ਚੀਨ ਕੋਲੋਂ ਲੁੱਟੇ ਜਾਣ ਦੇ ਬਾਅਦ ਖੁੱਲ੍ਹੀਆਂ ਸ਼੍ਰੀਲੰਕਾ ਦੀਆਂ ਅੱਖਾਂ
Thursday, Jun 02, 2022 - 10:05 PM (IST)
ਸਮੇਂ ਦੇ ਨਾਲ ਸ਼੍ਰੀਲੰਕਾ ਨੂੰ ਅਕਲ ਆ ਗਈ ਹੈ, ਹੁਣ ਉਹ ਚੀਨ ਦੇ ਝਾਂਸੇ ’ਚ ਨਹੀਂ ਆਉਣ ਵਾਲਾ ਪਰ ਸ਼੍ਰੀਲੰਕਾ ਨੂੰ ਇਹ ਅਕਲ ਆਪਣੀ ਹੰਬਨਟੋਟਾ ਬੰਦਰਗਾਹ ਗਵਾਉਣ ਦੇ ਬਾਅਦ ਆਈ। ਸ਼੍ਰੀਲੰਕਾ ਨੂੰ ਚੀਨ ਨੇ ਇੰਨਾ ਵੱਡਾ ਝਟਕਾ ਦਿੱਤਾ ਕਿ ਪੂਰਾ ਦੇਸ਼ ਬਦਹਾਲੀ ਦੇ ਕੰਢੇ ’ਤੇ ਪਹੁੰਚ ਗਿਆ। ਸ਼੍ਰੀਲੰਕਾ ’ਚ ਲੋਕ ਇਸ ਸਮੇਂ ਦਾਣੇ-ਦਾਣੇ ਨੂੰ ਮੋਹਤਾਜ ਹੋ ਗਏ ਹਨ। ਉੱਥੇ ਹਰ ਵਸਤੂ ਦੀ ਕਮੀ ਹੋ ਗਈ ਹੈ, ਪੂਰੀ ਅਰਥਵਿਵਸਥਾ ਬੈਠ ਗਈ ਹੈ। ਉਂਝ 5 ਸਾਲ ਪਹਿਲਾਂ ਸ਼੍ਰੀਲੰਕਾ ਦੀ ਅਰਥਵਿਵਸਥਾ 8.1 ਫੀਸਦੀ ਦੀ ਰਫਤਾਰ ਨਾਲ ਦੌੜ ਰਹੀ ਸੀ, ਉਸ ਸਮੇਂ ਪੂਰੇ ਦੱਖਣੀ ਏਸ਼ੀਆ ’ਚ ਉਸ ਦਾ ਡੰਕਾ ਵੱਜ ਰਿਹਾ ਸੀ। ਇਸ ਦੇ ਬਾਅਦ ਚੀਨ ਦੀ ਸਰਗਰਮ ਤੌਰ ’ਤੇ ਸ਼੍ਰੀਲੰਕਾ ’ਚ ਐਂਟਰੀ ਹੋਈ, ਜੋ ਆਪਣੇ ਖਾਹਿਸ਼ੀ ਬੀ.ਆਰ.ਆਈ. ਪ੍ਰਾਜੈਕਟ ਲੈ ਕੇ ਸ਼੍ਰੀਲੰਕਾ ਆਇਆ ਸੀ ਪਰ ਚੀਨ ਦੀ ਧੋਖੇ ਵਾਲੀ ਨੀਤੀ ਭਾਰਤ ਨੂੰ ਘੇਰਨ ਦੀ ਸੀ, ਸ਼੍ਰੀਲੰਕਾ ’ਚ ਚੀਨ ਆਪਣਾ ਫੌਜੀ ਬੇਸ ਬਣਾ ਕੇ ਭਾਰਤ ’ਤੇ ਨਜ਼ਰ ਰੱਖਣੀ ਚਾਹੁੰਦਾ ਸੀ।
