ਕਹਾਣੀ : ਦਰਦ ਮਹਿਸੂਸ ਹੁੰਦਾ ਹੈ...

08/03/2020 5:57:17 PM

ਅੱਜ ਪਤਾ ਨਹੀਂ ਰੰਮੀ ਨੂੰ ਕੀ ਹੋਇਆ। ਚੰਗੀ ਭਲੀ ਆਪਣੇ ਘਰੇ ਨਿੱਕਿਆਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਸੀ। ਪਤਾ ਨਹੀਂ ਅਚਾਨਕ ਅਜਿਹਾ ਕੀ ਹੋਇਆ ਕਿ ਰੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਆਪਣੇ ਨਿੱਕੇ ਜਿਹੇ ਦੋ ਕੂੰ ਸਾਲਾਂ ਦੇ ਮਾਸੂਮ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਰੋਈ ਜਾ ਰਹੀ ਸੀ। ਚੁੱਪ ਹੋਣ ਦਾ ਨਾਂ ਈਂ ਨਹੀਂ ਲੈ ਰਹੀ ਸੀ। ਅਸਲ ਵਿੱਚ ਰੰਮੀ ਨੂੰ ਉਹ ਦਰਦ ਅੱਜ ਮਹਿਸੂਸ ਹੋਇਆ, ਜਦੋਂ ਅਜੇ ਵਿਆਹੀ ਨਹੀਂ ਸੀ ਤੇ ਪਿੰਡ ਦੇ ਨਾਲ ਲੱਗਦੇ ਅੰਗਰੇਜੀ ਸਕੂਲੇ ਪੜ੍ਹਾਉਣ ਜਾਇਆ ਕਰਦੀ ਸੀ। ਉਸ ਸਕੂਲ ਵਿੱਚ ਇੱਕ ਬੱਚਾ ਉਹ ਵੀ ਸੀ, ਜਿਹੜਾ ਗਰੀਬ ਮਾਂ-ਬਾਪ ਦਾ ਅਤੇ ਤਿੰਨਾਂ ਭੈਣਾਂ ਦਾ ਇੱਕੋ ਇੱਕ ਭਰਾ ਸੀ।

ਉਸਦੇ ਮਾਪੇ ਉਸਨੂੰ ਅੰਗਰੇਜੀ ਸਕੂਲੇ ਪੜ੍ਹਾਉਣਾ ਚਾਹੁੰਦੇ ਸਨ। ਕਈ ਵਾਰੀ ਉਹ ਬੱਚਾ ਸਕੂਲੇ ਇਸ ਕਰਕੇ ਨਹੀਂ ਜਾਂਦਾ ਸੀ ਕਿ ਉਸ ਦੀਆਂ ਮੈਡਮਾਂ ਉਸ ਮਾਸੂਮ ਦੀਆਂ ਗੱਲ੍ਹਾਂ ਕੁੱਟ ਦਿੰਦੀਆਂ ਸਨ। ਜਿਹੜਾ ਕਿ ਬਿਨਾਂ ਸਕੂਲ ਦੀ ਵਰਦੀ ਪਾਈ ਤੋਂ ਆ ਜਾਂਦਾ ਸੀ ਤੇ ਉਸਦੀ ਇੰਚਾਰਜ ਰੰਮੀ ਜਦੋਂ ਉਸਨੂੰ ਗੱਲ੍ਹ ’ਤੇ ਮਾਰਨ ਲੱਗਦੀ ਤਾਂ ਉਹ ਭੋਲਾ-ਭਾਲਾ ਮਾਸੂਮ ਜਿਹਾ ਅੱਗੋਂ ਹੱਥ ਜੋੜ ਦਿੰਦਾ ਤੇ ਬੜੇ ਡਰ ਨਾਲ ਕੰਬਦਾ ਹੋਇਆ ਕਹਿੰਦਾ, ‘‘ਮੈਂਡਮ ਜੀ, ਮੇਰੀ ਗੱਲ੍ਹ ’ਤੇ ਨਾ ਮਾਰਿਉ, ਬੜੀ ਪੀੜ ਹੁੰਦੀ ਆ..., ਪਰ ਰੰਮੀ ਤੇ ਉਦੋਂ ਉਸ ਮਾਸੂਮ ਦਾ ਭੋਰਾ ਵੀ ਅਸਰ ਨਾ ਹੁੰਦਾ ਅਤੇ ਨਾਂ ਹੀ ਉਸ ਉੱਤੇ ਤਰਸ ਕਰਦੀ । ਪਰ ਅੱਜ ਜਦੋਂ ਟਿਊਸ਼ਨ ਪੜਦ੍ਹੇ ਹੋਏ ਬੱਚੇ ਨੂੰ ਮਾਰਨ ਲੱਗੀ ਤਾਂ ਕੋਲ ਬੈਠੇ ਹੋਏ ਰੰਮੀ ਦੇ ਨਵਜੋਤ ਬੇਟੇ ਨੇ ਉਹੀ ਗੱਲ ਭੋਲੇਪਣ ’ਚ ਕਹਿ ਦਿੱਤੀ ਕਿ ਮੰਮੀ ਜੀ ਗੱਲ੍ਹ ’ਤੇ ਨਾ ਮਾਰਿਉ ਬੜੀ ਪੀੜ ਹੁੰਦੀ ਆ।

