ਯੁੱਧ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ . . . . . .

04/19/2019 11:39:47 AM

ਜੇਕਰ ਅਸੀਂ ਬੇਖਬਰ, ਬੇਖੌਫ ਹੋਕੇ ਰਹਿ ਰਹੇ ਹਾਂ ਤਾਂ ਸਿਰਫ ਤੇ ਸਿਰਫ ਉਹਨਾਂ ਨੌਜਵਾਨ ਵੀਰ ਫੌਜੀਆਂ ਦੀ ਬਦੌਲਤ ਜੋ ਸਰਹੱਦਾਂ 'ਤੇ ਦਿਨ -ਰਾਤ ਬਹੁਤ ਹੀ ਸੰਜੀਦਗੀ ਨਾਲ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ । ਉਹ ਦੇਸ਼ ਦੇ ਸੱਚੇ ਸਿਪਾਹੀ ਹਨ । ਸ਼ਾਂਤੀ ਦੇ ਸਮੇਂ ਵੀ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹਾਲਾਤਾਂ 'ਚ ਰਹਿਣਾ ਪੈ ਰਿਹਾ ਹੈ । 
ਦੇਸ਼ ਲਈ ਜਿਉਣਾ ਅਤੇ ਮਰਨਾ ਉਹਨਾਂ ਦਾ ਪਰਮ ਧਰਮ ਹੈ ਪਰ ਅਫਸੋਸ ਦੇਸ਼ ਦੀ ਸਰਹੱਦਾਂ 'ਤੇ ਸਾਡੇ ਵੀਰ ਬਹਾਦਰ ਫੌਜੀ ਦੇਸ਼ ਧ੍ਰੋਹੀਆਂ , ਦੁਸ਼ਮਣਾਂ ਦੀ ਫੌਜ ਦਾ ਮੁਕਾਬਲੇ ਕਰਦੇ ਸ਼ਹੀਦ ਹੋ ਰਹੇ ਹਨ । ਬੇਸ਼ੱਕ ਆਪਣੇ ਦੇਸ਼ ਲਈ ਤਾਂ ਉਹ ਸ਼ਹੀਦ ਹੋ ਜਾਂਦੇ ਹਨ ਪਰ ਮਾਂ-ਬਾਪ ਲਈ ਪੁੱਤ ਚਲਾ ਜਾਂਦਾ ਹੈ, ਇਕ ਔਰਤ ਲਈ ਉਸਦਾ ਪਤੀ ਚਲਾ ਜਾਂਦਾ ਹੈ , ਬੱਚੇ ਬਾਪ ਵਿਹੂਣੇ ਹੋ ਜਾਂਦੇ ਹਨ, ਭੈਣ ਲਈ ਰੱਖੜੀ ਵਾਲਾ 
ਗੁੱਟ ਚਲਾ ਜਾਂਦਾ ਹੈ । ਨਿਰਸੰਦੇਹ ਸਰਕਾਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੌਰੀ ਆਰਥਿਕ ਮਦਦ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ । ਪਰ ਪੈਸੇ ਜਾਂ ਨੌਕਰੀ ਨਾਲ ਕਿਸੇ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ । 
