ਕਹਾਣੀ : ਮੇਰਾ ਕੁੱਕਰੂ (ਕੁੱਕੜ)

06/05/2020 12:49:56 PM

ਲੋਹੜੀ ਤੋਂ ਇੱਕ ਦਿਨ ਪਹਿਲਾਂ ਸਵੇਰ ਦਾ ਟਾਈਮ ਸੀ। ਘਰ ਦਾ ਮਾਲਕ ਬਾਹਰੋਂ ਆਇਆ ਅਤੇ ਆਉਂਦਿਆਂ ਹੀ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਅਤੇ ਕਹਿਣ ਲੱਗਾ। ਪੁੱਤਰ ਛੇਤੀ ਰੱਸੀ ਲਿਆ ਕੁੱਕੜ ਦੀ ਲੱਤ ਬੰਨਣੀ ਐਂ, ਅੰਦਰੋਂ ਆਵਾਜ਼ ਸੁਣ ਕੇ ਉਸਦਾ ਛੇਆਂ ਸੱਤਾਂ ਸਾਲਾ ਦਾ ਪੱਤਰ ਭੱਜ ਕੇ ਬਾਹਰ ਆ ਗਿਆ ਅਤੇ ਪਿਤਾ ਦੀ ਬੁੱਕਲ ਵਿੱਚ ਬੜਾ ਸੋਹਣਾ ਲਾਲ ਰੰਗ ਦਾ ਕੁੱਕੜ ਵੇਖ ਕੇ ਖੁਸ਼ ਹੋ ਗਿਆ। ਪੁੱਤਰ...ਉਹ ਕਿੰਨਾ ਸੋਹਣਾ ਕੁੱਕਰੂ...ਮੈ ਇਹਦੇ ਨਾਲ ਖੇਡਾਂਗਾ ਲਿਆ ਦੈਦੀ... ਮੈਨੂੰ ਦੇਦੇ... ਮੈ ਇਹਦੇ ਨਾਲ ਖੇਡਣਾ ਏਂ। 

ਪਿਤਾ ਨੇ ਕਿਹਾ...ਨਹੀਂ, ਇਹ ਭੱਜ ਜੂ ਗਾ ਤੂੰ ਰੱਸੀ ਲਿਆ। 

ਉਹਦੇ ਡੈਡੀ ਨੇ ਆਪ ਜਾ ਕੇ ਮੰਜੇ ਦੀ ਪੈਂਦ ਨਾਲ ਕੁੱਕੜ ਦੀ ਲੱਤ ਬੰਨ੍ਹ ਦਿੱਤੀ ਅਤੇ ਬਾਹਰ ਚਲਾ ਗਿਆ। ਉਸਦਾ ਬੇਟਾ ਕੁੱਕੜ ਨਾਲ ਖੇਡਦਾ ਰਿਹਾ। ਕਦੇ ਉਸਨੂੰ ਕੌਲੀ ਵਿੱਚ ਪਾਣੀ ਪਾਉਂਦਾ, ਕਦੇ ਰੋਟੀ ਪਾਉਂਦਾ। ਵੇਖਦੇ-ਵੇਖਦੇ ਹੀ ਉਹ ਕੁੱਕੜ ਦਾ ਗੂੜਾ ਮਿੱਤਰ ਬਣ ਗਿਆ। ਪਤਾ ਹੀ ਨਾ ਲੱਗਾ ਕਦੋਂ ਰਾਤ ਹੋ ਗਈ। ਸਵੇਰੇ ਦਿਨ ਚੜਦਿਆਂ ਈਂ ਮਾਂ ਨੇ ਪੁੱਤਰ ਨੂੰ ਆਵਾਜ਼ ਮਾਰੀ ਪਰ ਪੁੱਤਰ ਤਾਂ ਪਹਿਲਾਂ ਹੀਂ ਟੋਕਰੇ ਦੇ ਕੋਲ ਗੋਡੇ ਮੂਧੇ ਮਾਰ ਕੇ ਬੈਠਾ ਹੋਇਆ ਸੀ। ਮਾਂ ਨੇ ਚਾਹ ਬਣਾ ਕੇ ਅਜੇ ਰੱਖੀ ਸੀ ਕਿ ਪੁੱਤ ਨੇ ਛੇਤੀ ਛੇਤੀ ਉੱਠ ਕੇ ਕੌਲੀ ਵਿੱਚ ਆਪ ਦੇ ਹਿੱਸੇ ਦੀ ਸਾਰੀ ਚਾਹ ਪਾਕੇ ਟੋਕਰੇ ਦੇ ਥੱਲੇ ਧੱਕ ਦਿੱਤੀ ਅਤੇ ਆਪ ਕੋਲ ਬੈਠ ਗਿਆ। ਉਨੀਂ ਦੇਰ ਨੂੰ ਉਸਦਾ ਡੈਡੀ ਦੋ ਬੰਦੇ ਲੈ ਕੇ ਆ ਗਿਆ। ਆਉਦੇਂ ਹੀ ਉਸਨੇ ਕੁੱਕੜ ਨੂੰ ਫੜਿਆ। ਖੰਭ ਮਾਰਦੇ ਅਤੇ ਚੀਕਦੇ ਹੋਏ ਨੂੰ ਬਾਹਰ ਲੈ ਗਿਆ। 