ਅੱਜ ਜਦੋਂ ਬੜੇ ਚਿਰਾਂ ਬਾਅਦ ਆਪਣੇ ਮਾਸੂਮ ਜਿਹੇ ਅਤੇ ਭੋਲੇ-ਭਾਲੇ ਨਵਜੋਤ ਪੁੱਤ ਦੇ ਮੂੰਹੋਂ ਉਹੀ ਗੱਲ ਸੁਣੀ ਤਾਂ ਬਹੁਤ ਜ਼ਿਆਦਾ ਦਰਦ ਮਹਿਸੂਸ ਹੋਇਆ। ਜਦੋਂ ਉਹੀ ਦਰਦ ਅੱਜ ਮਹਿਸੂਸ ਕੀਤਾ ਤਾਂ ਝੱਟ ਸਮਝ ਗਈ ਕਿ ਮੇਰੇ ਬੇਟੇ ਨੂੰ ਵੀਂ ਜਰੂਰ ਉਸਦੀ ਮੈਡਮ ਨੇ ਗੱਲ੍ਹਾਂ ’ਤੇ ਮਾਰਿਆ ਹੋਏਗਾ। ਵਰਨਾ ਉਹਨੂੰ ਕੀ ਸਮਝ ਕਿ ਗੱਲ੍ਹਾਂ ’ਤੇ ਪੀੜ ਹੁੰਦੀ ਆ । ਇਸ ਕਰਕੇ ਆਪਣੀ ਕੀਤੀ ਹੋਈ ਗਲਤੀ ’ਤੇ ਪਛਤਾਉਂਦੀ ਹੋਈ ਲਗਾਤਾਰ ਰੋਈ ਜਾ ਰਹੀ ਸੀ । ਟਿਊਸ਼ਨ ਪੜ੍ਹ ਰਹੇ ਬੱਚਿਆਂ ’ਚੋਂ ਇੱਕ ਬੱਚੇ ਨੇ ਰੰਮੀ ਦੀ ਸੱਸ ਨੂੰ ਜਾ ਦੱਸਿਆ ਅਤੇ ਕਿਹਾ, ‘‘ਬੀਬੀ ਜੀ...ਬੀਬੀ ਜੀ... ਆਂਟੀ ਬਹੁਤ ਜ਼ਿਆਦਾ ਰੋਈ ਜਾ ਰਹੇ ਨੇ। 

ਕਿਉਂ ਕੀ ਹੋਇਆ, ਰੰਮੀ ਦੀ ਸੱਸ ਨੇ ਬੱਚੇ ਤੋਂ ਹੈਰਾਨੀ ਨਾਲ ਪੁੱਛਿਆ ਅਤੇ ਜਲਦੀ ਜਲਦੀ ਕਮਰੇ ਵਿੱਚ ਬੱਚੇ ਦੇ ਪਿੱਛੇ ਪਿੱਛੇ ਆ ਗਈ। ਆਉਂਦਿਆਂ ਈਂ ਬੁੱਕਲ ਵਿੱਚ ਲੈ ਕੇ ਪੁੱਛਿਆ ਕੀ ਹੋਇਆ ਪੁੱਤ, ਕੀ ਹੋਇਆ ਮੇਰੀਏ ਬੱਚੀਏ। ਕੁਝ ਦੱਸੇਂਗੀ ਵੀ ਕਿ ਨਹੀਂ, ਨਹੀਂ ਕੁਝ ਨਹੀਂ ਹੋਇਆ...ਰੰਮੀ ਨੇ ਅੱਖਾਂ ਪੂੰਝਦੀ ਹੋਈ ਨੇ ਆਖਿਆ ।

