ਦੇਸ਼ ਦੀ 1947 ਦੀ ਵੰਡ ਸਮੇਂ ਹੋਏ ਉਜਾੜੇ ਤੋਂ ਬਾਅਦ ਹੋ ਰਿਹਾ ਗੁਪਤ ਉਜਾੜਾ

Friday, Nov 18, 2022 - 01:18 AM (IST)

ਦੇਸ਼ ਦੀ 1947 ਦੀ ਵੰਡ ਸਮੇਂ ਹੋਏ ਉਜਾੜੇ ਤੋਂ ਬਾਅਦ ਹੋ ਰਿਹਾ ਗੁਪਤ ਉਜਾੜਾ

ਚਮਕੌਰ ਸਿੰਘ ਪੀ.ਏ

ਬੇਵੱਸ ਪੰਜਾਬੀ ਹਰ ਚੋਣ ਸਮੇਂ ਲੋਕਤੰਤਰ ਦੇ ਕੀਤੇ ਜਾ ਰਹੇ ਨਾਟਕ ਦਾ ਸ਼ਿਕਾਰ ਹੋ ਕੇ ਸਿਆਸੀ ਆੜ੍ਹਤੀਆ ਬਦਲਣ ਦਾ ਤਜ਼ਰਬਾ ਕਰਦੇ ਹਨ। ਪਰ ਵਾਰ-ਵਾਰ ਬੁਰੀ ਤਰ੍ਹਾਂ ਫੇਲ੍ਹ ਹੁੰਦੇ ਹਨ। ਹੁਣ ਸੱਤ ਮਹੀਨੇ ਪਹਿਲਾਂ ਦਿੱਲੀ ਤੋਂ ਆਏ ਤਾਂਤਰਿਕ ਨੇ ਗਰੰਟੀਆਂ ਦੇ ਕੇ ਸਿਆਸੀ ਆੜ੍ਹਤੀਆ ਬਦਲਣ ਦੀ ਸਲਾਹ ਦਿੱਤੀ ਜੋ ਪੰਜਾਬੀ ਵੋਟਰਾਂ ਨੇ ਵਿਸ਼ਾਲ ਹਿਰਦੇ ਨਾਲ ਪ੍ਰਵਾਨ ਕੀਤੀ, ਪਰ ਅਜੇ ਤਕ ਗਾਰੰਟੀਆਂ ਦੇ ਉੱਪਰ ਅਮਲ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਕਿਉਂਕਿ ਜੋ ਚੁਟਕਲੇ ਉਕਤ ਤਾਂਤਰਿਕ ਦੇ ਪੰਜਾਬੀ ਸਟਾਰ ਪ੍ਰਚਾਰਕ ਨੇ ਦੂਜੀਆਂ ਸਿਆਸੀ ਪਾਰਟੀਆਂ ਲਈ ਵਰਤ ਕੇ ਇਨਕਲਾਬ (ਬਦਲਾਅ) ਲਿਆਂਦਾ, ਪਰੰਤੂ ਕਿਸਾਨ, ਨਰੇਗਾ ਮੁਲਾਜ਼ਮ, ਆਦਿ ਪਾਣੀ ਦੀਆਂ ਟੈਂਕੀਆਂ ’ਤੇ ਸਵਾਰ ਹਨ। ਰਿਸ਼ਵਤ ਚੱਲ ਰਹੀ ਹੈ ਬਲਕਿ ਰੇਟਾਂ ਵਿਚ ਭੀ ਵਾਧਾ ਹੋਇਆ ਹੈ। ਕੋਈ ਚਮਤਕਾਰ ਹੋਣ ਦੀ ਆਸ ਨਹੀਂ ਕਿਉਂਕਿ ਪਿਛਲੇ ਸਿਆਸੀ ਆੜ੍ਹਤੀਆਂ ਦਾ ਪੁਰਾਣਾ ਰਾਗ (ਕੇਂਦਰ ਪੰਜਾਬ ਨਾਲ ਧੱਕਾ ਕਰਦਾ ਹੈ­ ਇਨ੍ਹਾਂ ਨੇ ਭੀ ਅਲਾਪਣਾ ਸ਼ੁਰੂ ਕਰ ਦਿੱਤਾ ਹੈ) ਹਰ ਰੋਜ਼ ਦਿੱਲੀ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਪੰਜਾਬੀ ਨੌਜਵਾਨ (ਨਸ਼ਾ ਰਹਿਤ) ਦੇ ਜਹਾਜ਼ ਭਰ ਭਰ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਕਾਫੀ ਗਿਣਤੀ ਵਿਚ ਡੱਬਿਆਂ ਵਿਚ ਬੰਦ ਹੋ ਕੇ ਆਪਣੇ ਦੇਸ਼ ਦੀ ਧਰਤੀ ਤੇ ਆ ਕੇ ਮਾਂ ਪਿਓ ਅਤੇ ਭੈਣ ਭਰਾਵਾਂ ਦੀਆਂ ਕਿਲਕਾਰੀਆਂ ਦਾ ਕਾਰਨ ਬਣਦੇ ਹਨ।