ਪਰ ਇਸ ਦੇ ਇਲਾਵਾ ਵੀ ਚੀਨ ਇਕ ਮੱਕਾਰੀ ਭਰੀ ਚਾਲ ਨਾਲ ਸ਼੍ਰੀਲੰਕਾ ਆਇਆ ਸੀ। ਉਹ ਸ਼੍ਰੀਲੰਕਾ ਦੀ ਜ਼ਮੀਨ, ਅਰਥਵਿਵਸਥਾ, ਵਪਾਰਕ ਬੰਦਰਗਾਹ, ਸਭ ਕੁਝ ਆਪਣੇ ਲਈ ਵਰਤਣਾ ਚਾਹੁੰਦਾ ਸੀ ਅਤੇ ਆਪਣੇ ਇਸ ਨਿਹਿਤ ਸਵਾਰਥ ਲਈ ਉਸ ਨੇ ਰਾਜਪਕਸ਼ੇ ਭਰਾਵਾਂ ਦਾ ਸਹਾਰਾ ਲਿਆ। ਜਾਣਕਾਰਾਂ ਦੀ ਮੰਨੀਏ ਤਾਂ ਚੀਨ ਨੇ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਨੇਤਾਵਾਂ ਨੂੰ ਵੱਡੀ ਮਾਤਰਾ ’ਚ ਰਿਸ਼ਵਤ ਦੇ ਕੇ ਖਰੀਦ ਲਿਆ ਅਤੇ ਇਸ ਦੇ ਇਵਜ਼ ’ਚ ਆਪਣੇ ਮਨ ਮੁਤਾਬਕ ਪੱਟੇ, ਵਪਾਰ ਅਤੇ ਦੂਸਰੇ ਮੁਨਾਫੇ ਵਾਲੀਆਂ ਵਸਤੂਆਂ ’ਤੇ ਆਪਣਾ ਕਬਜ਼ਾ ਜਮਾ ਲਿਆ। ਸੈਰ-ਸਪਾਟਾ, ਉਦਯੋਗ, ਖੋਦਾਈ, ਜਹਾਜ਼ ਰਾਨੀ, ਸਮੁੰਦਰੀ ਸਰੋਤ ਸਭ ਕੁਝ ਚੀਨ ਆਪਣੀ ਝੋਲੀ ’ਚ ਪਾਉਂਦਾ ਚਲਾ ਗਿਆ।
ਇਸ ਦੇ ਬਾਅਦ ਰਹਿੰਦੀ ਸਹਿੰਦੀ ਕਸਰ ਕੋਰੋਨਾ ਤੇ ਗੋਟਾਬਾਯਾ ਰਾਜਪਕਸ਼ੇ ਦੀ ਸ਼੍ਰੀਲੰਕਾ ਨੂੰ ਦੁਨੀਆ ਦਾ ਪਹਿਲਾ ਜੈਵਿਕ ਖਾਦ ਵਾਲਾ ਦੇਸ਼ ਬਣਾਉਣ ਦੀ ਜ਼ਿੱਦ ਦੇ ਅੱਗੇ ਸ਼੍ਰੀਲੰਕਾ ਦੀ ਅਰਥਵਿਵਸਥਾ ਢਹਿੰਦੀ ਚਲੀ ਗਈ। ਜੈਵਿਕ ਖਾਦ ਕਾਰਨ ਸ਼੍ਰੀਲੰਕਾ ਨੇ ਆਪਣੇ ਦੇਸ਼ ’ਚ ਰਸਾਇਣਕ ਖਾਦ ਦੀ ਦਰਾਮਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ। ਇੱਥੇ ਵੀ ਚੀਨ ਨੇ ਸ਼੍ਰੀਲੰਕਾ ਨੂੰ ਲੁੱਟਣ ’ਚ ਕੋਈ ਕਸਰ ਨਹੀਂ ਛੱਡੀ। ਆਪਣੇ ਦੇਸ਼ ’ਚ ਬਣੀ ਘਟੀਆ ਪੱਧਰ ਦੀ ਜੈਵਿਕ ਖਾਦ ਸ਼੍ਰੀਲੰਕਾ ਨੂੰ ਭੇਜਣ ਲੱਗਾ। ਇਸ ਨਾਲ ਸ਼੍ਰੀਲੰਕਾ ’ਚ ਫਸਲ ਤਬਾਹ ਹੋ ਗਈ। ਉਸ ਦਾ ਚੀਨ ਤੋਂ ਬੇਤਹਾਸ਼ਾ ਕਰਜ਼ਾ ਲੈਣਾ ਅਤੇ ਉਸ ਨੂੰ ਨਾ ਮੋੜ ਸਕਣ ਦੀ ਹਾਲਤ ’ਚ ਆ ਜਾਣਾ ਇਕ ਹੋਰ ਕਿਲ ਸੀ, ਜਿਸ ਨੇ ਤਾਬੂਤ ਨੂੰ ਹੋਰ ਮਜ਼ਬੂਤ ਬਣਾ ਦਿੱਤਾ।