ਕੁੱਝ ਨਹੀਂ ਹੋਇਆ ਤੇ ਫਿਰ ਰੋ ਕਿਉਂ ਰਹੀਂ ਏਂ। ਰੰਮੀ ਦੀ ਸੱਸ ਨੇ ਦੁਬਾਰਾ ਹੈਰਾਨੀ ਨਾਲ ਪੁੱਛਿਆ, ਮੰਮੀ ਜੀ ਮੈਨੂੰ ਵੀਂ ਹੁਣੇ ਈਂ ਪਤਾ ਲੱਗਾ ਆਪਣੇ ਨਵਜੋਤ ਨੂੰ ਇਹਦੀ ਮੈਡਮ ਨੇ ਗੱਲ੍ਹਾਂ ਤੇ ਚਪੈੜਾਂ ਮਾਰੀਆਂ। ਮੈਂ ਛੱਡਣਾ ਨਹੀਂ ਉਹਨੂੰ, ਮੈਨੂੰ ਇੱਕ ਵਾਰੀ ਇਹਦੇ ਸਕੂਲੇ ਜਾ ਲੈਣ ਦਿਓ। ਰੰਮੀ ਨੇ ਗੁੱਸੇ ਵਿੱਚ ਲਾਲ ਪੀਲੀ ਹੁੰਦੀ ਨੇ ਕਿਹਾ। ਤੈਨੂੰ ਕੀਹਨੇ ਦੱਸਿਆ ਕਿ ਆਪਣੇ ਨਵਜੋਤ ਨੂੰ ਇਹਦੀ ਮੈਡਮ ਨੇ ਗੱਲ੍ਹਾਂ ’ਤੇ ਚਪੇੜਾਂ ਮਾਰੀਆਂ, ਰੰਮੀ ਦੀ ਸੱਸ ਨੇ ਪੁੱਛਿਆ। ਤੁਸੀਂ ਖੁਦ ਪੁੱਛ ਲਉ ਨਵਜੋਤ ਨੂੰ...ਨਵਜੋਤ ਬੇਟਾ ਤੇਰੀ ਮੈਡਮ ਨੇ ਤੈਨੂੰ ਮਾਰਿਆ ਸੀ, ਸੱਚੀ ਦੱਸੀਂ ਪੁੱਤੂ, ਝੂਠ ਨਾ ਬੋਲੀ।

ਨਵਜੋਤ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਆਪਣੀ ਖੱਬੀ ਗੱਲ੍ਹ ’ਤੇ ਹੱਥ ਲਾ ਕੇ ਕਿਹਾ, ਐਤੇ ਬਾਰਿਆ ਸ਼ੀ। 

ਸੁਣ ਕੇ ਰੰਮੀ ਦੀ ਸੱਸ ਹੱਕੀ ਬੱਕੀ ਰਹਿ ਗਈ ਕਿ ਐਡੇ ਛੋਟੇ ਬੱਚੇ ਨੂੰ ਵੀ ਮੈਡਮਾਂ ਮਾਰਨ ਤੋਂ ਗੁਰੇਜ ਨਹੀਂ ਕਰਦੀਆਂ। ਦੂਜ ਪਾਸੇ ਰੰਮੀ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਰੰਮੀ ਦੀ ਸੱਸ ਨੇ ਦਿਲਾਸਾ ਦਿੰਦੇ ਹੋਏ ਕਿਹਾ, ਫਿਰ ਕੀ ਹੋਇਆ ਜੇ ਕੁੱਟ ਲਿਆ ਤਾਂ, ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਆ, ਜੇ ਬੱਚੇ ਗਲਤੀ ਕਰਦੇ ਆ ਤੇ ਟੀਚਰ ਕੁੱਟਦੇ ਈ ਹੁੰਦੇ ਆ। 

ਨਹੀਂ ਮੰਮੀ ਜੀ ਮੈਥੋਂ ਬੜੀ ਵੱਡੀ ਗਲਤੀ ਹੋਈ ਆ, ਮੈਂ ਵੀ ਜਦੋਂ ਆਪਣੇ ਪੇਕੇ ਪਿੰਡ ਅੰਗਰੇਜੀ ਸਕੂਲੇ ਪੜ੍ਹਾਉਂਦੀ ਹੁੰਦੀ ਸੀ ਤਾਂ ਮੈਂ ਇੱਕ ਗਰੀਬੜੇ ਜਿਹੇ ਮਾਸੂਮ ਨੂੰ ਬੜਾ ਮਾਰਦੀ ਸੀ। ਉਹ ਬੜੇ ਤਰਲੇ ਲੈਂਦਾ ਹੁੰਦਾ ਸੀ ਤੇ ਨਾਲੇ ਕਹਿੰਦਾ ਹੁੰਦਾ ਸੀ ਮੈਡਮ ਜੀ ਮੇਰੀ ਗੱਲ੍ਹ ਤੇ ਨਾ ਮਾਰਿਉ ਬੜੀ ਪੀੜ ਹੁੰਦੀ ਆ, ਮੈ ਉਸ ਤੋਂ ਮੁਆਫੀ ਮੰਗਣਾ ਚਾਹੁੰਦੀ ਆਂ ,ਮੈਨੂੰ ਅੱਜ ਪਤਾ ਲੱਗਾ ਹੈ, ਮਾਂ ਨੂੰ ਆਪਣੇ ਬੱਚੇ ਦਾ ਕਿੰਨਾ ਦਰਦ ਹੁੰਦਾ ਹੈ।

(ਸਮਾਪਤ)
ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਸੰਪਰਕ ÷9855069972, 9780253156


rajwinder kaur

Content Editor

Related News