ਮੌਜੂਦਾ ਸਮੇਂ ਵਿਚ ਸ਼ਮਸ਼ਾਨ ਘਾਟ ਵਿਦੇਸ਼ੀ ਜਵਾਨੀ, ਨਸ਼ੇ ਦਾ ਸ਼ਿਕਾਰ ਨੌਜਵਾਨਾਂ, ਦੀਆਂ ਲਾਸ਼ਾਂ ਨਾਲ ਭਰਦੇ ਜਾ ਰਹੇ ਹਨ। ਪਰ ਕਿਸੇ ਸਿਆਸੀ ਆੜ੍ਹਤੀਏ , ਪੁਰਾਣੇ ਜਾਂ ਨਵੇਂ ਦੇ ਕੰਨ 'ਤੇ ਜੂੰਅ ਨਹੀਂ ਸਰਕਦੀ। ਰਵਾਇਤੀ ਪੁਰਾਣੇ ਆੜ੍ਹਤੀਏ ਬੰਦੀ ਸਿੰਘਾਂ ਦੀ ਰਿਹਾਈ ਦਾ, ਐੱਸ. ਵਾਈ. ਐੱਲ. ਦਾ ਜਾਂ ਮੌਜੂਦਾ ਆੜ੍ਹਤੀਏ ਨੂੰ ਗੈਰਤਜ਼ਰਬੇਕਾਰ ਹੋਣ ਦਾ ਵਾਸਤਾ ਪਾ ਕੇ ਵੋਟਰਾਂ ਨੂੰ ਮੁੜ ਪੁਰਾਣੀਆਂ ਸਿਆਸੀ ਦੁਕਾਨਾਂ 'ਤੇ ਆਉਣ ਦੀ ਅਪੀਲ ਕਰਦੇ ਹਨ। ਇਹ ਕਹਿੰਦੇ ਹਨ ਕਿ ਸਾਡਾ ਤਜ਼ਰਬਾ ਵੱਧ ਹੈ ਇਸ ਲਈ ਤੁਸੀਂ ਜਲਦੀ ਸਾਡੇ ਲਈ ਸਰਕਾਰੀ ਤਾਕਤ ਦੀ ਕੁਰਸੀ ਖਾਲੀ ਕਰੋ, ਫਿਰ ਦੇਖੋ ਕਿ ਕਿਵੇਂ ਮੰਤਰ ਨਾਲ ਸਾਰੀਆਂ ਪੰਜਾਬੀ ਔਕੜਾ ਇਕ ਦਿਨ ਵਿਚ ਹੱਲ ਕਰ ਦੇਵਾਂਗੇ। ਕਿਉਂਕਿ ਪੰਜਾਬ ਸੂਬੇ ਦੀ ਹੋਂਦ ਤੋਂ ਹੁਣ ਤਕ ਦਾ ਸਮਾਂ ਦੋ ਸਿਆਸੀ ਆੜ੍ਹਤੀਆਂ ਵਿਚ ਵੰਡਿਆਂ ਜਾਂਦਾ ਰਿਹਾ ਇਸ ਲਈ ਅਸੀਂ ਔਕੜਾਂ ਤੋਂ ਪੰਜਾਬੀਆਂ ਨੂੰ ਨਿਜ਼ਾਤ ਨਹੀਂ ਦਿਵਾ ਸਕੇ। ਪਰੰਤੂ ਮੌਜੂਦਾ ਸਰਕਾਰ 'ਤੇ ਕਾਬਜ਼ ਆੜ੍ਹਤੀਆਂ ਇਸ਼ਤਿਹਾਰਾਂ ਰਾਹੀਂ ਸਾਰੇ ਮਸਲੇ ਇਸੇ ਟਰਮ ਵਿਚ ਹੱਲ ਕਰਨ ਦਾ ਦਮ ਭਰਦਾ ਹੈ। ਪਰੰਤੂ ਇਨ੍ਹਾਂ ਸਾਰਿਆਂ ਨੇ ਪੰਜਾਬ ਵਿਚ ਜਾਂ ਵਿਦੇਸ਼ਾਂ ਵਿਚ ਲਾਸ਼ਾਂ ਬਣ ਕੇ ਆ ਰਹੇ ਨੌਜਵਾਨਾਂ ਦਾ ਕਦੇ ਜ਼ਿਕਰ ਨਹੀਂ ਕੀਤਾ ਜਦੋਂ ਕਿ ਮੌਜੂਦਾ ਸਿਆਸੀ ਆੜ੍ਹਤੀਆ ਤਾਂ ਗੋਰਿਆਂ ਦੇ ਪੰਜਾਬ ਵਿਚ ਆਉਣ ਦੀ ਭਾਰੀ ਫੜ੍ਹ ਭੀ ਮਾਰ ਚੁੱਕਿਆ ਹੈ। ਪੰਜਾਬ ਦੀ ਜਵਾਨੀ ਨੂੰ ਹਵਾਈ ਅੱਡਿਆਂ ਤੇ ਰੁਲਣ ਲਈ ਛੱਡਣ ਵਾਸਤੇ ਪੁਰਾਣੇ ਸਿਆਸੀ ਆੜ੍ਹਤੀਏ ਜਿਨ੍ਹਾਂ ਨੇ ਪੰਜਾਬ ਨੂੰ ਕੈਲੇਫੋਰਨੀਆ, ਪਿੰਡਾਂ ਨੂੰ ਸ਼ਹਿਰ ਅਤੇ ਸੂਬੇ ਨੂੰ ਸਨਅਤ ਨਾਲ ਭਰਪੂਰ ਕਰਨ ਦੇ ਦਮਗੱਜੇ ਛੱਡੇ ਪਰੰਤੂ ਨਤੀਜਾ ਜ਼ੀਰੋ ਹੀ ਰਿਹਾ। ਕਿਸੇ ਹੋਰ ਧਿਰ ਨੇ ਸਿੱਖਾਂ ਦੇ ਪਵਿੱਤਰ ਗਰੰਥ, ਗੁਟਕਾ ਸਾਹਿਬ ਦਾ ਆਸਰਾ ਲੈ ਕੇ ਕਿਸਾਨਾਂ ਦਾ ਆੜ੍ਹਤੀਆਂ ਸਮੇਤ ਕਰਜ਼ਾ ਮੁਆਫ਼, ਘਰ-ਘਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਠੱਗੀ ਮਾਰੀ ਪਰੰਤੂ ਕੁੱਲ੍ਹ 10-20 ਉਸ ਦੀ ਆਪਣੀ ਸਿਆਸੀ ਪਾਰਟੀ ਦੇ ਮ੍ਰਿਤਕ ਸਿਆਸੀ ਲੀਡਰਾਂ ਦੇ ਬੱਚਿਆਂ ਨੂੰ ਗਜ਼ਟਿਡ ਪੋਸਟਾਂ ਦੇ ਕੇ ਨਿਵਾਜਣ ਉਪਰੰਤ ਹੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਦਾ ਭੋਗ ਪਾ ਦਿੱਤਾ। ਪੁਰਾਣੇ ਸਿਆਸੀ ਆੜ੍ਹਤੀਆਂ ਨੇ ਦਿੱਲੀ ਦੰਗੇ, ਅੱਤਵਾਦ ਦੌਰਾਨ ਸਮੇਂ ਦੀ ਹਕੂਮਤ ਵੱਲੋਂ ਪੰਜਾਬੀਆਂ ਦੀ ਨਸਲਕੁਸ਼ੀ, ਐੱਸ.ਵਾਈ.ਐੱਲ., ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ, ਪਾਰਟੀਆਂ ਦੇ ਮੋਢੀ ਲੀਡਰਾਂ ਦੀ ਅਜ਼ਾਦੀ ਸਮੇਂ ਜਾਂ ਬਾਅਦ ਵਿਚ ਕੀਤੀਆਂ ਕੁਰਬਾਨੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਕੈਸ਼ ਕਰਕੇ ਪੰਜਾਬੀ ਵੋਟਰਾਂ ਨੂੰ ਠੱਗਿਆ। ਕਿਸਾਨੀ ਘੋਲ ਦੇ ਬਰਾਬਰ ਆਪਣਾ ਘੋਲ ਖੜ੍ਹਾ ਕਰਨ ਦਾ ਯਤਨ ਕੀਤਾ ਪਰੰਤੂ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਧਾਰਮਿਕ ਇਤਹਾਸਿਕ ਸਥਾਨਾਂ ਤੋਂ ਭਾਰੀ ਇਕੱਠ ਕਰਕੇ ਦੂਜੇ ਸਥਾਨਾਂ 'ਤੇ ਭੇਜਣ ਦੀ ਚਾਲ ਨੂੰ ਭੀ ਪੰਜਾਬੀਆਂ ਨੇ ਨਕਾਰਿਆ। ਅੱਜ ਤੱਕ ਅਰਬਾਂ ਰੁਪਏ ਦੀ ਸਰਕਾਰੀ ਖਰਚੇ 'ਤੇ ਇਸ਼ਤਿਹਾਰਬਾਜ਼ੀ ਨੇ ਪੰਜਾਬ ਦੇ ਖ਼ਜ਼ਾਨੇ ਦਾ ਲੱਕ ਤੋੜਿਆ ਹੈ। ਸਰਕਾਰੀ ਸ਼ਕਤੀ ਦੌਰਾਨ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਦੇ ਇਲਾਜ਼ਾਂ, ਤਨਖਾਹਾਂ, ਪੈਨਸ਼ਨਾਂ ਹੋਰ ਭੱਤਿਆਂ ਰਾਹੀਂ ਸਰਕਾਰੀ ਖ਼ਜ਼ਾਨਾ ਲੁੱਟਣ ਦੀ ਕਿਸੇ ਨੇ ਕਸਰ ਨਹੀਂ ਛੱਡੀ। ਆਪਣੇ ਹੀ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨੂੰ ਵਜ਼ੀਰੀਆਂ, ਚੇਅਰਮੈਨੀਆਂ ਵੰਡ ਕੇ ਸਿਆਸੀ ਦੁਕਾਨਾਂ ਦੇ ਮਾਲਕ ਬਣਾਇਆ ਜਿਨ੍ਹਾਂ ਨੇ ਸਰਕਾਰੀ ਟਰਾਂਸਪੋਰਟ, ਸਰਕਾਰੀ ਸਕੂਲ, ਹਸਪਤਾਲ, ਟੀ.ਵੀ. ਚੈੱਨਲ, ਰੇਤ, ਬਜ਼ਰੀ ਤੇ ਕਬਜ਼ੇ ਕਰਕੇ ਇਹਨਾਂ ਸਸੰਥਾਵਾਂ ਦਾ ਭੋਗ ਪਾਇਆ ਅਤੇ ਆਪਣਾ ਨਿੱਜੀ ਕਾਰੋਬਾਰ ਅਮਰ ਵੇਲ ਦੀ ਤਰ੍ਹਾਂ ਵਧਾਇਆ।

