ਸ਼ਹਾਦਤ ਦੇ ਪੁੰਜ, ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਤੇ ਉਨ੍ਹਾਂ ਦੀ ਸ਼ਹਾਦਤ

06/15/2021 11:43:53 AM

ਸਿੱਖੀ ਦੇ 5ਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਿੰਨਾਂ ਦੀ ਸ਼ਹਾਦਤ ਨੇ ਪੂਰਾ ਹਿੰਦੁਸਤਾਨ ਕੰਬਾ ਕੇ ਰੱਖ ਦਿੱਤਾ ਸੀ। ਇਸ ਤੋਂ ਪਹਿਲਾਂ ਅਜਿਹੀ ਸ਼ਹਾਦਤ ਨਾ ਕਿਸੇ ਦੇਖੀ ਅਤੇ ਨਾ ਹੀ ਸੁਣੀ ਸੀ। ਇਹ ਦੁਖਦਾਈ ਮੰਜਰ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਵਾਪਰਿਆ।

ਜਨਮ ਤੇ ਬਚਪਨ :
ਗੁਰੂ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ/ਤਰਨਤਾਰਨ ਸਾਹਿਬ (ਉਸ ਵੇਲੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ) ਵਿਖੇ, ਸਿੱਖਾਂ ਦੇ ਚੌਥੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਹੋਇਆ। ਅਰੰਭ ਤੋਂ ਹੀ ਗੁਰੂ ਜੀ ਨੂੰ ਬਹੁਤ ਸਾਰੇ ਦੁਸ਼ਮਣਾਂ ਜਿਵੇਂ, ਧੀਰਮੱਲੀਏ ਤੇ ਆਪਣੇ ਹੀ ਭਰਾ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਕਰਨਾ ਪਿਆ। ਇਹੀ ਸਾਜ਼ਿਸ਼ ਅੱਗੇ ਚੱਲ ਕੇ ਜਹਾਂਗੀਰ ਤੱਕ ਪਹੁੰਚ ਕਰਕੇ ਗੁਰੂ ਜੀ ਦੀ ਸ਼ਹਾਦਤ ਦਾ ਕਾਰਣ ਬਣੀ। ਗੁਰੂ ਜੀ ਨੇ ਆਪਣੇ ਪਿਤਾ ਜੀ ਗੁਰੂ ਰਾਮਦਾਸ ਜੀ ਨੂੰ ਆਪਣੇ ਪਿਤਾ ਜੀ ਹੀ ਨਹੀਂ, ਸਗੋਂ ਆਪਣਾ ਗੁਰੂ ਵੀ ਮੰਨਿਆ। ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰੂ ਗੱਦੀ ਦਾ ਹੱਕਦਾਰ ਤੇ ਧੀਰਮੱਲੀਆਂ ਦਾ ਖਾਨਦਾਨ ਲੰਗਰ ਵਿੱਚ ਆਉਂਦੀ ਰਸਦ ਅਤੇ ਨਗਦੀ ਤੇ ਅੱਖ ਰੱਖਦਾ ਸੀ ਪਰ ਗੁਰੂ ਅਰਜੁਨ ਦੇਵ ਜੀ ਸੰਤ ਸੁਭਾਅ ਦੇ ਮਾਲਕ ਹੋਣ ਕਾਰਣ ਅਧਿਆਤਮ, ਵਾਹਿਗੁਰੂ ਨਾਮ ਤੇ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ। ਏਥੇ ਵੀ ਉਨ੍ਹਾਂ ਦੇ ਭਰਾ ਪ੍ਰਿਥੀ ਚੰਦ ਵੱਲੋਂ  ਉਨ੍ਹਾਂ ਨੂੰ ਪਿਤਾ ਜੀ ਤੋਂ ਦੂਰ ਰੱਖਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ। ਗੁਰੂ ਜੀ ਦਾ ਵਿਆਹ 19 ਜੂਨ 1589 ਨੂੰ ਮਾਤਾ ਗੰਗਾ ਜੀ ਨਾਲ ਹੋਇਆ, ਉਪਰੰਤ 16 ਸਾਲ ਬਾਅਦ ਬਾਲਕ ਹਰਿ ਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਉਲੇਖਯੋਗ ਹੈ ਕਿ ਬਾਲ ਹਰਿ ਗੋਬਿੰਦ ਸਾਹਿਬ ਜੀ ਨੂੰ ਵੀ ਮਾਰਨ ਦੀਆਂ ਕਈ ਸਾਜ਼ਿਸ਼ਾਂ ਹੋਈਆਂ ਪਰ ਸੱਚ ਤੇ ਧਰਮ ਨੂੰ ਕੋਈ ਹਰਾ ਨਾ ਸਕਿਆ।

ਗੁਰੂ ਅਰਜੁਨ ਦੇਵ ਜੀ ਮਹਾਰਾਜ ਦੁਆਰਾ ਕੀਤੇ ਕਾਰਜ:-
1581 ਈਸਵੀ ਵਿੱਚ ਗੁਰੂ ਜੀ ਨੂੰ ਗੁਰੂ ਗੱਦੀ ਸੌਂਪੀ ਗਈ। ਗੁਰੂ ਜੀ ਸੰਤ ਸੁਭਾਅ ਦੇ ਮਾਲਕ ਹੋਣ ਦੇ ਨਾਲ-ਨਾਲ ਬਾਣੀ ਦੀ ਰਚਨਾ, ਆਉਣ ਵਾਲੀਆਂ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕਰਨਾ, ਲੰਗਰ ਦਾ ਪ੍ਰਬੰਧ ( ਲੋਕਾਂ ਦੇ ਦਸਵੰਧ ਵਾਲੇ ਚੜਾਵੇ ਨਾਲ) ਕਰਨਾ, ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਸਨ।1588 ਵਿੱਚ ਗੁਰੂ ਜੀ ਨੇ ਆਪਣੇ ਹੱਥੀਂ ਨਕਸ਼ਾ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਸਾਂਈਂ ਮੀਆਂ ਮੀਰ ਜੀ ਤੋਂ ਨੀਂਹ ਪੱਥਰ ਰਖਵਾਇਆ। ਇਸ ਪਵਿੱਤਰ ਅਸਥਾਨ ਦੇ ਚਾਰ ਦਰਵਾਜ਼ੇ, ਚਾਰਾਂ ਵਰਣਾਂ ਨੂੰ ਮੁੱਖ ਰੱਖਦਿਆ ਉਸਾਰੇ ਅਤੇ ਸਾਰੇ ਧਰਮਾਂ ਲਈ ਖੁੱਲ੍ਹੇ ਰੱਖੇ ਗਏ। ਜਿਹੜੇ ਊਚ ਨੀਚ, ਧਰਮ ਜਾਤੀ ਆਦਿ ਤੋਂ ਪਰੇ ਦਾ ਸੁਨੇਹਾ ਦਿੰਦੇ ਸਨ। ਇਸਤੋਂ ਬਾਅਦ ਉਨ੍ਹਾਂ ਨੇ ਪੂਰੇ ਹਿੰਦੋਸਤਾਨ ਵਿੱਚੋਂ ਬਾਣੀ ਇਕੱਠੀ ਕਰਵਾਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਭਾਈ ਗੁਰਦਾਸ ਜੀ ਤੋਂ ਕਰਵਾਈ, ਜਿੰਨਾਂ ਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਗਿਆ। ਉਪਰੰਤ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਲੋਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ। 