ਦਰਅਸਲ ਸਰਹੱਦਾਂ ਮਨੁੱਖਾਂ ਦੁਆਰਾ , ਮਨੁੱਖਾਂ ਲਈ ਹੀ ਬਣਾਈਆਂ ਗਈਆਂ ਹਨ । ਪੰਛੀਆਂ ਅਤੇ ਹਵਾਵਾਂ ਨੂੰ ਭਲਾ ਕੋਈ ਇੱਧਰ -ਉਧਰ ਜਾਣ ਤੋਂ ਕਦੋਂ ਕੋਈ ਰੋਕ ਸਕਦਾ ਹੈ ? ਮੁੱਠੀ ਭਰ ਲੋਕਾਂ ਨੂੰ ਛੱਡ ਕੇ ਦੋਨਾਂ ਦੇਸ਼ਾਂ ਦੇ ਲੋਕ ਅਮਨ ਚੈਨ ਚਾਹੁੰਦੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਂਝੀ ਭਾਈਵਾਲਤਾ ਦਾ ਸੰਦੇਸ਼ ਦਿੱਤਾ ਸੀ । ਅੱਜ ਵੀ ਦੋਨਾਂ ਪਾਸਿਆਂ ਤੋਂ ਮਹਾਨ ਸਾਹਿਤਕਾਰ ਅਤੇ ਕਲਾਕਾਰ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਸ਼ਾਤੀ ਅਤੇ ਭਾਈਚਾਰੇ ਦੀ ਤਸਵੀਰ ਦਾ ਬੇਹੱਦ ਖੂਬਸੂਰਤ ਨਮੂਨਾ ਪੇਸ਼ ਕਰਦੇ ਹਨ। ਪਰ ਅਫਸੋਸ ਦੇਸ਼ ਦੀ ਸੱਤਾ ਤੇ ਕਾਬਜ਼ ਲੋਕ ਆਪਣੀ ਸੱਤਾ ਕਾਇਮ ਰੱਖਣ ਲਈ ਭਰਾਵਾਂ ਨੂੰ ਆਪਸ 'ਚ ਲੜਉਂਦੇ ਹਨ । ਦੋਨਾਂ ਦੇਸ਼ਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਬੇਵਜ੍ਹਾ ਵੀਰ ਜਵਾਨ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ । ਇਹ ਇੱਕ ਅੱਟਲ ਸੱਚਾਈ ਹੈ ਕਿ ਯੁੱਧ ਕਿਸੇ ਵੀ ਸਮਸਿਆ ਦਾ ਸਥਾਈ ਹੱਲ ਨਹੀਂ ਫੇਰ ਯੁੱਧ ਕਿਉਂ ? ਅਨੇਕਾਂ ਮਜਹਬਾਂ, ਜਾਤਾਂ , ਧਰਮਾਂ 'ਚ ਇਨਸਾਨ ਵੰਡਿਆ ਹੋਇਆ ਹੈ । ਇਸੇ ਕਰਕੇ ਹੀ ਅਸੀਂ ਇਨਸਾਨੀਅਤ ਨੂੰ ਭੁੱਲ ਚੁੱਕੇ ਹਾਂ । ਸਿਰਫ ਆਪਣੀ ਚੌਧਰ ਵਿਖਾਉਣ ਲਈ ਸੰਸਾਰ 'ਚ ਵੱਡੇ ਮੁਲਕ ਛੋਟੇ ਮੁਲਕਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣੀ ਸੈਨਿਕ ਤਾਕਤ ਦੀ ਭਰਪੂਰ ਵਰਤੋਂ ਕਰਦੇ ਹਨ । ਉਥੇ ਕੌਣ ਮਰਦਾ ਹੈ ? ਇੱਕ ਸਾਧਾਰਨ ਜਿਹਾ ਮਨੁੱਖ ਜਿਸ ਨੂੰ ਦੇਸ਼ਭਗਤੀ ਦਾ ਮੁੱਲ ਚੁਕਾਉਣਾ ਪੈਂਦਾ ਹੈ । ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਦੇਸ਼ਭਗਤੀ ਸਾਡੇ ਸਾਰਿਆਂ ਲਈ ਸਭ ਤੋਂ ਉਪਰ ਹੈ । ਦੇਸ਼ ਦੇ ਦੁਸ਼ਮਣਾਂ ਤੋਂ ਰੱਖਿਆ ਕਰਨੀ ਤਾਂ ਜਰੂਰੀ ਹੈ ਪਰ ਅਸਿੱਧੇ ਯੁੱਧ ਦਾ ਕੀ ਮਤਲਬ? ਸ਼ਾਤੀ ਵੇਲੇ ਵੀ ਜੇਕਰ ਸੰਕਟਮਈ ਬੱਦਲ ਛਾਏ ਰਹਿਣਗੇ ਤਾਂ ਕਾਹਦੀ ਜਿੰਦਗੀ ? ਜਿੰਦਗੀ ਜਿਉਣ ਦਾ ਮੰਤਵ ਕੀ ਹੈ ? ਸਾਡੇ ਦੇਸ਼ ਦਾ ਵੀਰ ਜਵਾਨ ਹਰ ਸਮੇਂ ਅਨੁਕੂਲ ਪ੍ਰਤੀਕੂਲ ਪਰਸਥਿਤੀਆਂ 'ਚ ਆਪਣੇ ਫਰਜਾਂ ਤੋਂ ਪਿੱਛੇ ਨਹੀਂ ਹਟਦਾ ।
ਸਰਹੱਦਾਂ ਦੋ ਦੇਸ਼ਾਂ ਨੂੰ ਆਪਸ 'ਚ ਵੰਡ ਦਿੰਦੀਆਂ ਹਨ ਪਰ ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਉਹਨਾਂ ਸਰਹੱਦਾਂ 'ਤੇ ਪਹਿਰਾ ਦੇ ਰਹੇ ਦੋਨਾਂ ਪਾਸਿਆਂ ਦੇ ਜਵਾਨਾਂ ਦੀ ਆਪਸ ਵਿੱਚ ਕੋਈ ਜਾਤੀ ਦੁਸ਼ਮਣੀ ਨਹੀਂ ਹੁੰਦੀ । ਸ਼ਾਤੀ ਸਮੇਂ 'ਚ ਉਹ ਆਪਸ 'ਚ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ । ਇੱਕ-ਦੂਜੇ ਨਾਲ ਹੱਸਦੇ ਖੇਡਦੇ ਹਨ । ਉਸ ਵੇਲੇ ਤਾਂ ਉਹਨਾਂ 'ਚ ਸਾਂਝ ਜਿਹੀ ਜਾਪਦੀ ਹੈ। ਸਰਹੱਦ 'ਤੇ ਰੋਜ਼ਾਨਾ ਹੁੰਦੀ ਰੀਟਰੀਟ ਸੈਰੇਮਨੀ ਇਸ ਦੀ ਇੱਕ ਚੰਗੀ ਉਦਾਹਰਣ ਹੈ । ਦੇਸ਼ 'ਚ ਤਿਉਹਾਰਾਂ ਸਮੇਂ ਫਲ, ਮਠਿਆਈਆਂ ਆਦਿ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ । ਫਿਰ ਕੀ ਕਾਰਨ ਹੈ ਕਿ ਆਪਸ 'ਚ ਤਨਾਅਪੂਰਨ ਪ੍ਰਸਥਿਤੀਆਂ ਪੈਦਾ ਹੋਣ ਨਾਲ ਹੀ ਦੋਨਾਂ ਧਿਰਾਂ ਦੇ ਜਵਾਨ ਇੱਕ -ਦੂਜੇ ਦੀ ਜਾਨ ਦੇ ਪਿਆਸੇ ਹੋ ਜਾਂਦੇ ਹਨ । ਰੋਜ਼ਾਨਾ ਦੀ ਘੁਸਪੈਠ ਵੀ ਸੁਹਿਰਦ ਮਾਹੌਲ ਨੂੰ ਵਿਗਾੜ ਰਹੀ ਹੈ । ਜੰਮੂ -ਕਸ਼ਮੀਰ 'ਚ ਸੁਰੱਖਿਆ ਕਰਮਚਾਰੀਆਂ ਨੂੰ ਨਾਗਰਿਕਾਂ ਦੀ ਹਿਫਾਜ਼ਤ ਕਰਦੇ ਹੋਏ ਬਦਲੇ 'ਚ ਪੱਥਰ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਹ ਕਿਹੋ ਜਿਹੀ ਲਾਚਾਰੀ ਹੈ ? 