ਮੌਜੂਦਾ ਸਿਆਸੀ ਅਤੇ ਸਰਕਾਰੀ ਮੁਖੀ ਪੰਜਾਬੀਆਂ ਨੂੰ ਬਿਖੜੇ ਪ੍ਰਸ਼ਾਸਨਿਕ ਢਾਂਚੇ ਦੇ ਸਹਾਰੇ ਛੱਡ ਕੇ ਆਪਣੇ ਦਿੱਲੀ ਵਾਲੇ ਉਘੇ ਤਾਂਤਰਿਕ ਦੀਆਂ ਸਿਆਸੀ ਦੁਕਾਨਾਂ ਦਾ ਜਾਲ ਹਿਮਾਚਲ, ਗੁਜਰਾਤ ਅਤੇ ਬਾਕੀ ਭਾਰਤ ਦੇਸ਼ ਵਿਚ ਵਿਛਾਉਣ ਵਿਚ ਰੁੱਝਿਆ ਹੋਇਆ ਹੈ। ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦੇ ਢੰਗ ਨੂੰ ਨਿੱਜੀ ਤੌਰ 'ਤੇ ਦਿੱਤੀਆਂ ਰਿਆਇਤਾਂ ਦਾ ਰੂਪ ਘੜਨ ਦੀ ਸੁੱਚਜੀ ਕਾਰੀਗਰੀ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਹੀ ਵਰਤਾਰਾ ਵਿਦੇਸ਼ੀ ਜਹਾਜ਼ਾਂ ਨੂੰ ਸੋਹਣੀਆਂ ਪੰਜਾਬੀ ਜਵਾਨੀਆਂ ਨਾਲ ਭਰ ਕੇ ਭੇਜ ਰਿਹਾ ਹੈ ਅਤੇ ਵਿਦੇਸ਼ਾਂ ਵਿਚ ਜਾਂ ਪੰਜਾਬ ਵਿਚ ਭੀ ਜਵਾਨੀ ਦੀਆਂ ਲਾਸ਼ਾਂ ਦੀ ਗਿਣਤੀ ਵੱਖ-ਵੱਖ ਕਾਰਨਾਂ ਕਰ ਕੇ ਵੱਧ ਰਹੀ ਹੈ। ਸੋ ਪੰਜਾਬੀ, ਸਿਆਸੀ ਆੜਤੀਆ ਦੀ ਕਲਾਬਾਜੀਆਂ ਤੋਂ ਦੂਰ ਰਹਿ ਕੇ ਆਪਣੇ ਇਮਾਨਦਾਰ ਨਵੇਂ ਆਗੂਆਂ ਦੀ ਤਲਾਸ਼ ਕਰਕੇ, ਬਿਨਾਂ ਕਿਸੇ ਉਕਤ ਸਿਆਸੀ ਆੜ੍ਹਤੀਏ ਦੀ ਮੱਦਦ ਤੋਂ ਨਵਾਂ ਨਿਜ਼ਾਮ ਪੈਦਾ ਕਰਕੇ, ਉਸ ਨੂੰ ਪੰਜਾਬ ਦੀ ਅਗਵਾਈ ਸੌਂਪਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬੀ ਨੌਜਵਾਨੀ ਉੱਡਕੇ ਪੰਜਾਬ ਨੂੰ ਖਾਲੀ ਕਰ ਦੇਵੇਗੀ। ਜਿੱਥੇ  ਸਿਰਫ ਬਜ਼ੁਰਗ ਮਾਪੇ ਰੁਲਣਗੇ ਅਤੇ ਇਸ ਤਰ੍ਹਾਂ ਹੀ ਰੋਂਦੇ ਮਾਪੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਹਵਾਈ ਅੱਡਿਆਂ ਤੇ ਵਿਦਾ ਕਰਦੇ ਰਹਿਣਗੇ ਅਤੇ ਨਸ਼ੇ ਦਾ ਸ਼ਿਕਾਰ ਜਵਾਨੀ ਨੂੰ ਸਮਸ਼ਾਨਘਾਟਾਂ ਲਈ ਵਿਦਾ ਕਰਦੇ ਰਹਿਣਗੇ। 