ਉਸਦੇ ਬੇਟੇ ਨੇ ਮਾਂ ਨੂੰ ਪੁਛਿਆ। 

ਮੰਮੀ... ਕੁੱਕਰੂ ਨੂੰ ਦੈਦੀ ਤੀਹ ਤਰੂ ਏ। ਮਾਰੂ ਏ ਹੋਰ ਕੀ ਕਰੂ ਏ ਮੰਮੀ ਨੇ ਗੁੱਸੇ ਨਾਲ ਕਿਹਾ। ਮੇਰੇ ਕੁੱਕਰੂ ਨੂੰ ਦੈਦੀ ਬਾਰੂ ਏ ?ਊਂ ਊਂ ਊਂ ਮੇਰੇ ਕੁੱਕਰੂ ਨੂੰ ਦੈਦੀ ਬਾਰੂ ਏ। ਰੋਂਦਾ ਹੋਇਆ ਮਗਰ ਭੱਜ ਗਿਆ। ਕੋਲ ਜਾ ਕੇ ਕਹਿਣ ਲੱਗਾ ਊਂ ਊਂ ਊਂ ਮੇਰਾ ਕੁੱਕਰੂ ਦੇ ਵੀ- - ਮੈ ਨਹੀਂ ਬਾਰਨ ਦੇਣਾ। ਉਸਦੇ ਡੈਡੀ ਨੇ ਕੂਲੇ ਜਿਹੇ ਮੂੰਹ ਅਤੇ ਐਸੀ ਚਪੇੜ ਮਾਰੀ ਕਿ ਮੂੰਹ ’ਤੇ ਨੀਲ ਪੈ ਗਿਆ, ਦਬਕਾ ਮਾਰ ਕੇ ਵਾਪਸ ਭੇਜ ਦਿੱਤਾ। 

ਉਸ ਦਿਨ ਬੇਟੇ ਨੇ ਰੋਟੀ ਨਾ ਖਾਧੀ ਸਾਰਾ ਦਿਨ ਰੋਂਦਾ ਰਿਹਾ। ਪਤਾ ਨਹੀਂ ਕਦੋਂ ਰੋਂਦੇ ਹੋਏ ਨੂੰ ਨੀਂਦ ਆ ਗਈ। ਸਵੇਰਾ ਹੋਇਆ ਬੁਖਾਰ ਬਹੁਤ ਤੇਜ਼ ਸੀ। ਊਂ ਊਂ ਊਂ ਮੇਰਾ ਕੁੱਕਰੂ ਮੇਰਾ ਕੁੱਕਰੂ। ਮੰਮੀ ਮੰਮੀ ਊਂ ਊਂ ਉਹ ਵੇਖ ਮੇਰਾ ਕੁੱਕਰੂ ਆ ਗਿਆ, ਮੈਨੂੰ ਕਹਿੰਦਾ ਮੈਂ ਤੈਨੂੰ ਛੇਤੀ ਆਪਣੇ ਨਾਲ ਲੈ ਜਾਊਂਗਾ ਉਹ ਵੇਖ ਮੇਰਾ ਕੁਕੂ ਏਨੀ ਕਹਿੰਦਿਆਂ ਈ ਬੇਹੋਸ਼ ਗਿਆ। ਮਾਂ ਤੋਂ ਸਹਾਰਿਆ ਨਾ ਗਿਆ ਮਾਂ ਦੀਆਂ ਚੀਕਾਂ ਨਿਕਲ ਗਈਆਂ। ਕੋਈ ਜਾਹੋ ਵੇ ਇਹਦੇ ਪਿਉ ਨੂੰ ਸੱਦ ਕੇ ਲਿਆਉ। ਕੋਈ ਲਾਗੋਂ ਭੱਜ ਕੇ ਗਿਆ, ਉਸਦੇ ਡੈਡੀ ਨੂੰ ਖਬਰ ਕੀਤੀ। ਗੁਆਂਡੀਆਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਹੋਸ਼ ਆਈ। ਪਿਉ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਉਸ ਦਿਨ ਤੋਂ ਬਾਦ ਉਸਦੇ ਡੈਡੀ ਨੇ ਮਨ ਬਣਾ ਲਿਆ ਕਿ ਔਲਾਦ ਤੋਂ ਵਧ ਕੇ ਕੋਈ ਚੀਜ ਨਹੀਂ। ਅੱਜ ਤੋਂ ਬਾਆਦ ਕਿਸੇ ਵੀ ਜਾਨਵਰ ਨੂੰ ਨਹੀਂ ਮਾਰਾਂਗਾ ਅਤੇ ਨਾ ਹੀ ਖਾਵਾਂਗਾ।

(ਸਮਾਪਤ) 

ਵੀਰ ਸਿੰਘ ਵੀਰਾ ਪੀਰ ਮੁਹੰਮਦ
9780253156


rajwinder kaur

Content Editor

Related News