ਗੁਰੂ ਗ੍ਰੰਥ ਸਾਹਿਬ ਜੀ ਵਿੱਚ 5894 ਸ਼ਬਦ ਮੌਜੂਦ ਹਨ, ਜਿਨ੍ਹਾਂ ਵਿੱਚੋਂ 2000 ਤੋਂ ਵੱਧ ਗੁਰੂ ਅਰਜੁਨ ਦੇਵ ਜੀ ਦੇ ਰਚਿਤ ਹਨ। ਇਸ ਪਵਿੱਤਰ ਗ੍ਰੰਥ ਸਾਹਿਬ ਵਿੱਚ ਭਗਤਾਂ, ਭੱਟ ਸਾਹਿਬਾਨਾਂ, ਕਵੀਸ਼ਰੀਆਂ ਤੇ ਕੁਝ ਢਾਡੀਆਂ ਦੀ ਬਾਣੀ ਨੂੰ ਵੀ ਸਮਾਨ ਜ਼ਗਾ ਦਿੱਤਾ ਗਿਆ ਹੈ। ਇਨਾਂ ਵਿੱਚ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰ ਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜੁਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਭਗਤਾਂ ਵਿੱਚ ਕਬੀਰ ਜੀ, ਰਵਿਦਾਸ ਜੀ, ਧੰਨਾ ਜੀ, ਪੀਪਾ ਜੀ, ਤਰਲੋਚਨ ਜੀ, ਨਾਮਦੇਵ ਜੀ, ਸੂਰਦਾਸ ਜੀ, ਬੇਨੀ ਜੀ, ਸਦਨਾ ਜੀ, ਭੀਖ਼ਨ ਜੀ, ਰਾਮਾਨੰਦ ਜੀ, ਜੈਦੇਵ ਜੀ, ਸੇਖ ਫਰੀਦ ਜੀ ਦੇ ਨਾਲ ਨਾਲ ਭੱਟਾਂ ਵਿਚੋਂ, ਸੱਲ ,ਭੱਲ ਤੇ ਹੋਰ ਕਈ ਭੱਟ ਸਾਹਿਬਾਨਾਂ ਦੀ ਬਾਣੀ ਸੰਕਲਿਤ ਹੈ। ਉਲੇਖਯੋਗ ਹੈ ਕਿ ਉਪਰੋਕਤ ਸਾਰੀ ਬਾਣੀ ਰਾਗਾਂ ਤੇ ਆਧਾਰਿਤ ਹੋਣ ਦੇ ਨਾਲ-ਨਾਲ 1430 ਅੰਗਾਂ (ਪੰਨਿਆਂ) ਤੇ ਸੁਸ਼ੋਭਿਤ ਹੈ।ਇਸਦੇ ਨਾਲ ਹੀ ਆਪਜੀ ਨੇ 1603 ਤੋਂ ਸੰਪਾਦਨ ਦਾ ਕੰਮ ਆਰੰਭ ਕਰਕੇ 1604 ਵਿੱਚ ਸਮਾਪਤੀ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਥਾਪਿਆ। ਗੁਰੂ ਜੀ ਨੇ ਸੁਖਮਣੀ ਸਾਹਿਬ ਦੀ ਬਾਣੀ ਦੀ ਵੀ ਰਚਨਾ ਕੀਤੀ ਤੇ ਗੋਇੰਦਵਾਲ ਦੀ ਬਾਉਲੀ ਦੀ ਨੀਂਹ ਰਖਵਾਈ। 

ਧੰਨ ਗੁਰੂ ਅਰਜੁਨ ਦੇਵ ਜੀ ਦਾ ਵਧਦਾ ਪ੍ਰਭਾਵ ਤੇ ਤਸੀਹਿਆਂ ਨਾਲ ਭਰੀ ਸ਼ਹਾਦਤਾ:-
ਗੁਰੂ ਜੀ ਦੇ ਸੱਚੇ, ਸੁੱਚੇ , ਅਧਿਆਤਮ ਭਰਪੂਰ ਤੇ ਸ਼ਾਂਤ ਚਿਤ ਨੇ ਹਿੰਦੂ, ਮੁਸਲਿਮ,ਸਿੱਖ,ਸਭ ਨੂੰ ਸੁਭਾਵਿਕ ਹੀ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ । ਇਹ ਵੇਖਕੇ ਤਤਕਾਲੀਨ ਮੁਗਲ ਸ਼ਾਸਕ ਜਹਾਂਗੀਰ ਸਿਖਾਂ ਦੀ ਵਧਦੀ ਸੋਭਾ ਦੇਖਕੇ ਡਰ ਗਿਆ ਤੇ ਗੁਰੂ ਜੀ ਨੂੰ ਬੰਦੀ ਬਣਾ ਕੇ ਲਾਹੌਰ ਬੁਲਾ ਲਿਆ। ਗੁਰੂ ਜੀ ਨੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖ ਕੇ ਉਨ੍ਹਾਂ ’ਤੇ ਪੰਜ ਦਿਨਾਂ ਤੱਕ ਤਸ਼ੱਦਦ ਕੀਤੇ।

