ਜਨਮ ਦਿਹਾੜੇ 'ਤੇ ਵਿਸ਼ੇਸ਼: ਜ਼ੁਲਮ ਅੱਗੇ ਡਟ ਕੇ ਖੜ੍ਹੇ ਹੋਣ ਵਾਲੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
Thursday, Nov 30, 2023 - 04:16 PM (IST)
ਜਲੰਧਰ (ਬਿਊਰੋ) - ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ’ਚੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮੱਘਰ ਸੁਦੀ 3 ਸੰਮਤ 1753 ਯਾਨੀ 30 ਨਵੰਬਰ 1696 ਨੂੰ ਆਨੰਦਪੁਰ ਸਾਹਿਬ, ਰੋਪੜ, ਪੰਜਾਬ ਵਿਖੇ ਮਾਤਾ ਜੀਤੋ ਕੌਰ ਜੀ (ਮਾਤਾ ਸੁੰਦਰੀ ਕੌਰ) ਦੀ ਕੁੱਖੋਂ ਹੋਇਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਿੱਚੋਂ ਤੀਜੇ ਪੁੱਤਰ ਸਨ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਉਹਨਾਂ ਨੇ ਛੋਟੇ ਭਰਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਨੂੰ ਇੱਕਠੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ।
ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਦੋਂ ਮੁਗਲ ਸੈਨਾ ਅਤੇ ਬਾਈਧਾਰ ਦੇ ਰਾਜਿਆਂ ਨੇ ਇਕੱਠੇ ਹੋ ਕੇ ਕਿਲੇ ਨੂੰ ਘੇਰਾ ਪਾ ਲਿਆ ਤਾਂ ਇਹ ਘੇਰਾ ਕਾਫੀ ਲੰਬਾ ਹੋ ਗਿਆ। ਅਜਿਹੇ ਵਿਚ ਬਾਹਰੋਂ ਰਾਸ਼ਨ ਪਾਣੀ ਆਉਣਾ ਬੰਦ ਹੋ ਗਿਆ ਅਤੇ ਸਿੰਘਾਂ ਨੂੰ ਦਰਖ਼ਤਾਂ ਦੇ ਪੱਤੇ ਅਤੇ ਛਿੱਲ ਤੱਕ ਖਾ ਕੇ ਗੁਜਾਰਾ ਕਰਨਾ ਪਿਆ। ਸਿੰਘਾਂ ਨੇ ਗੁਰੂ ਜੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਜੀ ਕਿਲਾ ਛੱਡ ਦੇਣ, ਕਿਉਂਕਿ ਬਾਹਰੋਂ ਮੁਗਲ ਸੈਨਾ ਅਤੇ ਪਹਾੜੀ ਰਾਜੇ ਵਾਰ-ਵਾਰ ਆਖ ਰਹੇ ਸਨ ਕਿ ਜੇਕਰ ਗੁਰੂ ਜੀ ਕਿਲਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ ਅਤੇ ਇਥੋਂ ਨਿਕਲ ਜਾਣ ਦਾ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ। ਅਖੀਰ ਸਿੰਘਾਂ ਦੇ ਵਾਰ-ਵਾਰ ਅਪੀਲ ਕਰਨ ’ਤੇ 20 ਅਤੇ 21 ਦਸੰਬਰ ਸੰਨ 1704 ਦੀ ਰਾਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਦੇ ਇੱਕ ਛੋਟੇ ਜਿਹੇ ਜਥੇ ਨਾਲ ਕਿਲ੍ਹਾ ਛੱਡ ਦਿੱਤਾ। ਇਸ ਤੋਂ ਬਾਅਦ ਉਹ ਹੋਇਆ, ਜਿਸ ਦਾ ਡਰ ਸੀ। ਦੁਸ਼ਮਣਾਂ ਨੇ ਆਪਣੀਆਂ ਕਸਮਾਂ, ਸੌਗੰਧਾਂ ਤੋੜਦੇ ਹੋਏ ਗੁਰੂ ਜੀ ਦੀ ਵਹੀਰ ’ਤੇ ਹਮਲਾ ਕਰ ਦਿੱਤਾ।
ਅਜੇ ਉਹ ਜ਼ਿਆਦਾ ਦੂਰ ਨਹੀਂ ਸੀ ਗਏ, ਜਦੋਂ ਦੁਸ਼ਮਣ ਆਪਣੀਆਂ ਕਸਮਾਂ, ਸੌਗੰਧਾਂ ਤੋੜਦੇ ਹੋਏ ਉਨ੍ਹਾਂ ਦੇ ਪਿੱਛੇ ਆ ਗਏ ਅਤੇ ਗੁਰੂ ਜੀ ਦੀ ਵਹੀਰ ’ਤੇ ਹਮਲਾ ਕਰ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਜਦੋਂ ਅੱਗੇ ਜਾਣ ਦਾ ਰਸਤਾ ਨਾ ਮਿਲਿਆ ਤਾਂ ਸਰਸਾ ਨਦੀ ਉੱਤੇ ਜੰਗ ਹੋਈ। ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ, ਇੱਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ। ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ।
ਇਸ ਤੋਂ ਬਾਅਦ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਦੋ ਸਾਹਿਬਜ਼ਾਦਿਆਂ ਨੂੰ ਆਪਣੇ ਜੱਦੀ ਪਿੰਡ ਖੇੜੀ ਲੈ ਆਇਆ ਤੇ ਉਸ ਨੇ ਲਾਲਚ ਵਿੱਚ ਆ ਕੇ ਸ੍ਰੀ ਗੁਰੂ ਗੋਬਿੰਦ ਦੇ ਪਰਿਵਾਰ ਨੂੰ ਮੋਰਿੰਡਾ ਦੇ ਫੌਜਦਾਰ ਹਵਾਲੇ ਕਰ ਦਿੱਤਾ। ਫਿਰ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਹਾਜ਼ਰੀ ਵਿਚ ਸਰਹਿੰਦ ਲਿਆਂਦਾ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ।
ਗੁਰੂ ਗੋਬਿੰਦ ਦੇ ਦੋ ਪੁੱਤਰ ਜ਼ੋਰਾਵਰ (9 ਸਾਲ) ਅਤੇ ਫਤਿਹ (7 ਸਾਲ) ਨੂੰ ਸੁਰੱਖਿਅਤ ਰਾਹ ਦੀ ਪੇਸ਼ਕਸ਼ ਕੀਤੀ ਗਈ ਸੀ, ਜੇਕਰ ਉਹ ਮੁਸਲਮਾਨ ਬਣ ਜਾਣ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਹਿਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਅਖ਼ੀਰ ਫ਼ਤਵਾ ਆਇਦ ਕਰ ਕੇ ਵਜ਼ੀਦੇ ਦੇ ਹੁਕਮ ਕੀਤਾ ਕਿ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ। 26 ਦਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜੀਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ ਗਿਆ। ਉਸ ਸਮੇਂ ਉਹਨਾਂ ਦੀ ਉਮਰ 6 `ਤੇ 8 ਸਾਲ ਸੀ।
ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ।