ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ

Sunday, Apr 05, 2020 - 05:48 PM (IST)

ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ

ਕਿਸ਼ਤ - 1

ਰੁਪਿੰਦਰ ਸੰਧੂ  

" ਸੰਤ ਦੀ ਮਾਂ ਕਹਿੰਦੀ ਜਦੋਂ ਸੰਤ ਪੰਦਰਾਂ ਕੁ ਵਰ੍ਹਿਆਂ ਦਾ ਹੀ ਸੀ, ਉਸ ਨੂੰ ਇਕ ਦਿਨ ਅੰਮ੍ਰਿਤ ਵੇਲੇ ਹੀ ਉਠਾ ਲਿਆ। ਮੈਂ ਉਸ ਨੂੰ ਟਰੈਕਟਰ ’ਤੇ ਨਾਲ ਦੇ ਪਿੰਡ, ਜਿੱਥੇ ਸਾਡੀ ਜੱਦੀ ਜਾਇਦਾਦ ਦਾ ਵੀਹਾਂ ਕਿੱਲਿਆਂ ਦਾ ਟੱਕ ਸੀ, ਲੈ ਕੇ ਜਾਣ ਨੂੰ ਕਿਹਾ। ਸੰਤ ਦੀ ਦਾਦੀ ਨੇਂ ਬਥੇਰਾ ਰੋਕਿਆ , " ਦੇਖ ਪੁੱਤਰ ਤਿੰਨ ਜੇਲ ਨੇਂ ’ਚ ਅਤੇ ਚੌਥਾ ਦੁਨੀਆਂ ਤੋਂ ਰੁਖਸਤ ਕਰ ਦਿੱਤਾ ਅਗਲਿਆਂ, ਤੂੰ ਕਾਹਤੋਂ ਮੇਰੇ ਪੋਤੇ -ਪੋਤਿਆਂ ਨੂੰ ਵੀ ਬਾਲਣ ਨੂੰ ਫਿਰਦੀ ਏਂ ਇਸ ਅੱਗ ਚ ? ਮੈਂ ਕਿਹਾ ," ਬੀਬੀ ਡਰ ਨਾਂਹ। ਪੰਜਾਂ ਸਾਲਾ ਤੋਂ ਬੰਜਰ ਪਈ ਜ਼ਮੀਨ ਨੂੰ ਠੇਕੇ ’ਤੇ ਡਰਦਾ ਕੋਈ ਹੱਥ ਨਹੀਂ ਪਾਉਂਦਾ। ਹੁਣ ਸੰਤ ਦੇ ਮੋਢਿਆਂ ’ਤੇ ਇਹ ਭਾਰ ਪੈ ਲੈਣ ਦੇ। ਘਰੋਂ ਉਸ ਪਿੰਡ ਤੱਕ ਸਿਰਫ ਪੰਜਾਂ ਕਿਲੋਮੀਟਰਾਂ ਦਾ ਫਾਸਲਾ ਸੀ। ਸੰਤ ਦੇ ਪਿਓ ਤੇ ਦੋਨਾਂ ਤਾਇਆਂ ਤੇ ਚਾਚੇ ਨੇਂ  ਬਿਗਾਨੇ ਪੁੱਤ ਉਸੇ ਪੈਲੀ ਚ ਇਕ ਸੱਥ ਵਿਚ ਕੀਤੇ ਸ਼ਰੀਕਾਂ ਦੇ ਮਜ਼ਾਕ ਅਤੇ ਹਾਸੇ-ਹਾਸੇ ’ਚ ਵੰਗਾਰਨ ’ਤੇ ਇਓਂ ਕਤਲ ਕਰ ਦੇਣੇ ਨੇਂ। ਮੈਂ ਤਾਂ ਕਹਿੰਦੀ ਕਦੀ ਸੁਫਨਾ ਵੀ ਨਹੀਂ ਸੀ ਵੇਖਿਆ, ਇਸ ਗੱਲ ਦਾ । ਪੈਲੀ ’ਚ ਵੜਦਿਆਂ ਹੀ ਰੂਪ ਸਿਹੁੰ ਯਾਦ ਆ ਗਿਆ, ਸੰਤ ਦਾ ਪਿਓ । "ਹਾਏ ਉਹ ਜਵਾਂ ਦਰਵੇਸ਼ ਬੰਦਾ ਸੀ। ਉਸ ਨੇਂ ਕਿਉਂ ਹਾਂ ’ਚ ਹਾਂ ਮਿਲਾ ਦਿੱਤੀ ਭਾਈਆਂ ਦੀ ਗੱਲ ’ਚ। ਚੰਦਰਿਆ ਸ਼ਰੀਕਾਂ ਕਿਹੜਾ ਜ਼ਹਿਰ ਦਿੱਤਾ ਸੀ, ਜਿਹੜਾ ਗਲੋਂ ਲੰਘਣਾ ਔਖਾ ਸੀ। ਮਾਰੇ ਹੋਏ ਮਿਹਣੇ ਨੇਂ ਉਸ ਇਕ ਰਾਤ ਨੇਂ ਸਾਡੀ ਸਭ ਦੀ ਜਿੰਦਗੀ ’ਚ ਹਨੇਰਾ ਕਰ ਦਿੱਤਾ। ਤੇਰੇ ਮਲੂਕ ਜਿਹੇ ਪੁੱਤ ਨੂੰ ਮੈਂ ਉਸੇ ਰਾਹੇ ਤੋਰ ਲਿਆਈ ਹਾਂ, ਜਿਹੜੇ ਪਿੰਡ ਦੀ ਜੂਹ ਸਾਡੇ ਨਾਲ ਵੈਰ ਰੱਖਦੀ ਏ। ਉਸ ਤੋਂ ਉਸ ਪੈਲੀ ਦੀ ਜ਼ਿੰਮੇਵਾਰੀ ਸੰਤ ਵੀਰੇ ਦੇ ਸਿਰ ’ਤੇ ਆ ਗਈ। ਮੇਰੇ ਡੈਡੀ ਅਤੇ ਸੰਤ ਦਾ ਪਿਓ ਰੂਪਾ ਅੰਕਲ ਅਤੇ ਉਸ ਦੇ ਤਿੰਨੋਂ ਭਰਾ ਗੂੜੇ ਯਾਰ ਸੀ ਪਰ ਸੰਤ ਦੇ ਪਿਓ ’ਤੇ ਤਾਇਆਂ ਤੋਂ ਹੋਏ ਦੋ ਕਤਲਾਂ ਨੇਂ ਉਸ ਘਰ ਦੀ ਤਕਦੀਰ ਬਦਲ ਦਿੱਤੀ ਸੀ।

PunjabKesari

ਚੁੱਲ੍ਹਿਆਂ ’ਤੇ ਰਿੱਝਦੇ ਚਾਵਾਂ ਦੇ ਪਤੀਲਿਆਂ ’ਚੋਂ ਮਹਿਕਾਂ ਖੋਹ ਲਈਆਂ ਸੀ। ਸੰਤ ਦੀ ਮਾਂ ਨੂੰ ਜਦੋਂ ਵੇਖਣਾਂ, ਅੰਕਲ ਰੂਪੇ ਦੀ ਮੌਤ ਤੋਂ ਬਾਅਦ ਤਾਂ ਹਮੇਸ਼ਾ ਸਿਰ ’ਤੇ ਚਿੱਟਾ ਦਪੁੱਟਾ ਹੋਣਾਂ ਉਸਦੇ। ਕਦੀ-ਕਦੀ ਮੇਰੀ ਮਾਂ ਅਤੇ ਤਾਈ ਕੋਲ ਆ ਜਾਇਆ ਕਰਨਾ, ਉਸ ਨੇਂ ਸਾਡੇ ਘਰ। ਅੰਕਲ ਰੂਪਾ ਇਕ ਰਾਤ ਕੋਠੇ ’ਤੇ ਸੁੱਤਾ ਹੋਇਆ ਗਾਇਬ ਹੋ ਗਿਆ। ਤੀਜੇ ਦਿਨ ਉਸ ਦੀ ਲਾਸ਼ ਟੋਟਿਆਂ ’ਚੋਂ ਮਿਲੀ ਸੀ ਬਸ। ਗੱਲਾਂ ਕਰਦੀ-ਕਰਦੀ ਉਹ ਕੋਇਆਂ ’ਚ ਆਏ ਹੰਝੂਆਂ ਨੂੰ ਅਕਸਰ ਲੁਕੋ ਲਿਆ ਕਰਦੀ ਸੀ। " ਜਿਸ ਰਾਤ ਉਸ ਨੂੰ ਲੈ ਕੇ ਗਏ ਸੀ, ਚੁੱਕ ਕੇ ਭੈਣੇਂ , ਮੈਂ ਉਸ ਨੂੰ ਬਥੇਰਾ ਕਿਹਾ ਅੱਜ ਛੱਤ ’ਤੇ ਨਾਂਹ ਸੌਂ ਜਾ ਕੇ ਪਰ ਉਹ ਮੰਨਿਆਂ ਨੀਂ। ਭਰੀ ਹੋਈ ਬੰਦੂਕ ਹੌਂਸਲਾ ਤਾਂ ਹੁੰਦੀ ਏ ਬੰਦੇ ਦਾ ਪਰ ਹਮੇਸ਼ਾ ਕੰਮ ਆਵੇ ਇਹ ਨੀ ਕਿਤੇ ਲਿਖਿਆ। ਅੱਗੇ ਰੂਪਾਂ ਵੀ ਜਿੱਦ ਕਰਕੇ ਨਾਲ ਸੌਂ ਜਾਂਦੀ ਤਾਂ ਥੱਲੇ ਹੀ ਸੌਂ ਜਾਂਦਾ ਸੀ ਪਰ ਉਸ ਦਿਨ ਖੌਰੇ ਕੀ ਲਿਖਿਆ ਸੀ ? ਕੁੜੀ ਪਹਿਲਾਂ ਹੀ ਸੌਂ ਗਈ ਉਸ ਦੇ ਘਰ ਆਉਣ ਤੋਂ । ਬਸ ਉਸ ਰਾਤ ਉਸ ਨੂੰ ਪੌੜੀਆਂ ਚੜ੍ਹਦਿਆਂ ਅਾਖਰੀ ਵਾਰ ਵੇਖਿਆ ਸੀ। ਉਸ ਤੋਂ ਬਾਅਦ ਕਦੀ ਸੁਫਨੇ ’ਚ ਵੀ ਨੀਂ ਆਇਆ ਸੰਤ ਦਾ ਬਾਪੂ। ਇਹ ਗੱਲਾਂ ਮੇਰੀ ਮਾਂ ਹੁਣੀਂ ਉਸ ਦੇ ਜਾਣ ਤੋਂ ਬਾਅਦ ਵੀ ਕਿੰਨਾਂ-ਕਿੰਨਾਂ ਕੁ ਚਿਰ ਕਰਦੀਆਂ ਰਹਿੰਦੀਆਂ । ਪੰਜਾਂ ਵਰ੍ਹਿਆਂ ਦੀ ਉਮਰ ਤੋਂ ਹੁਣ ਤੱਕ ਬਸ ਇੰਝ ਹੀ ਵੇਖਿਆ ਮੈਂ ਸੰਤ ਦੀ ਮਾਂ ਨੂੰ। ਕਚਹਿਰੀਆਂ ਚ ਤਰੀਕਾਂ ’ਤੇ ਜਾਂਦੀ ਨੂੰ, ਸੀਰੀਆਂ ਨਾਲ ਪੈਲੀਆਂ ਵਹਾਉਂਦੀ ਨੂੰ, ਸ਼ਾਂਤ ਚਿਹਰੇ ’ਤੇ ਦਿਲ ’ਚ ਡੱਕ ਕੇ ਰੱਖੇ ਦੁੱਖਾਂ  ਦੇ ਤੂਫਾਨ ਨੂੰ ਉਸ ਇਕ ਚਿੱਟੇ ਦਪੁੱਟੇ ਨਾਲ ਕੱਜ ਕੇ ਬੈਠੀ ਨੂੰ।


author

rajwinder kaur

Content Editor

Related News