ਸ਼ਹਾਦਤ ਦਾ ਬਿਰਤਾਂਤ:-

ਦਿਨ ਪਹਿਲਾਂ:-
ਉਸ ਸਮੇਂ ਦੇ ਜ਼ਾਲਿਮ ਹੁਕਮਰਾਨ, ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਨੂੰ ਬੰਦੀ ਬਣਾ ਕੇ ਪਹਿਲੇ ਦਿਨ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਨਾਂਹ ਕਰਨ ’ਤੇ ਉਨ੍ਹਾਂ ਦਾ ਖਾਣਾ-ਪੀਣਾ ਬੰਦ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੂੰ ਸੌਣ ਵੀ ਨਹੀਂ ਦਿੱਤਾ ਗਿਆ। ਇਸ ਸਭ ਦੌਰਾਨ ਗੁਰੂ ਜੀ ਸ਼ਾਂਤ ਚਿੱਤ ਰਹਿਕੇ ਸਿਮਰਣ ਵਿੱਚ ਡੁੱਬੇ ਰਹੇ।

ਦੂਸਰਾ ਦਿਨ:-
ਦੂਸਰੇ ਦਿਨ ਫਿਰ ਤੋਂ ਮਹਾਰਾਜ ਨੂੰ ਧਰਮ ਕੂਬਲਣ ਲਈ ਜ਼ੋਰ ਪਾਇਆ ਗਿਆ ਤੇ ਅਜਿਹਾ ਨਾ ਕਰਨ ’ਤੇ ਸਖ਼ਤ ਸਜਾਵਾਂ ਦੇਣ ਦੀ ਚਿਤਾਵਨੀ ਦਿੱਤੀ ਪਰ ਗੁਰੂ ਜੀ ਅਡੋਲ ਰਹੇ। ਹੁਣ ਚੰਦੂ ਸ਼ਾਹ, ਜਿਸਨੂੰ ਸਤਿਗੁਰੂ ਜੀ ’ਤੇ ਤਸ਼ੱਦਦ ਦੀ ਜ਼ਿਮੇਵਾਰੀ ਸੌਂਪੀ ਗਈ ਸੀ, ਨੇ ਇੱਕ ਵੱਡੇ ਕੜਾਹੇ ਵਿੱਚ ਪਾਣੀ ਪਵਾਇਆ ਤੇ ਇਸਨੂੰ ਉਬਲਣ ਤੱਕ ਗਰਮ ਕੀਤਾ। ਹੁਣ ਗੁਰੂ ਜੀ ਨੂੰ ਇਸ ਵਿੱਚ ਬਿਠਾਇਆ ਗਿਆ। ਪਾਣੀ ਹੋਰ ਗਰਮ ਹੋਰ ਹੁੰਦਾ ਰਿਹਾ, ਇਥੋਂ ਤੱਕ ਕਿ ਮਹਾਰਾਜਾ ਦੇ ਬਦਨ ਤੇ ਛਾਲੇ ਪੈ ਗਏ, ਮਾਸ ਢਿਲਾ ਪੈਣ ਲੱਗ ਗਿਆ ਪਰ ਗੁਰੂ ਜੀ ਵਾਹਿਗੁਰੂ ਦੇ ਸਿਮਰਨ ਵਿੱਚ ਇਓਂ ਵਿਲੀਨ ਰਹੇ, ਜਿਵੇਂ ਕੁਝ ਹੋ ਹੀ ਨਾ ਰਿਹਾ ਹੋਵੇ। ਉਨ੍ਹਾਂ ਦੀ ਰਸਨਾ ਕੇਵਲ ਵਾਹਿਗੁਰੂ ਨਾਮ ਜਪਦੀ ਤੇ ਕਹਿੰਦੀ ਰਹੀ,”ਤੇਰਾ ਭਾਣਾ ਮੀਠਾ ਲਾਗੇ,ਹਰਿ ਨਾਮ ਪਦਾਰਥ ਨਾਨਕ ਮਾਂਗੇ”। ਗੁਰੂ ਜੀ ਦੇ ਮੁੱਖੋਂ ਇੱਕ ਵਾਰ ਵੀ ਸੀ ਤੱਕ ਨਾ ਨਿੱਕਲੀ ਤੇ ਜ਼ਾਲਿਮਾਂ ਲਈ ਇੱਕ ਵੀ ਅਪਸ਼ਬਦ। ਗੁਰੂ ਜੀ ਬਿਨਾਂ ਕਿਸੇ ਤਾਈਂ ਕੋਈ ਗਿਲਾ ਕੀਤਿਆਂ ਸ਼ਾਂਤ ਚਿੱਤ ਜਾਪ ਵਿੱਚ ਮਗਨ ਰਹੇ।