ਚੀਨ ’ਚ ਕਦੀ ਆਪਣਾ ਕਰਜ਼ਾ ਮਾਫ ਕਰਨ ਦੀ ਕੋਈ ਪ੍ਰੰਪਰਾ ਨਹੀਂ ਰਹੀ। ਉਹ ਆਪਣਾ ਕਰਜ਼ਾ ਕਿਸੇ ਨਾ ਕਿਸੇ ਤਰ੍ਹਾਂ ਵਸੂਲ ਕਰ ਲੈਂਦਾ ਹੈ। ਕਰਜ਼ੇ ਦੇ ਬਦਲੇ ’ਚ ਚੀਨ ਨੇ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਨੂੰ 99 ਸਾਲ ਲਈ ਆਪਣੇ ਕੋਲ ਗਹਿਣੇ ਰੱਖ ਲਿਆ। ਕੋਲੰਬੋ ’ਚ ਵੀ ਚੀਨ ਆਪਣੀ ਇਕ ਵੱਡੀ ਕਾਲੋਨੀ ਬਣਾ ਰਿਹਾ ਹੈ, ਜਿਸ ਨੂੰ ਉਹ ਆਪਣੇ ਪ੍ਰਸ਼ਾਸਨ ’ਚ ਰੱਖੇਗਾ। ਚੀਨੀ ਨਿਵੇਸ਼ ਦੇ ਬਾਵਜੂਦ ਸ਼੍ਰੀਲੰਕਾ ਦੀ ਅਜਿਹੀ ਹਾਲਤ ਕਿਉਂ ਹੋ ਗਈ ਇਸ ਨੂੰ ਸਮਝਣ ਲਈ ਸਾਨੂੰ ਇਹ ਦੇਖਣਾ ਹੋਵੇਗਾ ਕਿ ਕੀ ਚੀਨ ਵਾਕਈ ਸ਼੍ਰੀਲੰਕਾ ’ਚ ਨਿਵੇਸ਼ ਕਰ ਰਿਹਾ ਹੈ ਜਾਂ ਉਸ ਦੀ ਵਰਤੋਂ ਸਿਰਫ ਆਪਣੇ ਸਵਾਰਥ ਲਈ ਕਰ ਰਿਹਾ ਹੈ। ਚੀਨ ਦੀ ਚਾਲ ਨੂੰ ਜਾਂ ਤਾਂ ਸ਼੍ਰੀਲੰਕਾਈ ਹਾਕਮ ਵਰਗ ਸਮਝਣ ’ਚ ਅਸਮਰਥ ਰਿਹਾ ਜਾਂ ਫਿਰ ਉਸ ਨੇ ਜਾਣਦੇ ਹੋਏ ਵੀ ਆਪਣੀਆਂ ਅੱਖਾਂ ਬੰਦ ਕਰ ਲਈਆਂ।
ਅੱਜ ਸ਼੍ਰੀਲੰਕਾ ਦੀ ਜੋ ਹਾਲਤ ਹੈ ਉਸ ਤੋਂ ਸਾਰੇ ਸ਼੍ਰੀਲੰਕਾਈ ਨਾਗਰਿਕ ਰਾਜਪਕਸ਼ੇ ਭਰਾਵਾਂ, ਹਾਕਮ ਵਰਗ ਚੀਨ ਨਾਲ ਕਾਫੀ ਨਾਰਾਜ਼ ਹਨ। ਸੱਤਾ ’ਚ ਥੋੜ੍ਹੇ ਫੇਰ-ਬਦਲ ਦੇ ਬਾਅਦ ਜਦੋਂ ਚੀਨ ਵੱਲੋਂ ਅਨਾਜ ਦੇ ਪੈਕੇਟ ਸ਼੍ਰੀਲੰਕਾਈ ਲੋਕਾਂ ’ਚ ਵੰਡੇ ਜਾ ਰਹੇ ਸਨ, ਉਦੋਂ ਸ਼੍ਰੀਲੰਕਾ ਨੇ ਕਿਹਾ ਕਿ ਉਸ ਨੂੰ ਚੀਨ ਤੋਂ ਕੋਈ ਅਹਿਸਾਨ ਨਹੀਂ ਚਾਹੀਦਾ ਤੇ ਉਸ ਨੇ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਕੋਈ ਵੀ ਮਦਦ ਲੈਣ ਤੋਂ ਮਨਾ ਕਰ ਦਿੱਤਾ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਮੁਲਾਜ਼ਮਾਂ ਨੂੰ ਸਾਫ ਅਤੇ ਖੁੱਲ੍ਹੇ ਸ਼ਬਦਾਂ ’ਚ ਕਹਿ ਦਿੱਤਾ ਹੈ ਕਿ ਉਹ ਚੀਨ ਤੋਂ ਮਿਲਣ ਵਾਲੇ ਅਨਾਜ ਦੇ ਪੈਕੇਟ ਅਤੇ ਦੂਸਰੇ ਸਾਮਾਨ ਨਾ ਲੈਣ ਅਤੇ ਚੀਨ ਦੇ ਵਿਦੇਸ਼ ਮੰਤਰਾਲਾ ਕੋਲ ਇਸ ਗੱਲ ਨੂੰ ਲੈ ਕੇ ਆਪਣਾ ਵਿਰੋਧ ਵੀ ਪ੍ਰਗਟਾਇਆ ਹੈ। ਇਹ ਘਟਨਾ ਦੱਸਦੀ ਹੈ ਕਿ ਸ਼੍ਰੀਲੰਕਾ ਦੀਆਂ ਅੱਖਾਂ ਹੁਣ ਜਾ ਕੇ ਖੁੱਲ੍ਹੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਚੀਨ ਨੇ ਜੋ ਵੀ ਨਿਵੇਸ਼ ਉਨ੍ਹਾਂ ਦੇ ਦੇਸ਼ ’ਚ ਕੀਤਾ ਉਹ ਸਿਰਫ ਆਪਣੇ ਫਾਇਦੇ ਲਈ ਕੀਤਾ ਨਾ ਕਿ ਸ਼੍ਰੀਲੰਕਾ ਦੀ ਤਰੱਕੀ ਲਈ। ਜਦੋਂ ਸ਼੍ਰੀਲੰਕਾ ਚੀਨ ਦੇ ਨੇੜੇ ਜਾ ਰਿਹਾ ਸੀ, ਉਦੋਂ ਭਾਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਸੀ ਪਰ ਉਹ ਨਾ ਮੰਨਿਆ ਅਤੇ ਆਪਣਾ ਵੱਡਾ ਨੁਕਸਾਨ ਕਰਵਾ ਲਿਆ। ਨਤੀਜਾ ਇਹ ਹੈ ਕਿ ਹੁਣ ਸ਼੍ਰੀਲੰਕਾ ਦੇ ਲੋਕ ਇਕ ਪਾਸੇ ਚੀਨ ਤੋਂ ਦੂਰੀ ਬਣਾ ਰਹੇ ਹਨ, ਓਧਰ ਦੂਜੇ ਪਾਸੇ ਭਾਰਤ ਨਾਲ ਨੇੜਤਾ ਵਧਾ ਰਹੇ ਹਨ।