ਜੇਕਰ ਪੰਜਾਬੀ ਵੋਟਰ ਇਸ ਕਦਰ ਨਹੀਂ ਸੋਚਦਾ ਕਿ ਰਵਾਇਤੀ ਸਿਆਸੀ ਆੜ੍ਹਤੀਏ ਅੱਗੇ ਵਿਰਾਸਤ ਆਪਣੇ ਪੁੱਤਰਾਂ­ ਪੋਤਰਿਆਂ, ਦੋਹਤੇਆਂ, ਜੁਆਈਆਂ, ਪੁਤਰੀਆਂ, ਕਾਰਪੋਰੇਟਰਾਂ ਦੇ ਹੱਥ ਦੇ ਰਹੇ ਹਨ ਤਾਂ ਭਵਿੱਖ ਪੰਜਾਬ ਦਾ, ਵਸੋਂ ਪੱਖੋਂ ਖਾਲੀ ਹੋਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ। ਹਰ ਵਾਰ ਬਦਲਵੇਂ ਸਟਾਈਲ ਨਾਲ ਵੋਟਾਂ ਖੋਹ ਕੇ ਰਾਜ ਭਾਗ ਆਪਦੇ ਪੁੱਤਰਾਂ, ਰਿਸ਼ਤੇਦਾਰਾਂ, ਪਤਨੀਆਂ ਅਤੇ ਏਜੰਟ ਕਾਰਪੋਰੇਟਾਂ ਰਾਹੀਂ ਕਰਦੇ ਹਨ। ਇਸ ਗੁਪਤ ਉਜਾੜੇ ਨੂੰ ਰੋਕਣ ਲਈ ਇਕੱਠੇ ਹੋ ਕੇ ਇਮਾਨਦਾਰੀ ਨਾਲ ਹੰਭਲਾ ਮਾਰੀਏ ਤਾਂ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਸਾਡੇ ਲਈ ਗੰਦੇ ਰਿਮਾਰਕਸ ਨਾ ਦੇਣ। 