ਤੀਸਰਾ ਦਿਨ-
ਇਹ ਦਿਨ ਵੀ ਪਿਛਲੇ ਦਿਨਾਂ ਵਰਗਾ ਹੀ ਸੀ। ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਤਾਂ ਬਿਠਾਇਆ ਹੀ ਗਿਆ ਨਾਲ ਹੀ ਗਰਮ ਲਾਲ ਰੰਗ ਦੀ ਭੁੱਬਲ ਵੀ ਮੰਗਵਾਈ ਗਈ। ਹੁਣ ਇਹ ਸੜਦੀ ਬਲਦੀ ਰੇਤ ਗੁਰੂ ਜੀ ਦੇ ਸਿਰ ਤੇ ਪੂਰੇ ਸਰੀਰ ਉੱਤੇ ਪਾਈਂ ਜਾਣ ਲੱਗੀ। ਥੱਲਿਓਂ ਉਬਲਦਾ ਪਾਣੀ, ਪਿਛਲੇ ਦਿਨ ਦੇ ਜ਼ਖਮਾਂ ਤੇ ਛਾਲਿਆਂ ਨੂੰ ਵਧਾ ਕੇ ਦਰਦ ਦੀ ਹਰ ਸੀਮਾ ਲੰਘ ਰਿਹਾ ਸੀ, ਉਤੋ ਸੜਦੀ ਬਲਦੀ ਰੇਤ ਜੂਨ ਦੇ ਮਹੀਨੇ ਦੀ ਗਰਮੀ ਵਿੱਚ ਗੁਰੂ ਜੀ ਦੇ ਬਦਨ ਨੂੰ ਲੂਹਣ ਵਿੱਚ ਅੰਤਾਂ ਦਾ ਵਾਧਾ ਕਰ ਰਹੀ ਸੀ। ਅਜਿਹੇ ਵਿੱਚ ਜ਼ਾਲਿਮ ਤਸ਼ੱਦਦ ਕਰਨ ਵਾਲੇ ਗਰਮੀ ਨਾਲ ਮੁੜਕੋ ਮੁੜ੍ਹਕੀ ਹੋ ਚੁੱਕੇ ਸਨ ਪਰ ਸੱਚੇ ਪਾਤਸ਼ਾਹ, ਅਡੋਲ, ਬਿਨਾਂ ਕਿਸੇ ਤੇ ਗ਼ੁੱਸਾ ਕੀਤਿਆਂ ਵਾਹਿਗੁਰੂ ਜਾਪ ਵਿੱਚ ਲੱਗੇ ਰਹੇ। ਹੁਣ ਤੱਕ ਸਾਈਂ ਮੀਆਂ ਮੀਰ ਨੂੰ ਇਸ ਬਿਰਤਾਂਤ ਦਾ ਪਤਾ ਲੱਗ ਚੁੱਕਾ ਸੀ,ਇਹ ਸੁਣਕੇ ਉਸ ਕੋਲੋਂ ਰਿਹਾ ਨਾ ਗਿਆ ਤੇ ਉਹ ਗੁਰੂ ਜੀ ਨੂੰ ਮਿਲਣ ਭੱਜਾ ਭੱਜਾ ਆਇਆ।ਇਹ ਮੰਜ਼ਰ ਦੇਖਕੇ ਉਸਨੂੰ ਬੇਤਹਾਸ਼ਾ ਗ਼ੁੱਸਾ ਆਇਆ।ਉਹ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਇਨ੍ਹਾਂ ਜ਼ਾਲਿਮਾਂ ਦਾ ਇਨਾਂ ਜ਼ੁਲਮ ਕਿਓਂ ਸਹਿ ਰਹੇ ਹੋ, ਮੈਨੂੰ ਇੱਕ ਵਾਰੀ ਹੁਕਮ ਕਰੋ, ਮੈਂ ਇਸ ਪੂਰੇ ਜ਼ਾਲਿਮ ਰਾਜ ਨੂੰ ਤਹਿਸ ਨਹਿਸ ਕਰਨ ਦੀ ਸਮਰੱਥਾ ਰੱਖਦਾ ਹਾਂ।ਇਕੋ ਵਾਰੀ ਵਿੱਚ ਇਸ ਜ਼ੁਲਮੀ ਹਕੂਮਤ ਨੂੰ ਜੜੋਂ ਪੁੱਟ ਸੁੱਟਾਂਗਾ।ਇਹ ਸੁਣਕੇ ਗੁਰੂ ਜੀ ਨੇ ਬੜੇ ਹੀ ਸ਼ਾਂਤ ਲਹਿਜੇ ਨਾਲ ਸਮਝਾਇਆ,”ਨਹੀਂ ਅਜਿਹਾ ਕੁਝ ਨਹੀਂ ਕਰਨਾ, ਮੈਂ ਜੋ ਵੀ ਕਰ ਰਿਹਾ ਹਾਂ,ਉਹ ,ਆਉਣ ਵਾਲੀਆਂ ਪੀੜ੍ਹੀਆਂ ਲਈ ਉਦਾਹਰਣ ਹੋਵੇਗੀ,ਕਿ ਸੱਚ ਦਾ ਮਾਰਗ ਕਿਨਾਂ ਬਿਖਮ ਮਾਰਗ ਹੈ, ਤੇ ਇਸਤੇ ਚੱਲਣ ਲਈ, ਕਿਸੇ ਵੀ ਜ਼ੁਲਮ ਦਾ ਸੰਯਮ ਨਾਲ ਟਾਕਰਾ ਕਰਨ ਦੀ ਲੋੜ ਪੈਂਦੀ ਹੈ।