ਯੁੱਧ ਦਾ ਮੰਜਰ ਬਹੁਤ ਖੌਫਨਾਕ ਹੁੰਦਾ ਹੈ । ਇਸ ਵਿਚੋਂ ਕੁਝ ਵੀ ਹਾਸਿਲ ਨਹੀਂ ਹੁੰਦਾ । ਕਿਸੇ ਦੇ ਦੁੱਖ-ਦਰਦ ਨੂੰ ਕੋਈ ਵੀ ਨਹੀਂ ਜਾਣ ਸਕਦਾ ? 
ਬੇਸ਼ੱਕ ਅਨੇਕਾਂ ਮੁਲਕਾਂ ਦੇ ਲੋਕ ਇਕਮਿਕ ਹੋਣਾ ਚਾਹੁੰਦੇ ਹਨ ਪਰ ਨੇਤਾ ਅਤੇ ਉਹਨਾਂ ਦੀ ਘਟੀਆ ਸਿਆਸਤ ਉਹਨਾਂ ਨੂੰ ਇੱਕ ਨਹੀਂ ਹੋਣ ਦਿੰਦੀ । ਜਿਨਾਂ ਦਿਲਾਂ ਵਿਚ ਆਪਸੀ ਪਿਆਰ ਹੁੰਦਾ ਹੈ ਉਹਨਾਂ ਦਿਲਾਂ ਵਿਚ ਨਫਰਤ ਭਰ ਦਿੱਤੀ ਜਾਂਦੀ ਹੈ ਅਤੇ ਇਹ ਨਫਰਤ ਵਧਦੀ -ਵਧਦੀ ਇਕ ਦਿਨ ਜੰਗ ਦਾ ਰੂਪ ਧਾਰਨ ਕਰ ਜਾਂਦੀ ਹੈ ।
ਜੰਗ ਦੇ ਵਿਚ ਕੀਮਤੀ ਜਾਨਾਂ ਤਾਂ ਜਾਦੀਆਂ ਹੀ ਹਨ ਨਾਲ ਹੀ ਦੇਸ਼ ਦੀ ਆਰਥਿਕਤਾ ਨੂੰ ਵੀ ਖੋਰਾ ਲੱਗ ਜਾਂਦਾ ਹੈ । ਜਿਹੜਾ ਪੈਸਾ ਅਤੇ ਮਨੁੱਖੀ ਸ਼ਕਤੀ ਜੰਗ ਵਿਚ ਬਰਬਾਦ ਕੀਤੀ ਜਾਂਦੀ ਹੈ ਉਹ ਸ਼ਕਤੀ ਦੇਸ਼ ਦੇ ਵਿਕਾਸ ਅਤੇ ਨਾਗਰਿਕਾਂ ਨੂੰ ਸਹੂਲਤਾਂ ਦੇਣ ਅਤੇ ਉਹਨਾਂ ਦੀ ਭਲਾਈ ਲਈ ਵਰਤੀ ਜਾਵੇ ਤਾਂ ਵਧੇਰੇ ਚੰਗਾ ਹੈ 
ਸਮੇਂ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੋਜ਼ਾਨਾ ਹੋ ਰਹੇ ਸਿੱਧੇ -ਅਸਿੱਧੇ ਯੁੱਧ ਦਾ ਕੋਈ ਸਥਾਈ ਹੱਲ ਤੁਰੰਤ ਲੱਭਿਆ ਜਾਵੇ ਤਾਂਕਿ ਜਾਨਮਾਲ ਦੇ ਨੁਕਸਾਨ ਤੋਂ ਬੱਚਿਆ ਜਾ ਸਕੇ । 

ਵਰਿੰਦਰ ਸ਼ਰਮਾ , ਲੈਕਚਰਾਰ 
ਮੁਹੱਲਾ ਪੱਬੀਆਂ 
ਧਰਮਕੋਟ ਜਿਲ੍ਹਾ -ਮੋਗਾ 
094172-80333


Aarti dhillon

Content Editor

Related News