ਰੋਬੋਟ ਵੀ ਹੋ ਸਕਦੇ ਹਨ ਖੇਤੀ ਕਾਰਜਾਂ ਲਈ ਸਹਾਇਕ : ਹਰਸ਼ਾ ਕਿਕੇਰੀ

04/07/2019 4:00:46 PM

ਪੀਏਯੂ ਦੇ ਸਾਇੰਸ ਕਲੱਬ ਨੇ ਬੀਤੇ ਦਿਨੀਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ । ਇਸ ਭਾਸ਼ਣ ਦੇ ਮੁੱਖ ਵਕਤਾ ਟੈਕ ਸਟਾਰਟਅਪ, ਹੋਲੋਸੂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਹਰਸ਼ਾ ਕਿਕੇਰੀ ਸਨ । ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਹੋਲੋਸੂਟ ਵੱਲੋਂ ਵਰਤੇ ਜਾ ਰਹੇ ਰੋਬੋਟਿਕਸ ਰਾਹੀਂ ਸਿੱਖਿਆ ਲੈਣ ਦੇ ਅਨੁਭਵ ਸੀ । ਆਪਣੇ ਭਾਸ਼ਣ ਦੌਰਾਨ ਸ੍ਰੀ ਕਿਕੇਰੀ ਨੇ ਦਿਖਾਈ ਦਿੰਦੀ ਵਾਸਤਵਿਕਤਾ ਪਿੱਛੇ ਕੰਮ ਕਰ ਰਹੀ ਤਕਨਾਲੋਜੀ ਦਾ ਪ੍ਰਦਰਸ਼ਨ ਕਰਦਿਆਂ ਵਿਸਥਾਰ ਨਾਲ ਸਮਝਾਇਆ ਕਿ ਹੋਲੋਸੂਟ ਵੱਲੋਂ ਅਸਲ ਸੰਸਾਰ ਨੂੰ ਸਮਝ ਕੇ ਸਾਡੇ ਅਨੁਭਵਾਂ ਨੂੰ ਅਮੀਰ ਕਰਨ ਦੇ ਕੀ ਤਰੀਕੇ ਵਰਤੋਂ ਵਿੱਚ ਲਿਆਏ ਜਾਂਦੇ ਹਨ । ਉਹਨਾਂ ਨੇ ਆਪਣੇ ਭਾਸ਼ਣ ਦਾ ਸੰਬੰਧ ਖੇਤੀ ਨਾਲ ਜੋੜਦਿਆਂ ਦੱਸਿਆ ਕਿ ਖੇਤੀ ਖੇਤਰ ਵਿੱਚ ਬੂਟਿਆਂ ਦੀ ਪਛਾਣ, ਕੀੜਿਆਂ ਅਤੇ ਬਿਮਾਰੀਆਂ ਦੀ ਨਿਸ਼ਾਨਦੇਹੀ ਅਤੇ ਖੇਤ ਤਜ਼ਰਬਿਆਂ ਦੀ ਡਿਜ਼ਾਇਨਿੰਗ ਤੋਂ ਬਿਨਾਂ ਬਾਗਾਂ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਵਰਤੋਂ ਦੇ ਵਧੇਰੇ ਮੌਕੇ ਪਏ ਹਨ । ਇਸ ਦੀ ਮਿਸਾਲ ਵਜੋਂ ਉਹਨਾਂ ਨੇ ਦਵਾਈਆਂ, ਉਦਯੋਗ, ਇੰਜਨੀਅਰਿੰਗ, ਫੌਜ ਅਤੇ ਮਨੋਰੰਜਨ ਦੇ ਖੇਤਰ ਵਿੱਚ ਰੋਬੋਟਿਕਸ ਦੀ ਵਰਤੋਂ ਬਾਰੇ ਗੱਲ ਕੀਤੀ । ਉਹਨਾਂ ਨੇ ਇਹ ਵੀ ਦੱਸਿਆ ਕਿ ਮਸ਼ੀਨੀ ਰੋਬਟਾਂ ਦੀ ਵਰਤੋਂ ਨਾਲ ਖਾਦਾਂ ਅਤੇ ਰਸਾਇਣਾਂ ਦੇ ਛਿੜਕਾਅ, ਸਿੰਚਾਈ, ਫ਼ਸਲਾਂ ਦੀ ਵਾਢੀ, ਪੈਕਿੰਗ ਅਤੇ ਸਟੋਰਿੰਗ ਆਦਿ ਕੰਮਾਂ ਨੂੰ ਹੋਰ ਸੁਖਾਲਾ ਬਣਾਇਆ ਜਾ ਸਕਦਾ ਹੈ । ਪੀਏਯੂ ਦੇ ਵਾਈਸ ਚਾਂਸਲਰ ਪਦਮ ਸ੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਧਿਆਪਨ ਅਤੇ ਖੋਜ ਨੂੰ ਹੋਰ ਭਰਪੂਰ ਬਨਾਉਣ ਲਈ ਰੋਬੋਟਿਕਸ ਦੀ ਤਕਨੀਕ ਨੂੰ ਅਪਣਾਏ ਜਾਣ ਦੀ ਭਰਪੂਰ ਗੁਜਾਇੰਸ਼ ਹੈ । ਉਹਨਾਂ ਨੇ ਝੋਨੇ ਦੀ ਲੁਆਈ ਵਿੱਚ ਮਨੁੱਖੀ ਕਿਰਤ ਦੀ ਘਾਟ ਦੇ ਮੱਦੇਨਜ਼ਰ ਹੋਰ ਤਕਨੀਕੀ ਲੱਭਤਾਂ ਦੇ ਮੌਕਿਆਂ ਬਾਰੇ ਵੀ ਗੱਲ ਕੀਤੀ । ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਸਾਇੰਸ ਕਲੱਬ ਦੀਆਂ ਗਤੀਵਿਧੀਆਂ ਬਾਰੇ ਸਰੋਤਿਆਂ ਨੂੰ ਜਾਣੂੰ ਕਰਾਉਦਿਆਂ ਭਵਿੱਖ ਵਿੱਚ ਵੀ ਅਜਿਹੇ ਲਾਹੇਵੰਦ ਭਾਸ਼ਣ ਕਰਾਉਣ ਦੀ ਆਸ ਪ੍ਰਗਟ ਕੀਤੀ ।


Aarti dhillon

Content Editor

Related News