ਚੌਥਾ ਦਿਨ :-
ਉਹ ਮਨਹੂਸ ਚੌਥਾ ਦਿਨ ਸੀ ਜਦੋਂ ਗੁਰੂ ਜੀ ਨੂੰ ਤੱਤੀ ਤੇ ਸੇਕ ਨਾਲ ਲਾਲ ਕੀਤੀ ਤਵੀ ਤੇ ਬਿਠਾ ਕੇ ਜ਼ਾਲਿਮਾਂ ਨੂੰ ਤਸੱਲੀ ਨਹੀਂ ਹੋਈ, ਤਾਂ ਉਪਰੋਂ ਤੱਤੀ ਬਲਦੀ ਸੜਦੀ ਰੇਤ ਵੀ ਪਾਈ ਜਾਣ ਲੱਗੀ। ਤਸੀਹਿਆਂ ਦੀ ਪਰਵਾਹ ਨਾ ਕਰਨ ਵਾਲੇ ਦਾਤਾਰ ਨੇ ਉਫ ਤੱਕ ਨਾ ਕੀਤੀ ਅਤੇ ਨਾਮ ਬੋਹਿਥ ਦਾ ਪੱਲਾ ਫੜੀ ਰੱਖਿਆ। 

ਜ਼ੁਲਮ ਦਾ ਪੰਜਵਾਂ ਤੇ ਆਖਰੀ ਦਿਨ:-
ਇਸ ਦਿਨ ਨੇ ਮੁਗਲ ਸ਼ਾਸਨ ਦੇ ਪਤਨ ਦੀ ਨੀਂਹ ਰੱਖ ਦਿੱਤੀ ਸੀ। ਇਹ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹਾਦਤ ਦਿਹਾੜਾ ( 30 ਮਈ 1606) ਸੀ, ਜਦੋਂ ਗੁਰੂ ਜੀ ਨੇ ਆਪਣੇ ਸਹਿਜ ਸੁਭਾਅ ਨਾਲ ਹੀ ਪਾਪੀਆਂ ਅੱਗੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ (ਜ਼ਾਲਿਮਾਂ) ਸੋਚਿਆ ਨਹਾਉਣ ਲੱਗਿਆਂ ਛਾਲਿਆਂ ਤੇ ਪਾਣੀ ਪੈਣ ਨਾਲ ਦਰਦ ਹੋਰ ਵੀ ਵਧ ਜਾਏਗਾ। ਇਸ ਲਈ ਉਨ੍ਹਾਂ ਨੇ ਸਿਪਾਹੀ ਨਾਲ ਭੇਜਕੇ ਗੁਰੂ ਜੀ ਨੂੰ ਰਾਵੀ ਦਰਿਆ ਵਿੱਚ ਇਸ਼ਨਾਨ ਦੀ ਆਗਿਆ ਦੇ ਦਿੱਤੀ। ਗੁਰੂ ਜੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਭੀੜ ਉਮੜੀ ਹੋਈ ਸੀ। ਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰ ਭੀੜ ਰੋਣ ਅਤੇ ਕੁਰਲਾਉਣ ਲੱਗ ਗਈ।ਕਈਆਂ ਕੋਲੋਂ ਤਾਂ ਇਹ ਦੁਖਦਾਈ ਦ੍ਰਿਸ਼ ਦੇਖਿਆ ਹੀ ਨਾ ਗਿਆ ਤੇ ਉਹ ਉਥੇ ਹੀ ਮੂਰਛਿਤ ਹੋ ਕੇ ਡਿੱਗ ਪਏ।ਹੁਣ ਸਤਿਗੁਰੂ ਜੀ ਜਾਪ ਕਰਦੇ ਕਰਦੇ ਰਾਵੀ ਵਿੱਚ ਖੜੇ, ਹੱਥ ਜੋੜ ਪ੍ਰਭੂ ਨੂੰ ਪ੍ਰਨਾਮ ਕੀਤਾ ਤੇ ਉਥੇ ਹੀ ਪਾਣੀ ਵਿੱਚ ਬੈਠ ਗਏ, ਤੇ ਦੁਬਾਰਾ ਬਾਹਰ ਨਹੀਂ ਆਏ।“ਜੋਤਿ ਮਹਿ ਜੋਤਿ ਰਲੀ ,ਜਲ ਕਾ ਜਲ ਹੂਆ ਰਾਮ,”। ਉਪਰੰਤ ਰਾਵੀ ਦੇ ਇਸ ਕੰਢੇ ਕੋਲ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ, ਜੋ ਲਾਹੌਰ ਵਿੱਚ ਹੈ।

