                                                                                                                                       -ਡਾ. ਰਾਮ ਮੂਰਤੀ
                                                                                                                                                                                                                                                        94174-49665

ਨੋਟ : ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ? ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

Manoj

Content Editor

Related News