ਸ਼੍ਰੀਲੰਕਾ ਕਿਸੇ ਹੋਰ ਮਨੁੱਖੀ ਸੰਕਟ ’ਚ ਹੁਣ ਨਾ ਫਸੇ, ਇਸ ਲਈ ਭਾਰਤ ਮਦਦ ਲਈ ਤਿਆਰ ਹੈ ਅਤੇ ਇਕ ਵੱਡੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਸ਼੍ਰੀਲੰਕਾ ਦੀ ਹਾਲਤ ’ਚ ਜਲਦੀ ਸੁਧਾਰ ਕੀਤਾ ਜਾ ਸਕੇ। ਭਾਰਤ ਸ਼੍ਰੀਲੰਕਾ ਨੂੰ ਆਰਥਿਕ ਮਦਦ ਦੇਣੀ ਜਾਰੀ ਰੱਖੇਗਾ। ਇਸ ਮੁੱਦੇ ’ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਕਮਤ ਹਨ। ਆਪਣੇ ਦੇਸ਼ ’ਚ ਖੇਤੀ ਨੂੰ ਪਟੜੀ ’ਤੇ ਵਾਪਸ ਲਿਆਉਣ ਲਈ ਸ਼੍ਰੀਲੰਕਾ ਨੇ ਭਾਰਤ ਤੋਂ ਯੂਰੀਆ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਨੇ ਭਾਰਤ ਦੇ ਐਕਸਿਸ ਬੈਂਕ ਤੋਂ 20 ਕਰੋੜ ਡਾਲਰ ਦੇ ਘੱਟ ਮਿਆਦ ਦੇ ਕਰਜ਼ੇ ਰਾਹੀਂ ਭਾਰਤ ਤੋਂ ਵੱਧ ਈਂਧਨ ਲੈਣ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਨੇ ਸ਼੍ਰੀਲੰਕਾ ਲਈ ਜਨਵਰੀ 2022 ਤੋਂ ਦੋਵਾਂ ਦੇਸ਼ਾਂ ਦੀ ਮੁਦਰਾ ’ਚ ਵਟਾਂਦਰੇ ਨੂੰ ਮਨਜ਼ੂਰੀ ਦਿੱਤੀ। ਜ਼ਰੂਰੀ ਵਸਤੂਆਂ ਲਈ ਕ੍ਰੈਡਿਟ ਲਾਈਨ ਤੇ ਸ਼੍ਰੀਲੰਕਾ ਨੂੰ ਹੁਣ ਕਿਸੇ ਨਕਦੀ ਦੇ ਸੰਕਟ ਤੋਂ ਬਚਾਉਣ ਲਈ 3 ਅਰਬ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।ਹਾਲਾਂਕਿ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਿਆ ਜਾਵੇ ਪਰ ਹਾਲਾਤ ਬੜੇ ਗੁੰਝਲਦਾਰ ਹਨ। ਚੀਨ ਨ ੇ ਸ਼੍ਰੀਲੰਕਾ ਨੂੰ ਇੰਨਾ ਲੁੱਟਿਆ ਹੈ ਕਿ ਉਸ ਲਈ ਮੌਜੂਦਾ ਆਰਥਿਕ ਸੰਕਟ ’ਚੋਂ ਜਲਦੀ ਬਾਹਰ ਨਿਕਲਣਾ ਸੌਖਾ ਨਹੀਂ ਹੋਵੇਗਾ।