ਇਸ ਦਰਦਭਰਪੂਰ ਸ਼ਹਾਦਤ ਤੋਂ ਅੱਜ ਦੀ ਪੀੜ੍ਹੀ ਲਈ ਸੇਧ ਦੀ ਲੋੜ :-
ਅੱਜ ਦੇ ਸਮੇਂ ਵਿੱਚ ਜੇਕਰ ਸਾਨੂੰ ਛੋਟੀ ਜਿਹੀ ਸੱਟ ਲੱਗ ਜਾਂਦੀ ਹੈ, ਮਾੜੀ ਜਿਹੀ ਗਰਮ ਚੀਜ ਪੈ ਜਾਂਦੀ ਹੈ, ਮਾੜਾ ਜਿਹਾ ਚਾਕੂ ਆਦਿ ਨਾਲ ਕੱਟ ਲੱਗ ਜਾਂਦਾ ਹੈ, ਅਸੀਂ ਤੜਫ ਉਠਦੇ ਹਾਂ। ਕੀ ਇਸ ਦਿਹਾੜੇ ’ਤੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਇਸ ਲਾਸਾਨੀ ਸ਼ਹਾਦਤ ਨੂੰ ਦਿਲੋਂ, ਸ਼ਿੱਦਤ ਤੇ ਅਸਲੀ ਰੂਪ ਨੂੰ ਯਾਦ ਕਰ ਨਹੀਂ ਮਨਾਉਣਾ ਚਾਹੀਦਾ? ਇਸ ਦਿਨ ਸੜਕਾਂ ਉਤੇ ਲੰਗਰ ਦੇ ਰੂਪ ਵਿੱਚ ਚਿਪਸ,ਛੋਲੇ ਭਟੂਰੇ, ਜਲੇਬੀਆਂ ਤੇ ਕਿਤੇ ਕਿਤੇ ਤਾਂ ਜੰਕ ਫੂਡ ਵੀ ਵੰਡਿਆ ਜਾਂਦਾ ਦੇਖਿਆ ਜਾ ਸਕਦਾ ਹੈ, ਇਸ ਦੇ ਨਾਲ-ਨਾਲ ਸ਼ਬੀਲ ,ਚਾਹ ਪਕੌੜੇ ਰਾਹਗੀਰਾਂ ਨੂੰ ਰੋਕ ਰੋਕ ਕੇ ਜ਼ਬਰਦਸਤੀ ਦਿੱਤੇ ਜਾਂਦੇ ਹਨ।