ਜੇਕਰ ਪੰਜਾਬੀ ਵੋਟਰ ਸਿਆਸੀ ਆੜ੍ਹਤੀਆਂ ਦੇ ਉਜਾੜਾ ਪੱਖੀ ਦੈਂਤ ਨੂੰ ਸਮਝ ਨਾ ਸਕੇ ਤਾਂ ਇਹ ਦੈਂਤ ਵਾਰ-ਵਾਰ ’ਰਾਜ ਨਹੀਂ ਸੇਵਾ’ ਜਾਂ ’ਚਾਹੁੰਦਾ ਹੈ ਪੰਜਾਬ ਸਾਡੀ ਸਰਕਾਰ’ ਜਾਂ ’ਬਦਲਾਅ’ ਵਰਗੇ ਰੂਪ ਰਾਹੀਂ ਉਜਾੜਾ ਕਰਦਾ ਰਹੇਗਾ ਅਤੇ ਪੰਜਾਬੀ ਜਵਾਨੀ ਨੂੰ ਨਿਗਲ ਜਾਵੇਗਾ। ਮੌਜੂਦਾ ਰੂਪ ਵਿਚ ਭੀ ਪਹਿਲਾਂ ਦੀ ਤਰ੍ਹਾਂ ਵਿਧਾਇਕ ਵਿਹਲੇ ਕਰ ਦਿੱਤੇ ਹਨ। ਉਨ੍ਹਾਂ ਦੀ ਥਾਂ ਦਿੱਲੀ ਵਾਲੇ ਤਾਂਤਰਿਕ ਵੱਲੋਂ ਨਿਯੁਕਤ ਮੁਖੀ ਦੇ ਸਾਰੇ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਸੂਬੇ ਦੀ ਸਰਕਾਰ ਚਲਾ ਰਹੇ ਹਨ ਅਤੇ ਸਰਕਾਰੀ ਖ਼ਜ਼ਾਨਾ/ਮਸ਼ੀਨਰੀ ਦੀ ਖੂਬ ਵਰਤੋਂ ਹੋ ਰਹੀ ਹੈ। ਸੋ ਦੈਂਤ ਦੇ ਵੱਖ-ਵੱਖ ਰੂਪਾਂ ਦੀ ਪਛਾਣ ਕਰਨ ਦੀ ਅਤਿ ਜ਼ਰੂਰਤ ਹੈ ਨਹੀਂ ਤਾਂ ਦੈਂਤ ਬਿਹਾਰੀ ਵਸੋਂ ਦਾ ਪਸਾਰਾ ਕਰਕੇ ਪੰਜਾਬੀ ਜਵਾਨੀ ਨੂੰ ਉਜਾੜੇ ਦੇ ਰੂਪ ਵਿਚ ਨਿਗਲ ਜਾਵੇਗਾ।


author

Anmol Tagra

Content Editor

Related News