ਜਿਨਾਂ ਵਿੱਚੋਂ ਕਈ ਤਾਂ ਥੋੜਾ ਜਿਹਾ ਅੱਗੇ ਵਧ ਕੇ ਇਹ ਸਮੱਗਰੀ ਸੁੱਟ ਦਿੰਦੇ ਹਨ। ਮੇਰਾ ਇਹ ਸਭ ਕੁਝ ਲਿਖਣ ਦਾ ਇਹ ਕਦੇ ਵੀ ਮਤਲਬ ਨਹੀਂ ਕਿ ਲੰਗਰ ਨਾ ਲਾਇਆ ਜਾਵੇ, ਸਗੋਂ ਮੇਰਾ ਮਤਲਬ ਹੈ ਕਿ ਸਾਦੇ ਢੰਗ ਨਾਲ ਸਿਰਫ ਲੋੜਵੰਦਾਂ ਲਈ ਲਾਇਆ ਜਾਵੇ, ਜਿਸ ਵਿੱਚ ਲੰਗਰ ਲਗਾਉਣ, ਵਰਤਾਉਣ ਤੇ ਖਾਣ ਵਾਲੇ ਦੀ ਸ਼ਰਧਾ ਸ਼ਾਮਲ ਹੋਣ ਦੇ ਨਾਲ-ਨਾਲ ਹਰੇਕ ਨੂੰ ਇਸ ਲੰਗਰ ਦਾ ਮਕਸਦ ਪਤਾ ਹੋਵੇ। ਇਸ ਤੋਂ ਇਲਾਵਾ ਪੂਰਨ ਮਰਿਆਦਾ ਅਨੁਸਾਰ ਜ਼ਮੀਨ ਤੇ ਤੱਪੜ ਆਦਿ ਵਿਛਾ ਕੇ, ਸੰਗਤ ਨੂੰ ਬਿਠਾਕੇ ਪ੍ਰੇਮ ਨਾਲ ਛਕਾਇਆ ਜਾਵੇ। ਨਾਲ ਹੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਰਚਿਤ ਬਾਣੀ ਦਾ ਬੜੇ ਹੀ ਠਰ੍ਹਮੇਂ ਤੇ ਟਿਕਾਅ ਨਾਲ ਕੀਰਤਨ ਪ੍ਰਵਾਹ ਕੀਤਾ ਜਾਵੇ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ ਜਾਵੇ। ਜਿਹੜੇ ਢੰਗ ਨਾਲ ਅੱਜਕਲ ਸ਼ਹੀਦੀ ਗੁਰਪੁਰਬ ਜਾਂ ਹੋਰ ਵੀ ਗੁਰਪੁਰਬ ਮਨਾਏ ਜਾਂਦੇ ਹਨ, ਉਨ੍ਹਾਂ ਵਿੱਚ ਸ਼ਰਧਾ ਭਾਵਨਾ ਬਹੁਤ ਘੱਟ ਤੇ ਦਿਖਾਵੇ ਦੇ ਨਾਲ-ਨਾਲ ਮੁਕਾਬਲਾ ਜ਼ਿਆਦਾ ਭਾਰੂ ਹੋ ਰਿਹਾ ਹੈ। ਇਨ੍ਹਾਂ ਪਵਿੱਤਰ ਦਿਹਾੜਿਆਂ ਦੇ ਲੰਗਰ ਵਿੱਚ ਸ਼ਾਮਲ ਹੋਣ ਵਾਲੇ ਅੱਧੇ ਤੋਂ ਵੱਧ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਕਿਸ ਦਿਹਾੜੇ ’ਤੇ ਲੰਗਰ ਛਕ ਰਹੇ ਹਨ।

ਦੂਸਰੀ ਮਹੱਤਵਪੂਰਨ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਦਿਹਾੜੇ ਦੀ ਅਹਿਮੀਅਤ ਨੂੰ ਜਾਣਦੇ, ਸਮਝਦੇ ਤੇ ਪੂਰੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆ ਹੀ ਮਨਾਉਂਦੇ ਹਨ। ਬੇਨਤੀ ਹੈ ਕਿ ਅਸੀਂ ਸਾਰੇ ਆਪਣਾ ਜ਼ਮੀਰ ਜਗਾਕੇ ਗੁਰੂਆਂ ਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਦੀਆਂ ਸ਼ਹਾਦਤਾਂ ਦੀ ਜੋਤ ਆਪਣੇ ਅੰਦਰ ਜਗਾ ਕੇ ਰੱਖੀਏ ਤੇ ਸੱਚੀ ਸ਼ਰਧਾ ਤੇ ਪਹਿਰਾ ਦੇਈਏ।।

ਲੇਖਕ : ਨਰੇਸ਼ ਕੁਮਾਰੀ

PunjabKesari


rajwinder kaur

Content Editor

Related News